ਤ੍ਰਿਣਮੂਲ ਦੇ 20 ਬਾਗੀ ਸੰਸਦ ਮੈਂਬਰਾਂ ਨੇ ਮੰਗਿਆ 15 ਦਿਨਾਂ ਦਾ ਸਮਾਂ, ਲੋਕ ਸਭਾ ਸਪੀਕਰ ਦੇ ਨੋਟਿਸ ਦਾ ਨਹੀਂ ਦਿੱਤਾ ਜਵਾਬ
Thursday, Oct 08, 2026 - 06:37 PM (IST)
ਕੋਲਕਾਤਾ, (ਏਜੰਸੀ)-ਸੰਸਦ ਮੈਂਬਰ ਕਾਕੋਲੀ ਘੋਸ਼ ਦਸਤੀਦਾਰ ਨੇ ਵੀਰਵਾਰ ਨੂੰ ਕਿਹਾ ਕਿ ਨੈਸ਼ਨਲਿਸਟ ਸਿਟੀਜ਼ਨ ਪਾਰਟੀ ਆਫ਼ ਇੰਡੀਆ (ਐੱਨ. ਸੀ. ਪੀ. ਆਈ.) ਨਾਲ ਜੁੜਨ ਵਾਲੇ ਤ੍ਰਿਣਮੂਲ ਕਾਂਗਰਸ ਦੇ 20 ਬਾਗੀ ਸੰਸਦ ਮੈਂਬਰਾਂ ਨੇ ਦਲਬਦਲ ਵਿਰੋਧੀ ਕਾਨੂੰਨ ਤਹਿਤ ਉਨ੍ਹਾਂ ਨੂੰ ਅਯੋਗ ਠਹਿਰਾਉਣ ਦੀ ਅਪੀਲ ਵਾਲੀ ਪਟੀਸ਼ਨ ’ਤੇ ਲੋਕ ਸਭਾ ਸਪੀਕਰ ਓਮ ਬਿਰਲਾ ਵੱਲੋਂ ਜਾਰੀ ਨੋਟਿਸ ਦਾ ਜਵਾਬ ਦੇਣ ਲਈ 15 ਦਿਨਾਂ ਦਾ ਵਾਧੂ ਸਮਾਂ ਦੇਣ ਦੀ ਮੰਗ ਕੀਤੀ ਹੈ। ਇਹ ਕਦਮ ਅਜਿਹੇ ਸਮੇਂ ਚੁੱਕਿਆ ਗਿਆ ਹੈ ਜਦੋਂ ਨੋਟਿਸ ਦਾ ਜਵਾਬ ਭੇਜਣ ਲਈ ਦਿੱਤੀ ਗਈ ਸਮਾਂ-ਹੱਦ 8 ਅਕਤੂਬਰ ਨੂੰ ਖ਼ਤਮ ਹੋ ਰਹੀ ਹੈ। ਬਾਗੀ ਸੰਸਦ ਮੈਂਬਰਾਂ ਵਿਚ ਸ਼ਾਮਲ ਘੋਸ਼ ਦਸਤੀਦਾਰ ਨੇ ਕਿਹਾ ਕਿ ਸੰਸਦ ਮੈਂਬਰ ਹੁਣ ਤੱਕ ਜਵਾਬ ਤਿਆਰ ਕਰਨ ਲਈ ਜ਼ਰੂਰੀ ਸਾਰੇ ਦਸਤਾਵੇਜ਼ ਇਕੱਠੇ ਨਹੀਂ ਕਰ ਸਕੋ ਹਨ, ਇਸ ਲਈ ਉਨ੍ਹਾਂ ਨੇ ਲੋਕ ਸਭਾ ਸਕੱਤਰੇਤ ਤੋਂ ਹੋਰ ਸਮਾਂ ਦੇਣ ਦੀ ਅਪੀਲ ਕੀਤੀ ਹੈ।
ਘੋਸ਼ ਦਸਤੀਦਾਰ ਨੇ ਦੱਸਿਆ ਕਿ ਜਵਾਬ ਭੇਜਣ ਦੀ ਸਾਡੀ ਸਮਾਂ-ਹੱਦ ਅੱਜ ਖ਼ਤਮ ਹੋਣ ਵਾਲੀ ਹੈ। ਅਸੀਂ ਲੋਕ ਸਭਾ ਸਪੀਕਰ ਨੂੰ ਪੱਤਰ ਲਿਖ ਕੇ 15 ਦਿਨਾਂ ਦਾ ਹੋਰ ਸਮਾਂ ਦੇਣ ਦੀ ਅਪੀਲ ਕੀਤੀ ਹੈ। ਹਾਲਾਂਕਿ, ਸਮਾਂ-ਹੱਦ ਨੇੜੇ ਆਉਣ ਤੱਕ ਉਨ੍ਹਾਂ ਦੀ ਕਾਨੂੰਨੀ ਟੀਮ ਜਵਾਬ ਤਿਆਰ ਨਹੀਂ ਕਰ ਸਕੀ, ਜਿਸ ਤੋਂ ਬਾਅਦ ਸੰਸਦ ਮੈਂਬਰਾਂ ਨੇ ਵਾਧੂ ਸਮੇਂ ਦੀ ਅਪੀਲ ਕੀਤੀ ਹੈ। ਦਲਬਦਲ ਵਿਰੋਧੀ ਉਪਬੰਧਾਂ ਤਹਿਤ ਸੰਸਦ ਮੈਂਬਰਾਂ ਖ਼ਿਲਾਫ ਕਾਰਵਾਈ ਦੀ ਅਪੀਲ ਵਾਲੀ ਪਟੀਸ਼ਨ ਤੋਂ ਬਾਅਦ ਅਯੋਗਤਾ ਸਬੰਧੀ ਨੋਟਿਸ ਜਾਰੀ ਕੀਤੇ ਗਏ ਸਨ। ਬਾਗੀ ਸੰਸਦ ਮੈਂਬਰਾਂ ਨੇ ਕਿਹਾ ਕਿ ਤ੍ਰਿਣਮੂਲ ਕਾਂਗਰਸ ਛੱਡਣ ਅਤੇ ਐੱਨ. ਸੀ. ਪੀ. ਆਈ. ਨਾਲ ਜੁੜਨ ਦੇ ਉਨ੍ਹਾਂ ਦੇ ਫ਼ੈਸਲੇ ਨਾਲ ਅਯੋਗਤਾ ਦਾ ਉਪਬੰਧ ਲਾਗੂ ਨਹੀਂ ਹੁੰਦਾ।
