ਰੇਵਾੜੀ ਫੈਕਟਰੀ ਧਮਾਕਾ: ਹਰਿਆਣਾ ਦੇ ਮੁੱਖ ਮੰਤਰੀ ਨੇ ਮੈਜਿਸਟ੍ਰੇਟ ਜਾਂਚ ਦੇ ਦਿੱਤੇ ਹੁਕਮ
Sunday, Mar 17, 2024 - 01:58 PM (IST)
ਚੰਡੀਗੜ੍ਹ- ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਰੇਵਾੜੀ ਜ਼ਿਲ੍ਹੇ 'ਚ ਇਕ ਕਲਪੁਰਜਾ ਬਣਾਉਣ ਵਾਲੀ ਕੰਪਨੀ ਦੀ ਫੈਕਟਰੀ 'ਚ ਬਾਇਲਰ ਧਮਾਕੇ ਦੀ ਘਟਨਾ ਦੀ ਮੈਜਿਸਟ੍ਰੇਟ ਜਾਂਚ ਦੇ ਹੁਕਮ ਦਿੱਤੇ ਹਨ, ਜਿਸ 'ਚ 40 ਕਾਮੇ ਜ਼ਖਮੀ ਹੋ ਗਏ ਸਨ। ਅਧਿਕਾਰੀਆਂ ਨੇ ਐਤਵਾਰ ਨੂੰ ਦੱਸਿਆ ਕਿ ਮੁੱਖ ਮੰਤਰੀ ਨੇ ,ਸਬ-ਡਿਵੀਜ਼ਨ ਮੈਜਿਸਟਰੇਟ (SDM) ਦੀ ਅਗਵਾਈ 'ਚ ਜਾਂਚ ਦੇ ਹੁਕਮ ਦਿੱਤੇ ਹਨ। ਸੈਣੀ ਨੇ ਰੇਵਾੜੀ ਦੇ ਡਿਪਟੀ ਕਮਿਸ਼ਨਰ ਨੂੰ ਜ਼ਖਮੀਆਂ ਦਾ ਵਧੀਆ ਇਲਾਜ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਹਨ। ਪੁਲਸ ਨੇ ਦੱਸਿਆ ਕਿ ਸ਼ਨੀਵਾਰ ਨੂੰ ਰੇਵਾੜੀ ਜ਼ਿਲ੍ਹੇ ਦੇ ਧਾਰੂਹੇੜਾ ਦੇ ਉਦਯੋਗਿਕ ਖੇਤਰ 'ਚ ਇਕ 'ਆਟੋ ਪਾਰਟਸ' ਬਣਾਉਣ ਵਾਲੀ ਕੰਪਨੀ ਦੇ ਬਾਇਲਰ 'ਚ ਧਮਾਕਾ ਹੋਣ ਕਾਰਨ ਕਰੀਬ 40 ਕਾਮੇ ਝੁਲਸ ਗਏ ਅਤੇ ਉਨ੍ਹਾਂ ਨੂੰ ਵੱਖ-ਵੱਖ ਹਸਪਤਾਲਾਂ 'ਚ ਦਾਖਲ ਕਰਵਾਇਆ ਗਿਆ।
ਘਟਨਾ 'ਚ ਗੰਭੀਰ ਰੂਪ 'ਚ ਜ਼ਖਮੀ ਹੋਏ 19 ਮਜ਼ਦੂਰਾਂ ਨੂੰ PGIMS, ਰੋਹਤਕ ਰੈਫਰ ਕਰ ਦਿੱਤਾ ਗਿਆ ਹੈ, ਜਦਕਿ 10 ਜ਼ਖਮੀਆਂ ਦਾ ਇਲਾਜ ਰੇਵਾੜੀ ਦੇ ਟਰਾਮਾ ਸੈਂਟਰ 'ਚ ਚੱਲ ਰਿਹਾ ਹੈ। ਕੁਝ ਹੋਰਾਂ ਦਾ ਰੇਵਾੜੀ ਅਤੇ ਧਾਰੂਹੇੜਾ ਦੇ ਨਿੱਜੀ ਹਸਪਤਾਲਾਂ 'ਚ ਇਲਾਜ ਚੱਲ ਰਿਹਾ ਹੈ। ਸ਼ਨੀਵਾਰ ਦੇਰ ਰਾਤ ਇਕ ਵਿਅਕਤੀ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। ਜ਼ਖਮੀ ਕਾਮੇ ਮਨੋਜ ਕੁਮਾਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਧਮਾਕਾ ਉਸ ਸਮੇਂ ਹੋਇਆ ਜਦੋਂ ਫੈਕਟਰੀ ਦੇ ਕਈ ਕਾਮੇ ਡਿਊਟੀ 'ਤੇ ਸਨ। ਇੱਥੋਂ ਦੇ ਜ਼ਿਲ੍ਹਾ ਹਸਪਤਾਲ ਦੇ ਇਕ ਡਾਕਟਰ ਨੇ ਦੱਸਿਆ ਕਿ ਜ਼ਖ਼ਮੀਆਂ ਨੂੰ ਮੁੱਢਲਾ ਇਲਾਜ ਦਿੱਤਾ ਗਿਆ ਹੈ ਅਤੇ ਉਨ੍ਹਾਂ ਦੀ ਹਾਲਤ ਸਥਿਰ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਮਰੀਜ਼ਾਂ ਨੂੰ 50 ਫੀਸਦੀ ਤੋਂ ਵੱਧ ਝੁਲਸ ਗਏ ਸਨ, ਉਨ੍ਹਾਂ ਨੂੰ ਬਾਅਦ ਵਿੱਚ ਰੋਹਤਕ ਦੇ PGIMSਹਸਪਤਾਲ ਵਿੱਚ ਭੇਜ ਦਿੱਤਾ ਗਿਆ।