ਗੁਪਤ ਤਰੀਕੇ ਨਾਲ ਰਜਿਸਟਰਾਰ ਦਫ਼ਤਰ ਪਹੁੰਚੇ ਸਾਕਸ਼ੀ-ਅਜੀਤੇਸ਼, ਕਰਵਾਇਆ ਵਿਆਹ ਦਾ ਰਜਿਸਟਰੇਸ਼ਨ

08/21/2019 2:36:08 PM

ਬਰੇਲੀ— ਬਰੇਲੀ ਦੇ ਬਿਥਰੀ ਚੈਨਪੁਰ ਤੋਂ ਭਾਜਪਾ ਵਿਧਾਇਕ ਰਾਜੇਸ਼ ਮਿਸ਼ਰਾ ਉਰਫ਼ ਪੱਪੂ ਭਰਤੌਲ ਦੀ ਬੇਟੀ ਸਾਕਸ਼ੀ ਅਤੇ ਅਜੀਤੇਸ਼ ਬੁੱਧਵਾਰ ਸਵੇਰੇ ਰਜਿਸਟਰਾਰ ਦਫ਼ਤਰ 'ਚ ਪੇਸ਼ ਹੋਏ। ਬੁੱਧਵਾਰ ਸਵੇਰੇ 10 ਵਜੇ ਤੋਂ ਪਹਿਲਾਂ ਹੀ ਦੋਵੇਂ ਬੇਹੱਦ ਗੁਪਤ ਤਰੀਕੇ ਨਾਲ ਰਜਿਸਟਰਾਰ ਦਫ਼ਤਰ ਪਹੁੰਚੇ ਅਤੇ ਵਿਆਹ ਦਾ ਰਜਿਸਟਰੇਸ਼ਨ ਕਰਵਾਇਆ। ਉਨ੍ਹਾਂ ਨੇ ਥੰਬ ਇਮਪ੍ਰੇਸ਼ਨ ਤੋਂ ਲੈ ਕੇ ਰਜਿਸਟਰੇਸ਼ਨ ਦੀਆਂ ਬਾਕੀ ਰਸਮਾਂ ਸਿਰਫ 3 ਤੋਂ 4 ਮਿੰਟ 'ਚ ਹੀ ਪੂਰੀਆਂ ਕੀਤੀਆਂ ਅਤੇ ਤੁਰੰਤ ਵਾਪਸ ਨਿਕਲ ਗਏ। ਇਸ ਦੌਰਾਨ ਸਾਕਸ਼ੀ ਅਤੇ ਅਜੀਤੇਸ਼ ਨੂੰ ਬਹੁਤ ਹੀ ਗੁਪਤ ਤਰੀਕੇ ਨਾਲ ਪੁਲਸ ਦੇ ਸਖਤ ਪਹਿਰੇ 'ਚ ਰਜਿਸਟਰਾਰ ਦਫ਼ਤਰ ਲਿਆਂਦਾ ਗਿਆ। ਸੁਰੱਖਿਆ ਦੀ ਦ੍ਰਿਸ਼ਟੀ ਨਾਲ ਇਸ ਦੌਰਾਨ ਦੋਹਾਂ ਨੂੰ ਮੀਡੀਆ ਤੋਂ ਵੀ ਦੂਰ ਰੱਖਿਆ ਗਿਆ।

