ਗਣਤੰਤਰ ਦਿਵਸ 'ਤੇ ਡਰੋਨ ਹਮਲੇ ਦਾ ਖਦਸ਼ਾ, MHA ਨੇ ਸੁਰੱਖਿਆ ਏਜੰਸੀਆਂ ਨੂੰ ਲਿਖੀ ਚਿੱਠੀ
Friday, Jan 24, 2020 - 02:25 PM (IST)

ਨਵੀਂ ਦਿੱਲੀ— ਗਣਤੰਤਤਰ ਦਿਵਸ ਯਾਨੀ ਕਿ 26 ਜਨਵਰੀ ਨੂੰ 1 ਦਿਨ ਬਾਕੀ ਰਹਿ ਗਿਆ ਹੈ। ਸੁਰੱਖਿਆ ਨੂੰ ਲੈ ਕੇ ਏਜੰਸੀਆਂ ਕਿੰਨੀਆਂ ਕੁ ਸੁਚੇਤ ਹਨ, ਇਹ ਇਕ ਵੱਡਾ ਸਵਾਲ ਹੈ। ਦਿੱਲੀ 'ਚ ਗਣਤੰਤਰ ਦਿਵਸ ਮੌਕੇ ਡਰੋਨ ਹਮਲੇ ਦਾ ਖਦਸ਼ਾ ਜ਼ਾਹਰ ਕੀਤਾ ਜਾ ਰਿਹਾ ਹੈ। ਇਸ ਲਈ ਬਕਾਇਦਾ ਗ੍ਰਹਿ ਮੰਤਰਾਲੇ (ਐੱਮ. ਐੱਚ. ਏ.) ਨੇ ਸੁਰੱਖਿਆ ਏਜੰਸੀਆਂ ਨੂੰ ਚਿੱਠੀ ਲਿਖੀ ਕੇ ਸਾਵਧਾਨ ਰਹਿਣ ਨੂੰ ਕਿਹਾ ਹੈ। ਗ੍ਰਹਿ ਮੰਤਰਾਲੇ ਨੇ ਚਿੱਠੀ 'ਚ ਲਿਖਿਆ ਕਿ ਗੈਰ-ਕਾਨੂੰਨੀ ਤਰੀਕੇ ਨਾਲ ਡਰੋਨ ਦਾ ਇਸਤੇਮਾਲ ਹੋ ਰਿਹਾ ਹੈ, ਜੋ ਕਿ ਚਿੰਤਾ ਦਾ ਵਿਸ਼ਾ ਹੈ। ਇਸ ਦਾ ਇਸਤੇਮਾਲ ਅੱਤਵਾਦੀ ਆਸਾਨੀ ਨਾਲ ਕਰ ਸਕਦੇ ਹਨ ਅਤੇ ਕਿਸੇ ਵੱਡੇ ਹਮਲੇ ਨੂੰ ਅੰਜ਼ਾਮ ਦੇ ਸਕਦੇ ਹਨ।
ਇੱਥੇ ਦੱਸ ਦੇਈਏ ਕਿ ਹਾਲ ਹੀ 'ਚ ਦਿੱਲੀ ਵਿਚ ਡਰੋਨ ਦੇਖੇ ਗਏ ਸਨ। ਗ੍ਰਹਿ ਮੰਤਰਾਲੇ ਨੇ ਚਿੱਠੀ 'ਚ ਹੁਣ ਤਕ ਹੋਏ ਡਰੋਨ ਹਮਲਿਆਂ ਦਾ ਜ਼ਿਕਰ ਵੀ ਕੀਤਾ ਹੈ। ਡਰੋਨ ਜ਼ਰੀਏ ਕੀਤੇ ਗਏ ਅੱਤਵਾਦੀ ਹਮਲਿਆਂ ਦਾ ਵੀ ਜ਼ਿਕਰ ਕੀਤਾ ਗਿਆ। ਦੱਸਿਆ ਗਿਆ ਹੈ ਕਿ ਸਤੰਬਰ 2019 'ਚ ਸਾਊਦੀ ਅਰਬ ਦੀ ਸਭ ਤੋਂ ਵੱਡੀ ਤੇਲ ਕੰਪਨੀ 'ਅਰਾਮਕੋ' 'ਤੇ ਡਰੋਨ ਨਾਲ ਹੀ ਅੱਤਵਾਦੀ ਹਮਲਾ ਹੋਇਆ ਸੀ। ਸਾਲ 2018 'ਚ ਵੈਨਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦੁਰੋ 'ਤੇ ਵੀ ਡਰੋਨ ਰਾਹੀ ਹਮਲੇ ਦੀ ਕੋਸ਼ਿਸ਼ ਕੀਤੀ ਗਈ ਸੀ। ਇਸ ਤੋਂ ਇਲਾਵਾ ਹਾਲ ਹੀ 'ਚ ਸਰਹੱਦ ਪਾਰ ਤੋਂ ਪੰਜਾਬ 'ਚ ਡਰੋਨ ਜ਼ਰੀਏ ਹਥਿਆਰ, ਗ੍ਰਨੇਡ ਭੇਜੇ ਗਏ ਸਨ।