ਪ੍ਰਿਯੰਕਾ ਕਾਬਿਲ ਹਨ ਅਤੇ ਪਾਰਟੀ ਉਨ੍ਹਾਂ ਲਈ ਬਿਹਤਰ ਯੋਜਨਾ ਬਣਾਏਗੀ : ਰਾਬਰਟ ਵਡੇਰਾ

Monday, Aug 14, 2023 - 01:16 PM (IST)

ਪ੍ਰਿਯੰਕਾ ਕਾਬਿਲ ਹਨ ਅਤੇ ਪਾਰਟੀ ਉਨ੍ਹਾਂ ਲਈ ਬਿਹਤਰ ਯੋਜਨਾ ਬਣਾਏਗੀ : ਰਾਬਰਟ ਵਡੇਰਾ

ਨਵੀਂ ਦਿੱਲੀ, (ਭਾਸ਼ਾ)- ਕਾਂਗਰਸ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਦੇ ਜਵਾਈ ਰਾਬਰਟ ਵਡੇਰਾ ਨੇ ਕਿਹਾ ਹੈ ਕਿ ਉਨ੍ਹਾਂ ਦੀ ਪਤਨੀ ਪ੍ਰਿਯੰਕਾ ਗਾਂਧੀ ‘ਬਹੁਤ ਵਧੀਆ’ ਸੰਸਦ ਮੈਂਬਰ ਸਾਬਤ ਹੋਵੇਗੀ ਅਤੇ ਉਮੀਦ ਪ੍ਰਗਟਾਈ ਕਿ ਪਾਰਟੀ ਉਨ੍ਹਾਂ ਲਈ ਬਿਹਤਰ ਯੋਜਨਾ ਬਣਾਏਗੀ।

ਵਡੇਰਾ ਨੇ ਕਿਹਾ, ‘‘ਉਨ੍ਹਾਂ ਨੂੰ (ਪ੍ਰਿਯੰਕਾ ਨੂੰ) ਯਕੀਨੀ ਤੌਰ ’ਤੇ ਲੋਕ ਸਭਾ ’ਚ ਹੋਣਾ ਚਾਹੀਦਾ ਹੈ। ਉਨ੍ਹਾਂ ਕੋਲ ਕਾਬਲੀਅਤ ਹੈ। ਉਹ ਬਹੁਤ ਵਧੀਆ ਸੰਸਦ ਮੈਂਬਰ ਸਾਬਤ ਹੋਣਗੀਆਂ ਅਤੇ ਉਹ ਉੱਥੇ ਹੋਣ ਦੀ ਹੱਕਦਾਰ ਹੈ। ਮੈਨੂੰ ਉਮੀਦ ਹੈ ਕਿ ਕਾਂਗਰਸ ਪਾਰਟੀ ਇਸ ਨੂੰ ਧਿਆਨ ’ਚ ਰੱਖਦੇ ਹੋਏ ਉਨ੍ਹਾਂ ਲਈ ਬਿਹਤਰ ਯੋਜਨਾ ਬਣਾਏਗੀ।’’

ਵਡੇਰਾ ਨੇ ਸੰਸਦ ’ਚ ਉਨ੍ਹਾਂ ਦਾ ਨਾਂ ਉਦਯੋਗਪਤੀ ਗੌਤਮ ਅਡਾਨੀ ਦੇ ਨਾਲ ਜੋੜਨ ਲਈ ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸਮ੍ਰਿਤੀ ਈਰਾਨੀ ’ਤੇ ਵਾਰ ਕੀਤਾ।

ਵਡੇਰਾ ਨੇ ਕਿਹਾ ਕਿ ਉਹ ਰਾਜਨੀਤੀ ਤੋਂ ਦੂਰ ਰਹਿੰਦੇ ਹਨ ਪਰ ਜੇਕਰ ਕਿਤੇ ਮੇਰਾ ਨਾਂ ਆਵੇਗਾ ਤਾਂ ਮੈਂ ਬੋਲਾਂਗਾ, ਕਿਉਂਕਿ ਜੇਕਰ ਉਹ ਕੁਝ ਕਹਿੰਦੇ ਹਨ, ਤਾਂ ਉਨ੍ਹਾਂ ਨੂੰ ਉਸ ਦਾ ਸਬੂਤ ਵੀ ਦੇਣਾ ਹੋਵੇਗਾ। ਰਾਬਰਟ ਵਡੇਰਾ ਨੇ ਕਿਹਾ, ‘‘ਮੈਂ ਉਨ੍ਹਾਂ ਨੂੰ ਚੁਣੌਤੀ ਦਿੰਦਾ ਹਾਂ ਕਿ ਜੇਕਰ ਉਹ ਮੇਰਾ ਨਾਂ ਲੈਣਗੇ ਅਤੇ ਮੇਰੀ ਤਸਵੀਰ ਲਾਉਣਗੇ, ਤਾਂ ਕ੍ਰਿਪਾ ਕਰ ਕੇ ਮੈਨੂੰ ਕੁਝ ਅਜਿਹਾ ਵਿਖਾਓ ਜੋ ਮੈਂ ਅਡਾਨੀ ਨਾਲ ਕੀਤਾ ਹੋਵੇ, ਜੇਕਰ ਕੋਈ ਗਲਤ ਕੰਮ ਹੋਇਆ ਹੈ ਤਾਂ ਮੈਂ ਉਸ ਨੂੰ ਵੇਖਾਂਗਾ ਅਤੇ ਜੇਕਰ (ਕੋਈ ਗਲਤ ਕੰਮ) ਨਹੀਂ ਹੋਇਆ ਹੈ ਤਾਂ ਉਨ੍ਹਾਂ ਨੂੰ ਮੁਆਫੀ ਮੰਗਣੀ ਹੋਵੇਗੀ ਅਤੇ ਉਸ ਨੂੰ ਵਾਪਸ ਲੈਣਾ ਹੋਵੇਗਾ।’’

ਉਨ੍ਹਾਂ ਕਿਹਾ, ‘‘ਸਾਡੇ ਕੋਲ ਉਹ ਤਸਵੀਰ ਹੈ, ਜਿਸ ’ਚ ਸਾਡੇ ਆਪਣੇ ਪ੍ਰਧਾਨ ਮੰਤਰੀ ਅਡਾਨੀ ਦੇ ਜਹਾਜ਼ ’ਚ ਬੈਠੇ ਨਜ਼ਰ ਆ ਰਹੇ ਹਨ। ਸਾਨੂੰ ਉਸ ਬਾਰੇ ਸਵਾਲ ਕਿਉਂ ਨਹੀਂ ਪੁੱਛਣਾ ਚਾਹੀਦਾ ਹੈ ਅਤੇ ਰਾਹੁਲ (ਗਾਂਧੀ) ਕੀ ਪੁੱਛ ਰਹੇ ਹਨ? ਅਤੇ ਇਨ੍ਹਾਂ ਸਵਾਲਾਂ ਦਾ ਜਵਾਬ ਕਿਉਂ ਨਹੀਂ ਦਿੱਤਾ ਜਾਂਦਾ।’’


author

Rakesh

Content Editor

Related News