ਦਿੱਲੀ-ਐੱਨ. ਸੀ. ਆਰ ’ਚ ‘ਗ੍ਰੈਪ’ ਦੀ ਪਹਿਲੀ ਸਟੇਜ ਦੀਆਂ ਪਾਬੰਦੀਆਂ ਹਟਾਈਆਂ
Friday, May 29, 2026 - 11:07 PM (IST)
ਨਵੀਂ ਦਿੱਲੀ- ਹਵਾ ਗੁਣਵੱਤਾ ਪ੍ਰਬੰਧਨ ਕਮਿਸ਼ਨ (ਸੀ. ਏ. ਕਿਊ. ਐੱਮ.) ਨੇ ਸ਼ੁੱਕਰਵਾਰ ਨੂੰ ਦਿੱਲੀ-ਰਾਸ਼ਟਰੀ ਰਾਜਧਾਨੀ ਖੇਤਰ (ਐੱਨ. ਸੀ. ਆਰ.) ਵਿਚ ਹਵਾ ਦੀ ਗੁਣਵੱਤਾ ਵਿਚ ਕਾਫ਼ੀ ਸੁਧਾਰ ਹੋਣ ਤੋਂ ਬਾਅਦ ਗ੍ਰੈਜੂਏਟਿਡ ਰਿਸਪਾਂਸ ਐਕਸ਼ਨ ਪਲਾਨ (ਗ੍ਰੈਪ) ਦੇ ਤਹਿਤ ਪਹਿਲੇ ਪੜਾਅ ਦੀਆਂ ਪਾਬੰਦੀਆਂ ਹਟਾ ਦਿੱਤੀਆਂ ਹਨ।
ਕਮਿਸ਼ਨ ਮੁਤਾਬਕ ਸਾਜ਼ਗਾਰ ਮੌਸਮ ਕਾਰਨ ਸ਼ੁੱਕਰਵਾਰ ਨੂੰ ਦਿੱਲੀ ਦਾ ਏਅਰ ਕੁਆਲਿਟੀ ਇੰਡੈਕਸ (ਏ. ਕਿਊ. ਆਈ.) 123 ਦਰਜ ਕੀਤਾ ਗਿਆ, ਜੋ ਕਿ ‘ਮੱਧਮ’ ਸ਼੍ਰੇਣੀ ਵਿਚ ਆਉਂਦਾ ਹੈ। ਪਹਿਲੇ ਪੜਾਅ ਦੀਆਂ ਪਾਬੰਦੀਆਂ ਹਟਣ ਦੇ ਨਾਲ ਹੀ, ਹੋਟਲਾਂ, ਰੈਸਟੋਰੈਂਟਾਂ ਅਤੇ ਖੁੱਲ੍ਹੇ ਢਾਬਿਆਂ ’ਚ ਤੰਦੂਰ ਵਿਚ ਕੋਲੇ ਅਤੇ ਲੱਕੜ ਦੀ ਵਰਤੋਂ ’ਤੇ ਲੱਗੀ ਰੋਕ ਅਤੇ ਸਿਰਫ਼ ਐਮਰਜੈਂਸੀ ਜਾਂ ਜ਼ਰੂਰੀ ਹਾਲਾਤ ਵਿਚ ਹੀ ਡੀਜ਼ਲ ਜਨਰੇਟਰਾਂ ਦੀ ਵਰਤੋਂ ਵਰਗੀਆਂ ਪਾਬੰਦੀਆਂ ਹਟਾ ਦਿੱਤੀਆਂ ਗਈਆਂ ਹਨ।
