ਨਤੀਜਿਆਂ ਦੇ ਐਲਾਨ ਮਗਰੋਂ 12ਵੀਂ ਦੇ ਵਿਦਿਆਰਥੀਆਂ ਲਈ ਰਾਹਤ ਭਰੀ ਖ਼ਬਰ ! CBSE ਨੇ ਕੀਤਾ ਵੱਡਾ ਐਲਾਨ

Sunday, May 17, 2026 - 02:37 PM (IST)

ਨਤੀਜਿਆਂ ਦੇ ਐਲਾਨ ਮਗਰੋਂ 12ਵੀਂ ਦੇ ਵਿਦਿਆਰਥੀਆਂ ਲਈ ਰਾਹਤ ਭਰੀ ਖ਼ਬਰ ! CBSE ਨੇ ਕੀਤਾ ਵੱਡਾ ਐਲਾਨ

ਨੈਸ਼ਨਲ ਡੈਸਕ - CBSE 12ਵੀਂ ਜਮਾਤ ਦੇ ਨਤੀਜਿਆਂ ਨੂੰ ਲੈ ਕੇ ਚੱਲ ਰਹੇ ਵਿਵਾਦ ਦਰਮਿਆਨ ਸਿੱਖਿਆ ਮੰਤਰਾਲੇ ਨੇ ਇਕ ਵੱਡਾ ਐਲਾਨ ਕੀਤਾ ਹੈ। ਸਕੂਲ ਸਿੱਖਿਆ ਸਕੱਤਰ ਸੰਜੇ ਕੁਮਾਰ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਮੁਲਾਂਕਣ ਪ੍ਰਕਿਰਿਆ 'ਚ ਕੁਝ ਗਲਤੀਆਂ ਪਾਏ ਜਾਣ ਤੋਂ ਬਾਅਦ ਹੁਣ ਲਗਭਗ 13,000 ਉੱਤਰ ਪੱਤਰੀਆਂ (ਕਾਪੀਆਂ) ਦੀ ਮੁੜ ਜਾਂਚ ਕੀਤੀ ਜਾਵੇਗੀ।

ਵਿਦਿਆਰਥੀਆਂ ਦਾ ਰੋਸ ਅਤੇ ਨਵਾਂ ਡਿਜੀਟਲ ਸਿਸਟਮ
ਨਤੀਜੇ ਐਲਾਨੇ ਜਾਣ ਤੋਂ ਬਾਅਦ ਵੱਡੀ ਗਿਣਤੀ 'ਚ ਵਿਦਿਆਰਥੀਆਂ ਨੇ ਦੋਸ਼ ਲਾਇਆ ਸੀ ਕਿ ਨਵੇਂ ਡਿਜੀਟਲ ਸਿਸਟਮ 'ਆਨ-ਸਕ੍ਰੀਨ ਮਾਰਕਿੰਗ' (OSM) ਕਾਰਨ ਉਨ੍ਹਾਂ ਨੂੰ ਉਮੀਦ ਤੋਂ ਬਹੁਤ ਘੱਟ ਅੰਕ ਮਿਲੇ ਹਨ। ਵਿਦਿਆਰਥੀਆਂ ਦਾ ਕਹਿਣਾ ਸੀ ਕਿ ਵਧੀਆ ਪੇਪਰ ਹੋਣ ਦੇ ਬਾਵਜੂਦ ਉਨ੍ਹਾਂ ਦੇ ਨੰਬਰ ਘੱਟ ਆਏ ਹਨ, ਜਿਸ ਕਾਰਨ ਪਾਸ ਫੀਸਦੀ ਵੀ ਪਿਛਲੇ ਸਾਲ ਦੇ 88% ਤੋਂ ਘਟ ਕੇ 85% ਰਹਿ ਗਈ ਹੈ। ਸੋਸ਼ਲ ਮੀਡੀਆ 'ਤੇ ਵੀ ਵਿਦਿਆਰਥੀਆਂ ਵੱਲੋਂ ਇਸ ਪ੍ਰਤੀ ਭਾਰੀ ਨਾਰਾਜ਼ਗੀ ਜਤਾਈ ਗਈ ਸੀ।

