CAA ਤੋਂ ਬਾਅਦ ਰੋਹਿੰਗਿਆ ਨੂੰ ਭਵਿੱਖ ਦਾ ਡਰ, ਨਹੀਂ ਪਰਤਣਾ ਚਾਹੁੰਦੇ ਮਿਆਂਮਾਰ

12/22/2019 5:14:05 PM

ਨਵੀਂ ਦਿੱਲੀ (ਭਾਸ਼ਾ)— ਮਿਆਂਮਾਰ ਵਿਚ ਹਿੰਸਾ ਕਾਰਨ ਆਪਣੇ ਘਰ ਤੋਂ ਦੌੜ ਕੇ ਆਉਣ ਤੋਂ ਬਾਅਦ ਭਾਰਤ 'ਚ ਆਪਣੇ ਸ਼ੁਰੂਆਤੀ ਦਿਨਾਂ ਨੂੰ ਯਾਦ ਕਰਦੇ ਹੋਏ 18 ਸਾਲਾ ਰੋਹਿੰਗਿਆ ਮੁਸਲਮਾਨ ਰਹੀਮਾ ਨੇ ਦੱਸਿਆ ਕਿ ਹਰ ਦਿਨ ਨਵਾਂ ਸਵੇਰਾ ਦੇਖਣਾ ਕਿਸੇ ਨੇਮਤ ਤੋਂ ਘੱਟ ਨਹੀਂ ਸੀ, ਕਿਉਂਕਿ ਇਹ ਚਿੰਤਾ ਨਹੀਂ ਰਹਿੰਦੀ ਸੀ ਕਿ ਕੱਲ ਸੂਰਜ ਦੇਖਣ ਨੂੰ ਮਿਲੇਗਾ ਜਾਂ ਨਹੀਂ। ਉਸ ਨੂੰ ਲੱਗਦਾ ਸੀ ਕਿ ਇਕ ਬੁਰਾ ਵਕਤ ਗੁਜ਼ਰੇ ਜ਼ਮਾਨ ਦੀ ਗੱਲ ਹੈ ਪਰ ਉਸ ਨਹੀਂ ਪਤਾ ਸੀ ਕਿ ਇਹ ਡਰ ਫਿਰ ਪਰਤ ਕੇ ਆਵੇਗਾ। ਉਸ ਨੇ ਕਰਿਆਨੇ ਦੀ ਇਕ ਦੁਕਾਨ 'ਤੇ ਰੇਡੀਓ 'ਤੇ ਸੁਣਿਆ ਕਿ ਸਰਕਾਰ ਨਾਗਰਿਕਤਾ ਸੋਧ ਕਾਨੂੰਨ (ਸੀ. ਏ. ਏ.) ਲਿਆਈ ਹੈ ਅਤੇ ਇਸ ਦਾ ਕੀ ਮਤਲਬ ਹੈ।

ਆਪਣੇ ਦੋ ਭਰਾਵਾਂ ਨਾਲ 6 ਸਾਲ ਪਹਿਲਾਂ ਭਾਰਤ ਆਈ ਰਹੀਮਾ ਨੇ ਦੱਖਣੀ ਦਿੱਲੀ ਦੇ ਇਕ ਸ਼ਰਨਾਰਥੀ ਕੈਂਪ 'ਚ ਕਿਹਾ, ਹੌਲੀ-ਹੌਲੀ ਭਾਰਤ ਸਾਡਾ ਘਰ ਬਣ ਗਿਆ ਹੈ। ਉਸ ਨੇ ਕਿਹਾ ਕਿ ਸਾਡੇ ਲਈ ਸਥਿਤੀ ਉਸ ਵਿਅਕਤੀ ਤੋਂ ਕਿਤੇ ਜ਼ਿਆਦਾ ਬਦਤਰ ਹੋਵੇਗੀ, ਜਿਸ ਨੂੰ ਭਾਰਤੀ ਨਾਗਰਿਕਤਾ ਨਹੀਂ ਦਿੱਤੀ ਜਾਵੇਗੀ। ਸਾਨੂੰ ਇਕ ਅਜਿਹੇ ਦੇਸ਼ ਵਿਚ ਵਾਪਸ ਭੇਜ ਦਿੱਤਾ ਜਾਵੇਗਾ, ਜਿੱਥੇ ਅਸੀਂ ਹਿੰਸਾ ਤੋਂ ਦੌੜ ਕੇ ਆਏ ਸੀ ਅਤੇ ਉੱਥੇ ਪਰਤਣ ਦਾ ਮਤਲਬ ਸਾਡੇ ਲਈ ਡੈਥ ਵਾਰੰਟ ਤੋਂ ਘੱਟ ਨਹੀਂ ਹੈ। ਰਹੀਮਾ ਨੇ ਕਿਹਾ ਮੈਂ ਰਾਜਨੀਤੀ 'ਚ ਸ਼ਾਮਲ ਨਹੀਂ ਹੋਣਾ ਚਾਹੁੰਦੀ ਪਰ ਹੁਣ ਸਾਡੇ ਲਈ ਹਾਲਾਤ ਬਹੁਤ ਮੁਸ਼ਕਲ ਹੋ ਗਏ ਹਨ। ਇਕ ਅਨੁਮਾਨ ਮੁਤਾਬਕ ਭਾਰਤ 'ਚ 40,000 ਰੋਹਿੰਗਿਆ ਰਹਿ ਰਹੇ ਹਨ। ਇਨ੍ਹਾਂ ਵਿਚੋਂ ਜ਼ਿਆਦਾਤਰ ਦੇਸ਼ ਭਰ ਵਿਚ ਸ਼ਰਨਾਰਥੀ ਕੈਂਪਾਂ ਵਿਚ ਰਹਿ ਰਹੇ ਹਨ।

