ਗਹਿਲੋਤ ਨੂੰ ਮਿਲੀ ਰਾਹਤ
Wednesday, Feb 22, 2023 - 12:00 PM (IST)
ਨਵੀਂ ਦਿੱਲੀ- ਜੇ ਭਾਜਪਾ ਹਾਈ ਕਮਾਨ ਨੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੂੰ ਨਵੰਬਰ-ਦਸੰਬਰ 2023 ’ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੱਕ ਰਾਹਤ ਦਿੱਤੀ ਹੈ ਤਾਂ ਕਾਂਗਰਸ ਹਾਈ ਕਮਾਨ ਨੇ ਵੀ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੂੰ ਬਦਲਣ ਦੀ ਆਪਣੀ ਯੋਜਨਾ ਛੱਡ ਦਿੱਤੀ ਹੈ।
ਚੌਹਾਨ ਨੂੰ ਬਦਲਣ ਲਈ ਚੋਣ ਸਾਲ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ’ਚ ਸਮਰੱਥ ਓ. ਬੀ. ਸੀ. ਨੇਤਾ ਨੂੰ ਲੱਭਣ ’ਚ ਭਾਜਪਾ ਅਸਮਰਥ ਰਹੀ ਹੈ। ਹਾਲਾਂਕਿ ਉਸ ਨੂੰ ਪਤਾ ਹੈ ਕਿ ਪਾਰਟੀ ਐੱਮ. ਪੀ. ’ਚ ਕਮਜ਼ੋਰ ਵਿਕਟ ’ਤੇ ਹੈ। ਉੱਧਰ ਰਾਹੁਲ ਗਾਂਧੀ ਨੇ ਅਸ਼ੋਕ ਗਹਿਲੋਤ ਅਤੇ ਸਚਿਨ ਪਾਇਲਟ ਵਿਚਾਲੇ ਚੱਲ ਰਹੀ ਲੜਾਈ ਦਾ ਹੱਲ ਕੱਢਣ ਦੀ ਪੂਰੀ ਕੋਸ਼ਿਸ਼ ਕੀਤੀ। ਇਸ ਮਸਲੇ ਨੂੰ ਹੱਲ ਕਰਨ ਲਈ ਉਨ੍ਹਾਂ ਤ੍ਰਿਪੱਖੀ ਬੈਠਕ ਵੀ ਕੀਤੀ ਅਤੇ ਕੁਝ ਦੇਰ ਤੱਕ ਤਾਂ ਅਜਿਹਾ ਲੱਗਾ ਜਿਵੇਂ ਵਿਵਾਦ ਖਤਮ ਹੋ ਗਿਆ ਹੋਵੇ। ਦੋਵੇਂ ਰਾਹੁਲ ਗਾਂਧੀ ਨਾਲ ਮੁਲਾਕਾਤ ਤੋਂ ਬਾਅਦ ਖੁਸ਼ ਹੁੰਦੇ ਹੋਏ ਬੈਠਕ ਤੋਂ ਬਾਹਰ ਨਿਕਲੇ ਪਰ ਸੂਤਰਾਂ ਦਾ ਕਹਿਣਾ ਹੈ ਕਿ ਬੈਠਕ ਅਸਲ ’ਚ ਹੰਗਾਮੇ ਨਾਲ ਖਤਮ ਹੋਈ।
ਸਚਿਨ ਪਾਇਲਟ ਨੂੰ ਕੁਝ ਖਾਸ ਹਾਸਿਲ ਨਹੀਂ ਹੋਇਆ ਹੈ। ਹੁਣ ਉਨ੍ਹਾਂ ਨੂੰ ਪੀ. ਸੀ. ਸੀ. ਪ੍ਰਧਾਨ ਦਾ ਅਹੁਦਾ ਵੀ ਉਦੋਂ ਤੱਕ ਨਹੀਂ ਮਿਲ ਸਕਦਾ, ਜਦ ਤੱਕ ਕਿ ਗਹਿਲੋਤ ਸਹਿਮਤ ਨਹੀਂ ਹੁੰਦੇ ਪਰ ਇਕ ਗੱਲ ਤੈਅ ਹੈ ਕਿ ਗਹਿਲੋਤ ਆਪਣਾਕਾਰਜਕਾਲ ਖਤਮ ਹੋਣ ਤੱਕ ਮੁੱਖ ਮੰਤਰੀ ਅਹੁਦੇ ’ਤੇ ਬਣੇ ਰਹਿਣਗੇ। ਪਾਰਟੀ ਮੁੱਖ ਮੰਤਰੀ ਦੇ ਰੂਪ ’ਚ ਗਹਿਲੋਤ ਨਾਲ ਚੋਣਾਂ ’ਚ ਜਾ ਸਕਦੀ ਹੈ ਜਦਕਿ ਸਮੂਹਿਕ ਲੀਡਰਸ਼ਿਪ ਲਈ ਸੰਕੇਤ ਭੇਜੇ ਜਾ ਸਕਦੇ ਹਨ।