20 ਸਾਲ ਦੇ ਮੁੰਡੇ ਨੇ ਇਕੱਲਿਆਂ ਹੀ ਸਾਫ਼ ਕਰ''ਤੀ ਪੂਰੀ ਨਦੀ ! ਹੁਣ ਇਸ ਕੰਪਨੀ ਦੇ CEO ਨੇ ਦਿੱਤਾ Job Offer
Saturday, Sep 05, 2026 - 02:02 PM (IST)
ਰਾਜਗੜ੍ਹ- ਮੱਧ ਪ੍ਰਦੇਸ਼ ਦੇ ਰਾਜਗੜ੍ਹ ਜ਼ਿਲ੍ਹੇ ਦੇ ਬਿਆਵਰਾ 'ਚ ਅਜਨਾਰ ਨਦੀ ਨੂੰ ਇਕੱਲੇ ਸਾਫ਼ ਕਰਨ ਵਾਲੇ 20 ਸਾਲਾ ਸੁਰੇਂਦਰ ਸਿੰਘ ਚੌਧਰੀ ਉਰਫ਼ ਬਿੱਟੂ ਤਬਾਹੀ ਨੇ ਅੰਤਰਰਾਸ਼ਟਰੀ ਪੱਧਰ 'ਤੇ ਵੀ ਆਪਣੇ ਪਛਾਣ ਬਣਾ ਲਈ ਹੈ। ਬਿੱਟੂ ਤਬਾਹੀ ਨੇ ਇਕੱਲੇ ਹੀ ਨਦੀ ਤੋਂ ਪਲਾਸਟਿਕ ਅਤੇ ਦੂਜਾ ਕੂੜਾ ਹਟਾ ਦਿੱਤਾ। ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਉਸ ਦੀ ਸਫ਼ਾਈ ਮੁਹਿੰਮ ਦੇ ਵੀਡੀਓ ਅਤੇ 'ਪਹਿਲਾਂ ਤੇ ਬਾਅਦ' ਦੀਆਂ ਤਸਵੀਰਾਂ ਵਾਇਰਲ ਹੋਈਆਂ, ਜਿਸ ਨਾਲ ਉਸ ਦੇ ਕੰਮ ਬਾਰੇ ਜ਼ਿਆਦਾ ਲੋਕਾਂ ਨੂੰ ਪਤਾ ਲੱਗਾ। ਇਕੱਲੇ ਹੀ ਪੂਰੀ ਨਦੀ ਨੂੰ ਸਾਫ਼ ਕਰਨ ਵਾਲੇ ਬਿੱਟੂ ਨਾਲ ਮੁੱਖ ਮੰਤਰੀ ਮੋਹਨ ਯਾਦਵ ਨੇ ਮੁਲਾਕਾਤ ਕੀਤੀ। ਬਿੱਟੂ ਦੇ ਕੰਮ ਦੀ ਸ਼ਲਾਘਾ ਕਰਦੇ ਹੋਏ ਸੀਐੱਮ ਨੇ ਕਿਹਾ ਕਿ ਉਨ੍ਹਾਂ ਨੂੰ ਸਿਰਫ਼ ਨਦੀ ਦੀ ਸਫ਼ਾਈ ਨਹੀਂ ਕੀਤੀ ਸਗੋਂ ਸਮਾਜ ਨੂੰ ਇਹ ਭਰੋਸਾ ਵੀ ਦਿਵਾਇਆ ਕਿ ਤਬਦੀਲੀ ਲਈ ਭੀੜ ਨਹੀਂ ਇਕ ਸੱਚੀ ਪਹਿਲ ਕਾਫ਼ੀ ਹੈ।
20 ਸਾਲਾ ਬੀਐੱਸਸੀ ਵਿਦਿਆਰਥੀ ਸੁਰੇਂਦਰ ਸਿੰਘ ਚੌਧਰੀ ਦੇ ਇਸ ਕੰਮ 'ਤੇ 'ਦਿ ਓਸ਼ੀਅਨ ਕਲੀਨਅੱਪ' ਦੇ ਫਾਊਂਡਰ ਅਤੇ ਮੁੱਖ ਕਾਰਜਕਾਰੀ (ਸੀਈਓ) ਬੋਇਨ ਸਲੈਟ ਦੀ ਨਜ਼ਰ ਪਈ ਅਤੇ ਉਨ੍ਹਾਂ ਨੇ ਬਿੱਟੂ ਤਬਾਹੀ ਨੂੰ ਆਪਣੀ ਸੰਸਥਾ 'ਚ ਸ਼ਾਮਲ ਹੋਣ ਦਾ ਸੱਦਾ ਦਿੱਤਾ। ਨੀਦਰਲੈਂਡਸ 'ਚ ਸਥਿਤ ਇਹ ਸੰਸਥਾ ਸਮੁੰਦਰਾਂ ਅਤੇ ਨਦੀਆਂ 'ਚ ਪਲਾਸਟਿਕ ਪ੍ਰਦੂਸ਼ਣ ਦੀ ਸਮੱਸਿਆ ਨਾਲ ਨਜਿੱਠਣ ਦਾ ਕੰਮ ਕਰਦੀ ਹੈ।