ਦੱਖਣੀ ਦਿੱਲੀ ਦੇ ਹੀ ਕੈਂਪ ਵਿਚ ਰਹਿਣ ਵਾਲੇ 22 ਸਾਲ ਸਲਾਮ ਨੇ ਕਿਹਾ ਕਿ ਉਸ ਨੂੰ ਮਿਆਂਮਾਰ ਦੇ ਉੱਤਰ ਰਾਖਿਨ ਸੂਬੇ 'ਚ ਆਪਣੇ ਪਿੰਡ ਤੋਂ ਰਾਤੋਂ-ਰਾਤ ਦੌੜਨਾ ਪਿਆ ਸੀ ਕਿਉਂਕਿ ਫੌਜ ਨੇ ਉਸ ਦਾ ਘਰ ਸਾੜ ਦਿੱਤਾ ਸੀ, ਉਸ ਦੇ ਪਰਿਵਾਰ ਦੇ ਮੈਂਬਰਾਂ ਦੀ ਹੱਤਿਆ ਕਰ ਦਿੱਤੀ ਗਈ ਅਤੇ ਉਸ ਨੂੰ ਧਮਕੀ ਦਿੱਤੀ ਸੀ। ਉਸ ਨੇ ਬੁਰੇ ਦੌਰ ਦੀਆਂ ਤਕਲੀਫਾਂ ਨੂੰ ਯਾਦ ਕਰਦੇ ਹੋਏ ਦੱਸਿਆ ਕਿ ਮੈਂ ਆਪਣੇ ਪਿੰਡ ਦੇ ਕਰੀਬ 35 ਲੋਕਾਂ ਨਾਲ ਪੈਦਲ ਬੰਗਲਾਦੇਸ਼ ਪੁੱਜਾ। ਮੈਂ ਕਾਕਸ ਬਜ਼ਾਰ ਗਿਆ ਅਤੇ ਭਾਰਤ ਆਉਣ ਤੋਂ ਪਹਿਲਾਂ ਮਜ਼ਦੂਰੀ ਕੀਤੀ। ਸਲਾਮ ਨੇ ਕਿਹਾ ਕਿ ਜਦੋਂ ਤੋਂ ਉਸ ਨੇ ਘਰ ਛੱਡਿਆ ਉਦੋਂ ਹਾਲਾਤ ਬੇਹੱਦ ਖਰਾਬ ਹੁੰਦੇ ਗਏ। ਉਸ ਨੇ ਕਿਹਾ ਕਿ ਮੈਂ ਜਦੋਂ ਆਪਣੇ ਪਿੰਡ 'ਚੋਂ ਦੌੜਿਆ ਸੀ ਤਾਂ ਮੇਰੇ ਕੋਲ ਬਸ ਓਨੇ ਹੀ ਕੱਪੜੇ ਸਨ, ਜੋ ਮੈਂ ਪਹਿਨੇ ਹੋਏ ਸਨ। ਕੋਈ ਵੀ ਆਪਣੇ ਘਰ 'ਚੋਂ ਦੌੜਨਾ ਨਹੀਂ ਚਾਹੁੰਦਾ ਪਰ ਸਾਨੂੰ ਦੌੜਨ ਲਈ ਮਜਬੂਰ ਕੀਤਾ ਗਿਆ। ਹੁਣ ਸਾਨੂੰ ਫਿਰ ਤੋਂ ਘਰ ਨੂੰ ਛੱਡਣ ਲਈ ਮਜਬੂਰ ਕੀਤਾ ਜਾਵੇਗਾ, ਜੋ ਅਸੀਂ ਭਾਰਤ ਵਿਚ ਬਣਾਇਆ।
ਸੋਧ ਕਾਨੂੰਨ ਮੁਤਾਬਕ 31 ਦਸੰਬਰ 2014 ਤੱਕ ਪਾਕਿਸਤਾਨ, ਬੰਗਲਾਦੇਸ਼ ਅਤੇ ਅਫਗਾਨਿਸਤਾਨ ਤੋਂ ਧਾਰਮਿਕ ਪਰੇਸ਼ਾਨੀ ਕਰ ਕੇ ਦੌੜ ਕੇ ਆਏ ਹਿੰਦੂ, ਸਿੱਖ, ਈਸਾਈ, ਬੌਧ, ਪਾਰਸੀ ਅਤੇ ਜੈਨ ਭਾਈਚਾਰੇ ਦੇ ਲੋਕਾਂ ਨੂੰ ਭਾਰਤੀ ਨਾਗਰਿਕਤਾ ਦਿੱਤੀ ਜਾਵੇਗੀ। ਇਸ ਮਹੀਨੇ ਦੀ ਸ਼ੁਰੂਆਤ ਵਿਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੰਸਦ ਵਿਚ ਕਿਹਾ ਸੀ ਕਿ ਰੋਹਿੰਗਿਆ ਨੂੰ ਭਾਰਤ ਦੇ ਨਾਗਰਿਕ ਕਦੇ ਸਵੀਕਾਰ ਨਹੀਂ ਕੀਤਾ ਜਾਵੇਗਾ।


Tanu

Content Editor

Related News