ਵਿਧਾਇਕ ਦੀ ਬੇਟੀ ਨੇ ਯੋਗੀ ਕੋਲ ਕੀਤੀ ਸੀ ਸ਼ਿਕਾਇਤ
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵਿਧਾਇਕ ਰਾਜੇਸ਼ ਮਿਸ਼ਰਾ ਦੀ ਬੇਟੀ ਨੇ ਮੁੱਖ ਮੰਤਰੀ ਯੋਗੀ ਆਦਿੱਤਿਯਨਾਥ ਕੋਲ ਸ਼ਿਕਾਇਤ ਕੀਤੀ ਸੀ ਕਿ ਕੁਝ ਲੋਕ ਉਨ੍ਹਾਂ ਦੇ ਪਿਤਾ ਨਾਲ ਹੀ ਸਹੁਰੇ ਪਰਿਵਾਰ ਦੇ ਲੋਕਾਂ ਨੂੰ ਵੀ ਬਦਨਾਮ ਕਰ ਰਹੇ ਹਨ। ਸਾਕਸ਼ੀ ਮਿਸ਼ਰਾ ਨੇ ਮੁੱਖ ਮੰਤਰੀ ਜਨਸੁਣਵਾਈ ਪੋਰਟਲ 'ਤੇ ਇਹ ਸ਼ਿਕਾਇਤ ਕੀਤੀ ਸੀ। ਸਾਕਸ਼ੀ ਨੇ ਕਿਹਾ ਸੀ ਕਿ ਉਨ੍ਹਾਂ ਦੇ ਵਿਧਾਇਕ ਪਿਤਾ ਅਤੇ ਸਹੁਰੇ ਪਰਿਵਾਰ ਵਾਲਿਆਂ ਬਾਰੇ ਗਲਤ ਸੂਚਨਾਵਾਂ ਫੈਲਾਈਆਂ ਜਾ ਰਹੀਆਂ ਹਨ। ਇਸ 'ਤੇ ਰੋਕ ਲਗਾਈ ਜਾਵੇ।

3 ਜੁਲਾਈ ਨੂੰ ਕਰਵਾਇਆ ਸੀ ਵਿਆਹ
ਦੱਸਣਯੋਗ ਹੈ ਕਿ ਭਾਜਪਾ ਵਿਧਾਇਕ ਦੀ ਬੇਟੀ ਸਾਕਸ਼ੀ ਨੇ ਤਿੰਨ ਜੁਲਾਈ ਨੂੰ ਆਪਣੇ ਭਰਾ ਵਿੱਕੀ ਦੇ ਦੋਸਤ ਅਜੀਤੇਸ਼ ਨਾਲ ਪ੍ਰੇਮ ਵਿਆਹ ਕੀਤਾ ਸੀ। ਇਸ ਵਿਆਹ ਤੋਂ ਬਾਅਦ ਦੋਹਾਂ ਨੇ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਸ਼ੇਅਰ ਕਰ ਕੇ ਬਰੇਲੀ ਐੱਸ.ਐੱਸ.ਪੀ. ਤੋਂ ਸੁਰੱਖਿਆ ਮੰਗੀ ਸੀ। ਮੀਡੀਆ ਦੇ ਕਈ ਟੀ.ਵੀ. ਚੈਨਲਾਂ 'ਤੇ ਵੀ ਇਸ ਨੂੰ ਲੈ ਕੇ ਲੰਬੀ ਬਹਿਸ ਚੱਲੀ ਸੀ। ਸਾਕਸ਼ੀ ਨੇ ਵਿਧਾਇਕ ਪਿਤਾ ਅਤੇ ਉਨ੍ਹਾਂ ਦੇ ਸਾਥੀਆਂ ਤੋਂ ਆਪਣੀ ਜਾਨ ਨੂੰ ਖਤਰਾ ਦੱਸਿਆ ਸੀ। ਹਾਲਾਂਕਿ ਵਿਧਾਇਕ ਨੇ ਦੋਸ਼ਾਂ ਤੋਂ ਇਨਕਾਰ ਕਰਦੇ ਹੋਏ ਕਿਹਾ ਕਿ ਉਹ ਸਾਕਸ਼ੀ ਅਤੇ ਅਜੀਤੇਸ਼ ਨਾਲ ਕੋਈ ਮਤਲਬ ਨਹੀਂ ਰੱਖਣਾ ਚਾਹੁੰਦੇ ਹਨ। ਇਸ ਦੇ ਬਾਅਦ ਤੋਂ ਹੀ ਬਰੇਲੀ ਪੁਲਸ ਦੇ 2 ਗਨਰ ਇਨ੍ਹਾਂ ਦੀ ਸੁਰੱਖਿਆ 'ਚ ਸਥਾਈ ਰੂਪ 'ਚ ਲੱਗੇ ਹਨ। ਪਹਿਲੀ ਵਾਰ ਬਰੇਲੀ ਆਏ ਨਵ ਜੋੜੇ ਦੀ ਜਾਣਕਾਰੀ ਪੁਲਸ ਨੇ ਸੁਰੱਖਿਆ ਕਾਰਨਾਂ ਕਰ ਕੇ ਬਹੁਤ ਗੁਪਤ ਰੱਖੀ ਸੀ।


DIsha

Content Editor

Related News