ਅਜਨਾਰ ਨਦੀ ਰਾਜਗੜ੍ਹ ਜ਼ਿਲ੍ਹੇ ਦੇ ਆਂਦਲਹੇੜਾ ਪਿੰਡ ਤੋਂ ਨਿਕਲਦੀ ਹੈ। ਕਦੇ ਇਸ ਦਾ ਪਾਣੀ ਪੀਣ ਅਤੇ ਸਿੰਚਾਈ ਦੇ ਕੰਮ ਆਉਂਦਾ ਸੀ ਪਰ ਵਧਦੀ ਆਬਾਦੀ ਅਤੇ ਲਾਪਰਵਾਹੀ ਕਾਰਨ ਨਦੀ ਗੰਦੇ ਨਾਲੇ 'ਚ ਬਦਲ ਗਈ। ਇਸ 'ਚ ਪਲਾਸਟਿਕ, ਸੜਿਆ ਹੋਇਆ ਕੂੜਾ ਇਕੱਠਾ ਸੀ। ਬੱਦਬੂ ਕਾਰਨ ਕਿਨਾਰੇ ਖੜ੍ਹੇ ਹੋਣਾ ਮੁਸ਼ਕਲ ਸੀ। ਨਦੀ ਨੂੰ ਬਚਾਉਣ ਲਈ ਸਥਾਨਕ ਲੋਕ 90 ਕਿਲੋਮੀਟਰ ਲੰਬੀ ਪੈਦਲ ਯਾਤਰਾ ਵੀ ਕਰ ਚੁੱਕੇ ਹਨ। ਭਾਰੀ ਪ੍ਰਦੂਸ਼ਣ ਕਾਰਨ ਨਦੀ ਦਾ ਕੁਦਰਤੀ ਸੰਤੁਲਨ ਵਿਗੜ ਗਿਆ ਸੀ।
ਬਿੱਟੂ ਨੇ ਇਸ ਸਾਲ 26 ਜਨਵਰੀ ਨੂੰ ਅਜਨਾਰ ਨਦੀ ਨੂੰ ਉਸ ਦਾ ਪੁਰਾਣਾ ਅਤੇ ਸਵੱਛ ਰੂਪ ਦੇਣ ਦਾ ਸੰਕਲਪ ਲਿਆ। ਸ਼ੁਰੂਆਤ 'ਚ ਕੁਝ ਦੋਸਤ ਵੀ ਉਸ ਨਾਲ ਆਏ ਪਰ ਮੁਸ਼ਕਲ ਅਤੇ ਥਕਾਵਟ ਭਰੇ ਕੰਮ ਕਾਰਨ ਉਹ ਹੌਲੀ-ਹੌਲੀ ਪਿੱਛੇ ਹਟ ਗਏ। ਇਸ ਤੋਂ ਬਾਅਦ ਬਿੱਟੂ ਨੇ ਇਕੱਲੇ ਹੀ ਸਫ਼ਾਈ ਜਾਰੀ ਰੱਖੀ। ਉਹ ਰੋਜ਼ ਸਵੇਰੇ ਨਦੀ 'ਚ ਉਤਰਦਾ ਅਤੇ ਘੰਟਿਆਂ ਤੱਕ ਪਾਣੀ 'ਚ ਰਹਿ ਕੇ ਹੱਥਾਂ ਨਾਲ ਕੂੜਾ ਕੱਢਦਾ ਰਹਿੰਦਾ। ਕਰੀਬ ਤਿੰਨ ਮਹੀਨਿਆਂ ਦੀ ਮਿਹਨਤ ਤੋਂ ਬਾਅਦ ਨਦੀ ਦੀ ਤਸਵੀਰ ਬਦਲ ਗਈ। ਹੁਣ ਇੱਥੇ ਕੂੜੇ ਦੀ ਜਗ੍ਹਾ ਸਾਫ਼ ਪਾਣੀ ਨਜ਼ਰ ਆਉਂਦਾ ਹੈ।
ਬਿੱਟੂ ਨੇ ਨਦੀ ਦੀ ਸਫ਼ਾਈ 'ਚ ਆਪਣਾ ਸਮਾਂ ਅਤੇ ਮਿਹਨਤ ਲਗਾਉਣ ਦੇ ਨਾਲ ਪੈਸੇ ਵੀ ਖਰਚ ਕੀਤੇ। ਨਦੀ ਦੇ ਡੂੰਘੇ ਹਿੱਸਿਆਂ 'ਚ ਭਾਰੀ ਕੂੜਾ ਕੱਢਣ ਲਈ ਉਸ ਨੇ ਆਪਣੇ ਜੇਬ 'ਚੋਂ ਰੁਪਏ ਖਰਚ ਕਰ ਕੇ ਜੇਸੀਬੀ ਮਸ਼ੀਨ ਲਗਵਾਈ। ਬਿੱਟੂ ਨੇ ਨਦੀ ਦੀ ਸਫ਼ਾਈ ਤੋਂ ਪਹਿਲੇ ਅਤੇ ਬਾਅਦ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ, ਜੋ ਵਾਇਰਲ ਹੋ ਗਈਆਂ। ਉਦਯੋਗਪਤੀ ਆਨੰਦ ਮਹਿੰਦਰਾ ਨੇ ਵੀ ਉਸ ਦੀ ਪਹਿਲ ਦੀ ਤਾਰੀਫ਼ ਕੀਤੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
