ਏਮਜ਼ ਦੀ ਸਟੱਡੀ ਵਿਚ ਖੁਲਾਸਾ: ਪਰਾਲੀ ਦੇ ਧੂੰਏਂ ਨਾਲ ਵਧ ਰਿਹੈ 15 ਫੀਸਦੀ ਹਾਈ ਬਲੱਡ ਪ੍ਰੈਸ਼ਰ ਦਾ ਖਤਰਾ
Friday, May 29, 2026 - 03:54 AM (IST)
ਨਵੀਂ ਦਿੱਲੀ - ਉੱਤਰ ਭਾਰਤ ’ਚ ਹਰ ਸਾਲ ਸਰਦੀਆਂ ਦੇ ਮੌਸਮ ਵਿਚ ਪਰਾਲੀ ਸਾੜਨ ਨਾਲ ਪੈਦਾ ਹੋਣ ਵਾਲਾ ਧੂੰਆਂ ਹੁਣ ਸਿਰਫ ਸਾਹ ਦੀ ਬੀਮਾਰੀ ਤੱਕ ਸੀਮਤ ਨਹੀਂ ਰਹਿ ਗਿਆ ਹੈ, ਸਗੋਂ ਇਹ ਸਿੱਧਾ ਲੋਕਾਂ ਦੇ ਦਿਲ ’ਤੇ ਹਮਲਾ ਕਰ ਰਿਹਾ ਹੈ।
ਅਖਿਲ ਭਾਰਤੀ ਆਯੁਰਵਿਗਿਆਨ ਸੰਸਥਾਨ (ਏਮਜ਼) ਅਤੇ ਭਾਰਤੀ ਤਕਨਾਲੋਜੀ ਸੰਸਥਾਨ (ਆਈ. ਆਈ. ਟੀ.) ਦਿੱਲੀ ਦੀ ਇਕ ਸਾਂਝੀ ਸਟੱਡੀ ਵਿਚ ਇਹ ਹੈਰਾਨੀਜਨਕ ਖੁਲਾਸਾ ਹੋਇਆ ਹੈ ਕਿ ਪਰਾਲੀ ਦੇ ਧੂੰਏਂ ਅਤੇ ਵਧਦੇ ਪੀ. ਐੱਮ.-5 ਪ੍ਰਦੂਸ਼ਣ ਦੇ ਕਾਰਨ ਲੋਕਾਂ ’ਚ ਹਾਈ ਬਲੱਡ ਪ੍ਰੈਸ਼ਰ ਦਾ ਖਤਰਾ ਕਰੀਬ 15 ਫੀਸਦੀ ਤੱਕ ਵਧ ਗਿਆ ਹੈ।
ਮਾਹਿਰਾਂ ਨੇ ਚਿਤਾਵਨੀ ਦਿੱਤੀ ਹੈ ਕਿ ਦਿੱਲੀ-ਐੱਨ. ਸੀ. ਆਰ. ਸਮੇਤ ਉੱਤਰ ਭਾਰਤ ਦੇ ਕਈ ਸ਼ਹਿਰਾਂ ’ਚ ਸਰਦੀਆਂ ਦੌਰਾਨ ਪੀ. ਐੱਮ.-5 ਦਾ ਪੱਧਰ ਆਮ ਪੱਧਰ ਤੋਂ ਕਈ ਗੁਣਾ ਉੱਪਰ ਪਹੁੰਚ ਜਾਂਦਾ ਹੈ, ਜੋ ਇਕ ਵੱਡੇ ਸਿਹਤ ਸੰਕਟ ਵੱਲ ਇਸ਼ਾਰਾ ਕਰ ਰਿਹਾ ਹੈ। ਇਸ ਤੋਂ ਇਲਾਵਾ ਤਣਾਅ, ਖਰਾਬ ਜੀਵਨਸ਼ੈਲੀ, ਧੂਮਰਪਾਨ ਅਤੇ ਪ੍ਰਦੂਸ਼ਣ ਇਸ ਦੇ ਵੱਡੇ ਕਾਰਨ ਬਣ ਰਹੇ ਹਨ। ਜ਼ਿਆਦਾ ਨਮਕ, ਜੰਕ ਫੂਡ ਅਤੇ ਸਰੀਰਕ ਗਤੀਵਿਧੀਆਂ ਦੀ ਕਮੀ ਨਾਲ ਖਤਰਾ ਵਧ ਰਿਹਾ ਹੈ।
ਡਾਕਟਰਾਂ ਦੀ ਸਲਾਹ ਅਤੇ ਹੱਲ
ਸਿਹਤ ਮਾਹਿਰਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਕਿਸਾਨਾਂ ਨੂੰ ਪਰਾਲੀ ਪ੍ਰਬੰਧਨ ਦੇ ਬਿਹਤਰ ਬਦਲ ਜਲਦ ਉਪਲਬਧ ਕਰਵਾਏ ਜਾਣ। ਨਾਲ ਹੀ ਆਮ ਜਨਤਾ ਨੂੰ ਸਲਾਹ ਦਿੱਤੀ ਗਈ ਹੈ ਕਿ ਸਰਦੀਆਂ ਦੇ ਮੌਸਮ ਵਿਚ ਬਾਹਰ ਨਿਕਲਦੇ ਸਮੇਂ ਮਾਸਕ ਦੀ ਵਰਤੋਂ ਕਰੋ। ਸਵੇਰ ਅਤੇ ਸ਼ਾਮ ਦੇ ਸਮੇਂ ਜਦੋਂ ਪ੍ਰਦੂਸ਼ਣ ਦਾ ਪੱਧਰ ਸਭ ਤੋਂ ਜ਼ਿਆਦਾ ਹੁੰਦਾ ਹੈ, ਤਾਂ ਆਊਟਡੋਰ ਐਕਟੀਵਿਟੀਜ਼ (ਬਾਹਰ ਘੁੰਮਣ) ਤੋਂ ਬਚੋ। ਨਿਯਮਤ ਰੂਪ ਨਾਲ ਆਪਣੇ ਬਲੱਡ ਪ੍ਰੈਸ਼ਰ ਦੀ ਜਾਂਚ ਕਰਵਾਉਂਦੇ ਰਹੋ। ਘਰਾਂ ਵਿਚ ਏਅਰ ਪਿਊਰੀਫਾਇਰ ਅਤੇ ਇਨਡੋਰ ਪੌਦਿਆਂ ਦੀ ਵਰਤੋਂ ਵਧਾਓ। ਬੱਚਿਆਂ ਅਤੇ ਬਜ਼ੁਰਗਾਂ ਨੂੰ ਵੱਧ ਪ੍ਰਦੂਸ਼ਣ ਵਾਲੇ ਦਿਨਾਂ ਵਿਚ ਘਰ ਅੰਦਰ ਹੀ ਰੱਖੋ।
