ਈਦ ’ਤੇ ਵੱਖਵਾਦੀਆਂ ਨੂੰ ਰਿਹਾਅ ਕਰਨਾ ਇਕ ਚੰਗਾ ਕਦਮ ਹੋਵੇਗਾ : ਤਾਰਿਗਾਮੀ
Monday, Jun 03, 2019 - 08:08 PM (IST)

ਸ਼੍ਰੀਨਗਰ– ਮਾਰਕਸਵਾਦੀ ਕਮਿਊਨਿਸਟ ਪਾਰਟੀ (ਮਾਕਪਾ) ਦੇ ਨੇਤਾ ਮੁਹੰਮਦ ਯੂਸਫ ਤਾਰਿਗਾਮੀ ਨੇ ਸੋਮਵਾਰ ਨੂੰ ਕਿਹਾ ਕਿ ਈਦ ਤੋਂ ਪਹਿਲਾਂ ਵੱਖਵਾਦੀ ਨੇਤਾਵਾਂ ਅਤੇ ਨੌਜਵਾਨਾਂ ਨੂੰ ਰਿਹਾਅ ਕਰਨਾ ਵਿਸ਼ਵਾਸ ਬਹਾਲੀ ਦਾ ਚੰਗਾ ਉਪਰਾਲਾ ਹੋ ਸਕਦਾ ਹੈ। ਤਾਰਿਗਾਮੀ ਨੇ ਿਕਹਾ ਕਿ ਖੇਤਰ ਵਿਚ ਜਾਰੀ ਅਸ਼ਾਂਤੀ ਦੇ ਕਾਰਨਾਂ ’ਤੇ ਚਰਚਾ ਕਰਨ ਲਈ ਇਕ ਵਿਆਪਕ ਨੀਤੀ ਬਣਾਉਣ ਨੂੰ ਲੈ ਕੇ ਕੰਮ ਤੁਰੰਤ ਸ਼ੁਰੂ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਇਕ ਬਿਆਨ ਵਿਚ ਕਿਹਾ,‘‘ਸੂਬੇ ਦੇ ਅੰਦਰ ਅਤੇ ਬਾਹਰ ਵੱਖ-ਵੱਖ ਜ਼ਿਲਿਆਂ ਵਿਚ ਬੰਦ ਕੈਦੀਆਂ ਵਿਚੋਂ ਕੁਝ ਦੀ ਸਿਹਤ ਠੀਕ ਨਹੀਂ ਹੈ ਅਤੇ ਇਹ ਉਨ੍ਹਾਂ ਦਾ ਰਿਹਾਅ ਕਰਨ ਦਾ ਸਹੀ ਸਮਾਂ ਹੈ।’’ ਮਾਕਪਾ ਨੇਤਾ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਸਾਰੇ ਹਿੱਤਧਾਰਕਾਂ ਦੇ ਨਾਲ ਗੱਲਬਾਤ ਦੀ ਇਕ ਭਰੋਸੇਯੋਗ ਪ੍ਰਕਿਰਿਆ ਸ਼ੁਰੂ ਕਰਨ ਦੀ ਲਗਾਤਾਰ ਵਕਾਲਤ ਕਰਦੀ ਰਹੀ ਹੈ।