ਲਾਲੂ ਦਾ ਜ਼ਿਕਰ ਕਰ ਕੇ ਪੀ. ਐੱਮ. ''ਤੇ ਵਰ੍ਹੇ ਰਾਹੁਲ

Saturday, Apr 27, 2019 - 01:54 AM (IST)

ਲਾਲੂ ਦਾ ਜ਼ਿਕਰ ਕਰ ਕੇ ਪੀ. ਐੱਮ. ''ਤੇ ਵਰ੍ਹੇ ਰਾਹੁਲ

ਸਮਸਤੀਪੁਰ, (ਇੰਟ.)— ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਬਿਹਾਰ ਦੇ ਸਮਸਤੀਪੁਰ ਵਿਚ ਆਰ. ਜੇ. ਡੀ. ਸੁਪਰੀਮੋ ਲਾਲੂ ਪ੍ਰਸਾਦ ਯਾਦਵ ਦਾ ਜ਼ਿਕਰ ਕਰਦੇ ਹੋਏ ਪੀ. ਐੱਮ. ਨਰਿੰਦਰ ਮੋਦੀ 'ਤੇ ਜੰਮ ਕੇ ਨਿਸ਼ਾਨਾ ਸਾਧਿਆ। ਰਾਹੁਲ ਗਾਂਧੀ ਨੇ ਦੋ-ਟੁੱਕ ਕਿਹਾ ਕਿ ਮੌਜੂਦਾ ਕੇਂਦਰ ਸਰਕਾਰ ਜਿਸ ਤਰੀਕੇ ਨਾਲ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਲਾਲੂ ਯਾਦਵ ਅਤੇ ਉਨ੍ਹਾਂ ਦੇ ਪਰਿਵਾਰ ਦਾ ਅਪਮਾਨ ਕਰ ਰਹੀ ਹੈ, ਉਨ੍ਹਾਂ ਨੂੰ ਸੱਟ ਮਾਰ ਰਹੀ ਹੈ, ਉਸ ਨੂੰ ਬਿਹਾਰ ਦੀ ਜਨਤਾ ਕਦੇ ਨਹੀਂ ਭੁੱਲੇਗੀ। ਰਾਹੁਲ ਨੇ ਕਿਹਾ ਕਿ 2019 ਵਿਚ ਬਿਹਾਰ ਦੀ ਜਨਤਾ ਇਸ ਦਾ ਜਵਾਬ ਦੇਵੇਗੀ।
ਸਮਸਤੀਪੁਰ ਵਿਚ ਮਹਾਗਠਜੋੜ ਦੀ ਸੰਯੁਕਤ ਰੈਲੀ ਵਿਚ ਰਾਹੁਲ ਗਾਂਧੀ ਨੇ ਨਰਿੰਦਰ ਮੋਦੀ 'ਤੇ ਵਾਅਦਿਆਂ ਨੂੰ ਨਾ ਪੂਰਾ ਕਰਨ ਦਾ ਦੋਸ਼ ਲਾਇਆ ਅਤੇ ਨਾਲ ਹੀ ਇਹ ਦਾਅਵਾ ਕੀਤਾ ਕਿ ਉਨ੍ਹਾਂ ਦੀ ਸਰਕਾਰ ਬਣਦੇ ਹੀ ਸਾਰੇ ਵਾਅਦੇ ਪੂਰੇ ਕਰ ਦਿੱਤੇ ਜਾਣਗੇ। ਰਾਹੁਲ ਨੇ ਕਿਹਾ ਕਿ ਪੀ. ਐੱਮ. ਮੋਦੀ ਨੇ 15 ਲੱਖ ਦਾ ਵਾਅਦਾ ਕੀਤਾ ਸੀ ਪਰ ਇਕ ਰੁਪਇਆ ਨਹੀਂ ਮਿਲਿਆ। ਉਨ੍ਹਾਂ ਨੇ 2 ਕਰੋੜ ਰੋਜ਼ਗਾਰ ਦੇਣ ਦਾ ਵਾਅਦਾ ਕੀਤਾ ਪਰ ਅੱਜ ਦੇਸ਼ ਵਿਚ ਬੇਰੋਜ਼ਗਾਰੀ ਸਭ ਤੋਂ ਵੱਧ ਹੈ ਪਰ ਤੁਸੀਂ ਵਿਸ਼ਵਾਸ ਕਰੋ, ਜਿਵੇਂ ਹੀ ਸਾਡੀ ਸਰਕਾਰ ਬਣੇਗੀ, ਅਸੀਂ ਆਪਣੀ 'ਨਿਆਯ' ਯੋਜਨਾ ਨਾਲ ਜਾਦੂ ਕਰ ਦੇਵਾਂਗੇ। ਹਰ ਗਰੀਬ ਪਰਿਵਾਰ ਦੇ ਖਾਤੇ ਵਿਚ ਹਰ ਮਹੀਨੇ ਸਿੱਧੇ 6 ਹਜ਼ਾਰ ਰੁਪਏ ਭੇਜਾਂਗੇ। ਸਾਲ ਦੇ 72,000 ਰੁਪਏ ਤੁਹਾਡੇ ਖਾਤੇ ਵਿਚ ਅਸੀਂ ਜ਼ਰੂਰ ਪਾਵਾਂਗੇ।