ਕਿਉਂ ਆਈ ਮੁੜ ਜਾਂਚ ਦੀ ਨੌਬਤ?
ਸਿੱਖਿਆ ਸਕੱਤਰ ਅਨੁਸਾਰ, ਜਾਂਚ ਦੌਰਾਨ ਇਹ ਪਾਇਆ ਗਿਆ ਕਿ ਲਗਭਗ 13,000 ਕਾਪੀਆਂ ਅਜਿਹੀਆਂ ਸਨ ਜਿਨ੍ਹਾਂ 'ਚ ਲਿਖਣ ਲਈ ਵਰਤੀ ਗਈ ਸਿਆਹੀ ਬਹੁਤ ਹਲਕੀ ਸੀ। ਇਸ ਕਾਰਨ ਸਕੈਨਿੰਗ ਤੋਂ ਬਾਅਦ ਉਨ੍ਹਾਂ ਨੂੰ ਕੰਪਿਊਟਰ ਸਕ੍ਰੀਨ 'ਤੇ ਸਪੱਸ਼ਟ ਰੂਪ 'ਚ ਪੜ੍ਹਨਾ ਮੁਸ਼ਕਲ ਸੀ। ਹੁਣ ਇਹ ਫੈਸਲਾ ਲਿਆ ਗਿਆ ਹੈ ਕਿ ਇਨ੍ਹਾਂ 13,000 ਕਾਪੀਆਂ ਦੀ ਮੈਨੂਅਲ ਜਾਂਚ (ਹੱਥੀਂ ਜਾਂਚ) ਕੀਤੀ ਜਾਵੇਗੀ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ OSM ਸਿਸਟਮ ਪਹਿਲੀ ਵਾਰ 2014 'ਚ ਸ਼ੁਰੂ ਕੀਤਾ ਗਿਆ ਸੀ, ਪਰ ਤਕਨੀਕੀ ਕਾਰਨਾਂ ਕਰਕੇ ਉਸ ਸਮੇਂ ਇਸ ਨੂੰ ਜਾਰੀ ਨਹੀਂ ਰੱਖਿਆ ਜਾ ਸਕਿਆ ਸੀ।

ਰੀ-ਚੈਕਿੰਗ ਫੀਸ ਅਤੇ ਰਿਫੰਡ ਦੀ ਸਹੂਲਤ
ਸਰਕਾਰ ਨੇ ਵਿਦਿਆਰਥੀਆਂ ਦੀਆਂ ਚਿੰਤਾਵਾਂ ਨੂੰ ਦੂਰ ਕਰਦਿਆਂ ਫੀਸਾਂ ਦਾ ਵੇਰਵਾ ਵੀ ਸਾਂਝਾ ਕੀਤਾ ਹੈ :-

ਕਾਪੀ ਦੇਖਣ ਜਾਂ ਵੈਰੀਫਿਕੇਸ਼ਨ ਲਈ - 100 ਰੁਪਏ ਫੀਸ।
ਕਿਸੇ ਖਾਸ ਸਵਾਲ ਦੀ ਮੁੜ ਜਾਂਚ ਲਈ - 25 ਰੁਪਏ ਫੀਸ।
ਫੀਸ ਵਾਪਸੀ - ਜੇਕਰ ਮੁੜ ਜਾਂਚ ਦੌਰਾਨ ਵਿਦਿਆਰਥੀ ਦੇ ਅੰਕ ਵਧਦੇ ਹਨ, ਤਾਂ ਉਸ ਵੱਲੋਂ ਜਮ੍ਹਾਂ ਕਰਵਾਈ ਗਈ ਪੂਰੀ ਫੀਸ ਵਾਪਸ ਕਰ ਦਿੱਤੀ ਜਾਵੇਗੀ।

ਸਿੱਖਿਆ ਸਕੱਤਰ ਨੇ ਭਰੋਸਾ ਦਿੱਤਾ ਕਿ ਵਿਦਿਆਰਥੀਆਂ ਦਾ ਹਿੱਤ ਉਨ੍ਹਾਂ ਲਈ ਸਭ ਤੋਂ ਉੱਪਰ ਹੈ ਅਤੇ ਇਹ ਯਕੀਨੀ ਬਣਾਇਆ ਜਾਵੇਗਾ ਕਿ ਹਰ ਬੱਚੇ ਨੂੰ ਉਸ ਦੀ ਮਿਹਨਤ ਅਨੁਸਾਰ ਸਹੀ ਅੰਕ ਮਿਲਣ।


author

Sunaina

Content Editor

Related News