ਸਮਾਂ ਆਉਣ ’ਤੇ ਪ੍ਰਿਅੰਕਾ ਪ੍ਰਧਾਨ ਮੰਤਰੀ ਬਣੇਗੀ, ਇਹ ਪੱਕਾ ਹੈ : ਰਾਬਰਟ ਵਢੇਰਾ
Tuesday, Dec 23, 2025 - 09:00 PM (IST)
ਨਵੀਂ ਦਿੱਲੀ, (ਭਾਸ਼ਾ)- ਕਾਰੋਬਾਰੀ ਰਾਬਰਟ ਵਢੇਰਾ ਨੇ ਮੰਗਲਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਪਤਨੀ ਪ੍ਰਿਅੰਕਾ ਗਾਂਧੀ ਵਢੇਰਾ ਦਾ ਸਿਆਸਤ ਵਿਚ ਭਵਿੱਖ ਉੱਜਵਲ ਹੈ ਅਤੇ ਇਕ ਸਮਾਂ ਆਵੇਗਾ ਜਦੋਂ ਲੋਕ ਉਸਨੂੰ ਉੱਚ ਅਹੁਦੇ ’ਤੇ ਦੇਖਣਾ ਚਾਹੁਣਗੇ। ਉਹ ਉਨ੍ਹਾਂ ਰਿਪੋਰਟਾਂ ’ਤੇ ਪ੍ਰਤੀਕਿਰਿਆ ਦੇ ਰਹੇ ਸਨ ਜਿਨ੍ਹਾਂ ਵਿਚ ਕਾਂਗਰਸ ਸੰਸਦ ਮੈਂਬਰ ਇਮਰਾਨ ਮਸੂਦ ਨੇ ਬੰਗਲਾਦੇਸ਼ ਦੀ ਸਥਿਤੀ ਦਾ ਹਵਾਲਾ ਦਿੰਦੇ ਹੋਏ ਕਿਹਾ ਸੀ ਕਿ ਪ੍ਰਿਅੰਕਾ ਗਾਂਧੀ ਆਪਣੀ ਦਾਦੀ ਇੰਦਰਾ ਗਾਂਧੀ ਵਾਂਗ ਇਕ ਮਜ਼ਬੂਤ ਪ੍ਰਧਾਨ ਮੰਤਰੀ ਸਾਬਤ ਹੋਵੇਗੀ।
ਮਸੂਦ ਦੀ ਟਿੱਪਣੀ ਬਾਰੇ ਪੁੱਛੇ ਜਾਣ ’ਤੇ ਵਢੇਰਾ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਪ੍ਰਿਅੰਕਾ ਨੇ ਵੀ ਆਪਣੀ ਦਾਦੀ (ਇੰਦਰਾ ਗਾਂਧੀ), ਆਪਣੇ ਪਿਤਾ (ਰਾਜੀਵ ਗਾਂਧੀ), ਸੋਨੀਆ ਜੀ ਅਤੇ ਆਪਣੇ ਭਰਾ (ਰਾਹੁਲ ਗਾਂਧੀ) ਤੋਂ ਵੀ ਬਹੁਤ ਕੁਝ ਸਿੱਖਿਆ ਹੈ। ਲੋਕ ਉਨ੍ਹਾਂ ਦੀ ਪ੍ਰਸ਼ੰਸਾ ਕਰਦੇ ਹਨ। ਲੋਕ ਦੇਖਦੇ ਹਨ ਕਿ ਉਸ ਵਿਚ ਕੀ ਹੈ...ਜਦੋਂ ਉਹ ਬੋਲਦੀ ਹੈ ਤਾਂ ਦਿਲ ਤੋਂ ਬੋਲਦੀ ਹੈ। ਉਹ ਉਨ੍ਹਾਂ ਵਿਸ਼ਿਆਂ ’ਤੇ ਬੋਲਦੀ ਹੈ ਜਿਨ੍ਹਾਂ ਨੂੰ ਅਸਲ ਵਿਚ ਸੁਣਨ ਦੀ ਲੋੜ ਹੈ ਅਤੇ ਉਹ ਉਨ੍ਹਾਂ ’ਤੇ ਬਹਿਸ ਕਰਦੀ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਸਿਆਸਤ ਵਿਚ ਉਸਦਾ ਭਵਿੱਖ ਉੱਜਵਲ ਹੈ ਅਤੇ ਇਸ ਦੇਸ਼ ਵਿਚ ਜ਼ਮੀਨੀ ਪੱਧਰ ’ਤੇ ਲੋੜੀਂਦੀ ਤਬਦੀਲੀ ਲਿਆਉਣ ਵਿਚ ਵੀ ਉਸਦਾ ਭਵਿੱਖ ਉੱਜਵਲ ਹੈ... ਮੈਨੂੰ ਇਹ ਵੀ ਲੱਗਦਾ ਹੈ ਕਿ ਇਹ ਸਮਾਂ ਆਉਣ ’ਤੇ ਹੋਵੇਗਾ, ਇਹ ਪੱਕਾ ਹੈ। ਚੋਣਾਂ ਵਿਚ ਕਾਂਗਰਸ ਦੀ ਲਗਾਤਾਰ ਹਾਰ ਕਾਰਨ ਕਾਂਗਰਸ ਦੇ ਇਕ ਵਰਗ ਵੱਲੋਂ ਅਕਸਰ ਪ੍ਰਿਅੰਕਾ ਗਾਂਧੀ ਲਈ ਵੱਡੀ ਭੂਮਿਕਾ ਦੀ ਮੰਗ ਕੀਤੀ ਜਾਂਦੀ ਰਹੀ ਹੈ।