'ਮੋਦੀ ਜੀ ਅਮੀਰਾਂ ਦੇ, ਅਸੀਂ ਗਰੀਬ ਅਤੇ ਮਜ਼ਦੂਰਾਂ ਦੇ'
ਭਗੌੜੇ ਉਦਯੋਗਪਤੀਆਂ ਦਾ ਹਵਾਲਾ ਦਿੰਦੇ ਹੋਏ ਵੀ ਰਾਹੁਲ ਨੇ ਪੀ. ਐੱਮ. ਮੋਦੀ ਨੂੰ ਘੇਰਿਆ। ਰਾਹੁਲ ਨੇ ਕਿਹਾ,''ਨੀਰਵ ਮੋਦੀ, ਮੇਹੁਲ ਚੋਕਸੀ, ਵਿਜੇ ਮਾਲਿਆ ਅਰਬਾਂ ਲੁੱਟ ਕੇ ਦੌੜ ਗਏ ਹਨ, ਉਹ ਆਰਾਮ ਨਾਲ ਵਿਦੇਸ਼ਾਂ ਵਿਚ ਘੁੰਮ ਰਹੇ ਹਨ। ਚੌਕੀਦਾਰ ਨੂੰ ਤੁਹਾਡਾ ਫਿਕਰ ਨਹੀਂ ਹੈ। ਉਨ੍ਹਾਂ ਸਿਰਫ ਅਮੀਰ 15 ਲੋਕਾਂ ਲਈ ਕੰਮ ਕਰਨਾ ਹੈ। ਮੈਂ ਮੋਦੀ ਜੀ ਨੂੰ ਕਹਿੰਦਾ ਹਾਂ ਕਿ ਤੁਸੀਂ ਉਨ੍ਹਾਂ 15 ਅਮੀਰ ਲੋਕਾਂ ਲਈ ਕੰਮ ਕਰੋ ਪਰ ਅਸੀਂ ਗਰੀਬ ਲੋਕਾਂ ਲਈ ਕੰਮ ਕਰਾਂਗੇ। ਅਸੀਂ ਗਰੀਬ ਅਤੇ ਮਜ਼ਦੂਰ ਲੋਕਾਂ ਦੇ ਨਾਲ ਹਾਂ ਅਤੇ ਯਕੀਨ ਮੰਨੋ ਇਹ ਭਗੌੜੇ ਉਦਯੋਗਪਤੀ ਹਨ, ਉਨ੍ਹਾਂ ਦੀ ਜੇਬ ਵਿਚੋਂ ਪੈਸੇ ਕੱਢ ਕੇ ਅਸੀਂ ਤੁਹਾਡੇ ਬੈਂਕ ਅਕਾਊਂਟ ਵਿਚ ਪਾਵਾਂਗੇ।''

'ਅਸੀਂ ਗਰੀਬੀ 'ਤੇ ਕਰਾਂਗੇ ਸਰਜੀਕਲ ਸਟ੍ਰਾਈਕ'
ਸਰਜੀਕਲ ਸਟ੍ਰਾਈਕ ਦੇ ਬਹਾਨੇ ਮੋਦੀ ਸਰਕਾਰ ਨੂੰ ਘੇਰਦੇ ਹੋਏ ਉਨ੍ਹਾਂ ਕਿਹਾ ਕਿ ''ਉਨ੍ਹਾਂ ਨੇ 5 ਸਾਲ ਵਿਚ ਤਾਂ ਕੁਝ ਕੀਤਾ ਨਹੀਂ, ਅਜਿਹੇ ਵਿਚ ਹੁਣ ਉਨ੍ਹਾਂ ਦੇ ਕੋਲ ਸਿਰਫ ਕਹਿਣ ਨੂੰ ਸਰਜੀਕਲ ਸਟ੍ਰਾਈਕ ਹੀ ਹੈ ਪਰ ਸਾਡੀ ਸਰਕਾਰ ਆਈ ਤਾਂ ਅਸੀਂ ਇਕ ਵੱਖਰੀ ਸਟ੍ਰਾਈਕ ਕਰਾਂਗੇ। ਅਸੀਂ ਗਰੀਬੀ 'ਤੇ ਸਟ੍ਰਾਈਕ ਕਰਾਂਗੇ ਅਤੇ 5 ਸਾਲਾਂ ਵਿਚ ਗਰੀਬੀ ਨੂੰ ਹਿੰਦੁਸਤਾਨ ਵਿਚੋਂ ਦੌੜਾ ਕੇ ਰਹਾਂਗੇ।''
 


author

KamalJeet Singh

Content Editor

Related News