ਇਲਾਜ ਤੋਂ ਪਹਿਲਾਂ ਮਰੀਜ਼ ਕੋਲੋਂ ਹਸਪਤਾਲ ਨਹੀਂ ਮੰਗਣਗੇ ਪੈਸੇ, ਜਾਣੋ ਰਾਜਸਥਾਨ ਸਦਨ 'ਚ ਪੇਸ਼ ਹੋਏ ਸਿਹਤ ਬਿੱਲ ਬਾਰੇ
Friday, Sep 23, 2022 - 12:42 PM (IST)

ਜੈਪੁਰ– ਰਾਜਸਥਾਨ ਵਿਧਾਨ ਸਭਾ ’ਚ ਅੱਜ ਲੰਬੇ ਸਮੇਂ ਤੋਂ ਉਡੀਕੇ ਜਾ ਰਹੇ ਰਾਜਸਥਾਨ ਸਿਹਤ ਦਾ ਅਧਿਕਾਰ ਬਿੱਲ ਪਾਸ ਹੋਵੇਗਾ। ਸਰਕਾਰ ਨੇ ਵੀਰਵਾਰ ਨੂੰ ਸਦਨ ’ਚ ਇਹ ਬਿੱਲ ਪੇਸ਼ਕੀਤਾ ਸੀ। ਬਿੱਲ ਦੇ ਪਾਸ ਹੋਣ ਤੋਂ ਬਾਅਦ ਹਰ ਰਾਜਸਥਾਨੀ ਨੂੰ ਇਲਾਜ ਦੇ ਨਾਲ ਸ਼ੁੱਧ ਖਾਣਾ-ਪਾਣੀ ਅਤੇ ਸਫਾਈ ਦੀ ਗਾਰੰਟੀ ਮਿਲੇਗੀ। ਕੋਤਾਹੀ ’ਤੇ 25 ਹਜ਼ਾਰ ਰੁਪਏ ਦਾ ਜੁਰਮਾਨਾ ਹੋਵੇਗਾ, ਜਿਸਨੂੰ ਤੈਅ ਕਰਨ ਲਈ ਜ਼ਿਲ੍ਹਾ ਅਤੇ ਸੂਬਾ ਪੱਧਰ ’ਤੇ ਸਿਹਤ ਵਿਵਸਥਾ ਬਣਾਈ ਜਾਵੇਗੀ।
ਬਿੱਲ ਦੇ ਉਪਬੰਧਾਂ ਅਨੁਸਾਰ, ਹਸਪਤਾਲ ਦੇ ਰੇਟਾਂ ਨੂੰ ਕੰਟਰੋਲ ਕਰਨ ਦਾ ਇਰਾਦਾ ਵੀ ਪ੍ਰਗਟਾਇਆ ਗਿਆ ਹੈ। ਬਿੱਲ ਅੱਜ ਪਾਸ ਹੋ ਜਾਂਦਾ ਹੈ ਤਾਂ ਰਾਜਸਥਾਨ ਦੇਸ਼ ਦਾ ਪਹਿਲਾ ਸੂਬਾ ਹੋਵੇਗਾ। ਬਿੱਲ ਨੂੰ ਪਾਸ ਕਰਵਾਉਣ ਲਈ ਸ਼ੁੱਕਰਵਾਰ ਨੂੰ ਯਾਨੀ ਅੱਜ ਵਿਧਾਨ ਸਭਾ ’ਚ ਬਹਿਸ ਹੋਵੇਗੀ। ਬਿੱਲ ਜਨਤਕ ਸਿਹਤ ਦਾ ਇੱਕ ਮਾਡਲ ਤਿਆਰ ਕਰਨ ਦਾ ਇਰਾਦਾ ਰੱਖਦਾ ਹੈ। ਇਸ ਦੇ ਨਾਲ ਹੀ ਬਾਇਓ ਅੱਤਵਾਦ, ਰਸਾਇਣਕ ਹਮਲਿਆਂ ਅਤੇ ਮਹਾਮਾਰੀ ਨੂੰ ਸਿਹਤ ਨਾਲ ਸਬੰਧਤ ਐਮਰਜੈਂਸੀ ਵਿੱਚ ਸ਼ਾਮਲ ਕੀਤਾ ਗਿਆ ਹੈ।
ਬਿੱਲ ਦੀਆਂ ਅਹਿਮ ਗੱਲਾਂ
- ਮਰੀਜ਼ ਦੀ ਮੌਤ ਤੋਂ ਬਾਅਦ ਪਰਿਵਾਰ ਬਕਾਇਆ ਪੈਸਾ ਨਾ ਦੇ ਸਕੇ ਤਾਂ ਵੀ ਹਸਪਤਾਲ ਲਾਸ਼ ਦੇਣ ਤੋਂ ਇਨਕਾਰ ਨਹੀਂ ਕਰ ਸਕਣਗੇ।
- ਮਰੀਜ਼ ਦੇ ਇਲਾਜ ਨਾਲ ਸੰਬੰਧਿਤ ਸਾਰੀ ਜਾਣਕਾਰੀ ਪਰਿਵਾਰ ਨੂੰ ਦੇਣੀ ਹੋਵੇਗੀ।
- ਹਸਪਤਾਲ ਮਰੀਜ਼ ਨੂੰ ਇਲਾਜ ਤੋਂ ਪਹਿਲਾਂ ਫੀਸ ਜਮ੍ਹਾ ਕਰਵਾਉਣ ਲਈ ਮਜਬੂਰ ਨਹੀਂ ਕਰ ਸਕਣਗੇ।