ਫਾਰੂਖ ਅਬਦੁੱਲਾ ''ਤੇ ਮੁੜ ਲੱਗੀ ਪਾਬੰਦੀ, ਨਮਾਜ਼ ਲਈ ਹਜ਼ਰਤਬਲ ਦਰਗਾਹ ਜਾਣ ਤੋਂ ਰੋਕਿਆ
Friday, Oct 30, 2020 - 08:46 PM (IST)
ਸ਼੍ਰੀਨਗਰ - ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਅਤੇ ਨੈਸ਼ਨਲ ਕਾਨਫਰੰਸ ਦੇ ਚੀਫ ਫਾਰੂਖ ਅਬਦੁੱਲਾ ਨੂੰ ਈਦ-ਏ-ਮਿਲਾਦ-ਉਲ-ਨਬੀ ਮੌਕੇ ਹਜ਼ਰਤਬਲ ਦਰਗਾਹ 'ਚ ਨਮਾਜ਼ ਪੜ੍ਹਨ ਲਈ ਉਨ੍ਹਾਂ ਦੇ ਘਰ ਤੋਂ ਬਾਹਰ ਜਾਣ ਤੋਂ ਰੋਕ ਦਿੱਤਾ ਗਿਆ। ਸੁਰੱਖਿਆ ਬਲਾਂ ਵੱਲੋਂ ਉਨ੍ਹਾਂ ਨੂੰ ਰੋਕੇ ਜਾਣ ਦਾ ਅਬਦੁੱਲਾ ਨੇ ਵਿਰੋਧ ਕੀਤਾ ਸੀ। ਮੀਡੀਆ ਰਿਪੋਰਟਾਂ ਮੁਤਾਬਕ, ਉਨ੍ਹਾਂ ਨੂੰ ਘਰ 'ਚ ਮੁੜ ਨਜ਼ਰਬੰਦ ਕਰ ਦਿੱਤਾ ਗਿਆ ਹੈ। ਇਸ ਨੂੰ ਲੈ ਕੇ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫਤੀ ਨੇ ਭਾਰਤ ਸਰਕਾਰ 'ਤੇ ਨਿਸ਼ਾਨਾ ਵਿੰਨ੍ਹਿਆ ਹੈ।
ਇਹ ਵੀ ਪੜ੍ਹੋ : ਪ੍ਰਾਈਵੇਟ ਨੌਕਰੀ ਕਰਨ ਵਾਲਿਆਂ ਲਈ ਵੱਡੀ ਖ਼ਬਰ, ਮੋਦੀ ਸਰਕਾਰ ਨੇ ਦਿੱਤਾ ਦਿਵਾਲੀ ਤੋਹਫਾ
ਦਰਅਸਲ ਫਾਰੂਖ ਅਬਦੁੱਲਾ ਸ਼ੁੱਕਰਵਾਰ ਸਵੇਰੇ ਜਦੋਂ ਹਜ਼ਰਤਬਲ ਦਰਗਾਹ 'ਤੇ ਈਦ ਦੀ ਨਮਾਜ਼ ਪੜ੍ਹਨ ਲਈ ਘਰ ਤੋਂ ਨਿਕਲਣ ਲੱਗੇ ਤਾਂ ਉਨ੍ਹਾਂ ਦੀ ਸੁਰੱਖਿਆ 'ਚ ਤਾਇਨਾਤ ਸੁਰੱਖਿਆ ਕਰਮੀਆਂ ਨੇ ਉਨ੍ਹਾਂ ਨੂੰ ਬਾਹਰ ਜਾਣ ਤੋਂ ਰੋਕ ਦਿੱਤਾ। ਮਿਲੀ ਜਾਣਕਾਰੀ ਮੁਤਾਬਕ ਫਾਰੂਖ ਅਬਦੁੱਲਾ ਨੇ ਇਸ ਦਾ ਵਿਰੋਧ ਵੀ ਕੀਤਾ ਪਰ ਉਨ੍ਹਾਂ ਦੀ ਸੁਰੱਖਿਆ 'ਚ ਤਾਇਨਾਤ ਜਵਾਨਾਂ ਨੇ ਉਨ੍ਹਾਂ ਦੀ ਗੱਲ ਨਹੀਂ ਸੁਣੀ। ਇਹੀ ਨਹੀਂ ਅਬਦੁੱਲਾ ਨੂੰ ਘਰੋਂ ਬਾਹਰ ਵੀ ਨਹੀਂ ਜਾਣ ਦਿੱਤਾ ਗਿਆ।
ਇਹ ਵੀ ਪੜ੍ਹੋ : ਜੰਮੂ ਕਸ਼ਮੀਰ ਪ੍ਰਸ਼ਾਸਨ ਨੇ ਕੀਤਾ ਵੱਡਾ ਐਲਾਨ, ਵੈਸ਼ਣੋ ਦੇਵੀ 'ਚ ਸ਼ਰਧਾਲੂਆਂ ਦੀ ਗਿਣਤੀ 'ਚ ਕੀਤਾ ਵਾਧਾ
ਇਸ ਘਟਨਾ 'ਤੇ ਨੈਸ਼ਨਲ ਕਾਨਫਰੰਸ ਨੇ ਟਵੀਟ ਕਰ ਕਿਹਾ ਕਿ, ਜੰਮੂ-ਕਸ਼ਮੀਰ ਪ੍ਰਸ਼ਾਸਨ ਨੇ ਪਾਰਟੀ ਪ੍ਰਧਾਨ ਡਾ. ਫਾਰੂਖ ਅਬਦੁੱਲਾ ਦੀ ਰਿਹਾਇਸ਼ 'ਤੇ ਰੋਕ ਲਗਾ ਦਿੱਤੀ ਹੈ ਅਤੇ ਉਨ੍ਹਾਂ ਨੂੰ ਨਮਾਜ਼ ਪੜ੍ਹਨ ਲਈ ਦਰਗਾਹ ਹਜ਼ਰਤਬਲ ਜਾਣ ਤੋਂ ਵੀ ਰੋਕ ਦਿੱਤਾ। ਜੇ.ਕੇ.ਐੱਨ.ਸੀ. ਖਾਸਕਰ ਮਿਲਾਦ-ਉਨ-ਨਬੀ ਦੇ ਪਵਿੱਤਰ ਮੌਕੇ ਅਰਦਾਸ ਦੇ ਮੌਲਿਕ ਅਧਿਕਾਰ ਦੀ ਉਲੰਘਣਾ ਦੀ ਨਿੰਦਾ ਕਰਦਾ ਹੈ। ਨੈਸ਼ਨਲ ਕਾਨਫਰੰਸ ਦੇ ਹੋਰ ਸੀਨੀਅਰ ਨੇਤਾਵਾਂ ਨੇ ਪ੍ਰਸ਼ਾਸਨ ਦੇ ਇਸ ਰਵੱਈਏ ਦਾ ਸਖ਼ਤ ਵਿਰੋਧ ਕੀਤਾ ਹੈ। ਨੇਤਾਵਾਂ ਨੇ ਕਿਹਾ ਕਿ ਨਮਾਜ਼ ਪੜ੍ਹਨਾ ਹਰ ਮੁਸਲਮਾਨ ਦਾ ਮੌਲਿਕ ਅਧਿਕਾਰ ਹੈ। ਪ੍ਰਸ਼ਾਸਨ ਨੇ ਇਸ ਦੀ ਉਲੰਘਣਾ ਕੀਤੀ ਹੈ ਤਾਂ ਇਹ ਨਿੰਦਣਯੋਗ ਹੈ।