ਮੱਧ ਪ੍ਰਦੇਸ਼ ਵਿਧਾਨ ਸਭਾ ਚੋਣਾਂ ''ਚ ''ਅਬਕੀ ਬਾਰ 200 ਪਾਰ'' ਦੇ ਸੰਕਲਪ ਨੂੰ ਕਰਨਾ ਹੈ ਪੂਰਾ : ਨੱਢਾ
Sunday, Mar 26, 2023 - 01:26 PM (IST)
ਭੋਪਾਲ (ਭਾਸ਼ਾ)- ਭਾਰਤੀ ਜਨਤਾ ਪਾਰਟੀ (ਭਾਜਪਾ) ਪ੍ਰਧਾਨ ਜੇ.ਪੀ. ਨੱਢਾ ਨੇ ਐਤਵਾਰ ਨੂੰ ਕਿਹਾ ਕਿ ਇਸ ਸਾਲ ਦੇ ਅੰਤ 'ਚ ਮੱਧ ਪ੍ਰਦੇਸ਼ 'ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ 'ਚ ਪਾਰਟੀ ਨੂੰ 'ਅਬਕੀ ਬਾਰ 200 ਪਾਰ' ਦੇ ਸੰਕਲਪ ਨੂੰ ਪੂਰਾ ਕਰਨਾ ਹੈ। ਮੱਧ ਪ੍ਰਦੇਸ਼ ਵਿਧਾਨ ਸਭਾ 'ਚ ਕੁੱਲ 230 ਸੀਟਾਂ ਹਨ। ਇਨ੍ਹਾਂ 'ਚੋਂ ਮੌਜੂਦਾ ਸਮੇਂ ਸੱਤਾਧਾਰੀ ਭਾਜਪਾ ਕੋਲ 127 ਮੈਂਬਰ ਹਨ, ਜਦੋਂ ਕਿ ਮੁੱਖ ਵਿਰੋਧੀ ਦਲ ਕਾਂਗਰਸ ਦੇ 96 ਵਿਧਾਇਕ ਹਨ। ਇਸ ਤੋਂ ਇਲਾਵਾ ਬਹੁਜਨ ਸਮਾਜ ਪਾਰਟੀ (ਬਸਪਾ) ਦੇ 2, ਸਮਾਜਵਾਦੀ ਪਾਰਟੀ ਦਾ ਇਕ ਅਤੇ ਚਾਰ ਆਜ਼ਾਦ ਵਿਧਾਇਕ ਹਨ।
ਵੱਖ-ਵੱਖ ਪ੍ਰੋਗਰਾਮਾਂ 'ਚ ਸ਼ਾਮਲ ਹੋਣ ਲਈ ਐਤਵਾਰ ਸਵੇਰੇ ਭੋਪਾਲ ਪਹੁੰਚੇ ਨੱਢਾ ਨੇ ਇੱਥੇ ਗਾਂਧੀ ਨਗਰ 'ਚ ਪਾਰਟੀ ਵਰਕਰਾਂ ਵਲੋਂ ਆਯੋਜਿਤ ਉਨ੍ਹਾਂ ਦੇ ਸੁਆਗਤ ਪ੍ਰੋਗਰਾਮ 'ਚ ਇਹ ਗੱਲ ਕਹੀ। ਸੁਆਗਤ ਪ੍ਰੋਗਰਾਮ 'ਚ ਉਨ੍ਹਾਂ ਕਿਹਾ,''ਭੋਪਾਲ ਦੇ ਵਰਕਰਾਂ ਦਾ ਉਤਸ਼ਾਹ ਆਉਣ ਵਾਲੇ ਚੋਣਾਂ 'ਚ ਭਾਰੀ ਜਿੱਤ ਦਾ ਸੰਦੇਸ਼ ਦੇ ਰਿਹਾ ਹੈ। ਅਸੀਂ ਇਸ ਉਤਸ਼ਾਹ ਨੂੰ ਜਸ਼ਨ 'ਚ ਬਦਲਣਾ ਹੈ। ਅਸੀਂ ਹਰ ਸਮਾਜ ਨੂੰ ਨਾਲ ਲੈ ਕੇ ਦੇਸ਼ ਅਤੇ ਪ੍ਰਦੇਸ਼ ਨੂੰ ਅੱਗੇ ਲਿਜਾਉਣ ਦਾ ਕੰਮ ਕਰਨਾ ਹੈ।'' ਨੱਢਾ ਨੇ ਕਿਹਾ,''ਆਉਣ ਵਾਲੀਆਂ ਵਿਧਾਨ ਸਭਾ ਚੋਣਾਂ 2023 'ਚ ਸਾਨੂੰ ਹਰੇਕ ਬੂਥ 'ਤੇ 51 ਫੀਸਦੀ ਵੋਟ ਫੀਸਦੀ ਨਾਲ 'ਅਬਕੀ ਬਾਰ 200 ਪਾਰ' ਦੇ ਸੰਕਲਪ ਨੂੰ ਪੂਰਾ ਕਰਨਾ ਹੈ। ਮੈਨੂੰ ਭਰੋਸਾ ਹੈ ਕਿ ਜਿਸ ਉਤਸ਼ਾਹ ਨਾਲ ਤੁਸੀਂ ਮੇਰਾ ਸੁਆਗਤ ਕੀਤਾ ਹੈ, ਇਸੇ ਉਤਸ਼ਾਹ ਨਾਲ ਜਿੱਤ ਦੇ ਟੀਚੇ ਨੂੰ ਵੀ ਪੂਰਾ ਕਰਾਂਗੇ।'' ਨੱਢਾ ਐਤਵਾਰ ਭੋਪਾਲ ਦੌਰੇ 'ਤੇ ਹਨ। ਇਸ ਦੌਰਾਨ ਉਹ ਭਾਜਪਾ ਦੇ ਨਵੀਨ ਪ੍ਰਦੇਸ਼ ਦਫ਼ਤਰ ਦਾ ਭੂਮੀਪੂਜਨ ਪ੍ਰਦੇਸ਼ ਕੋਰ ਕਮੇਟੀ ਦੀ ਬੈਠਕ ਨੂੰ ਸੰਬੋਧਨ ਕਰਨਗੇ।