ਰਾਜਸਥਾਨ ''ਚ ਜਮਾਅ ਬਿੰਦੂ ਤੋਂ ਹੇਠਾਂ ਪਹੁੰਚਿਆ ਤਾਪਮਾਨ, 3 ਲੋਕਾਂ ਦੀ ਮੌਤ
Saturday, Dec 28, 2019 - 02:12 PM (IST)

ਜੈਪੁਰ—ਸਮੁੱਚੇ ਉਤਰ ਭਾਰਤ ਸਮੇਤ ਦੇਸ਼ ਦੇ ਕਈ ਹਿੱਸਿਆਂ 'ਚ ਠੰਡ ਦਾ ਕਹਿਰ ਜਾਰੀ ਹੈ। ਮਿਲੀ ਜਾਣਕਾਰੀ ਅਨੁਸਾਰ ਰਾਜਸਥਾਨ 'ਚ ਵੀ ਕੜਾਕੇ ਦੀ ਠੰਡ ਪੈਣ ਕਾਰਨ ਕਈ ਜ਼ਿਲ੍ਹਿਆਂ 'ਚ ਤਾਪਮਾਨ ਜਮਾਅ ਬਿੰਦੂ ਤੋਂ ਹੇਠਾ ਤੱਕ ਪਹੁੰਚ ਗਿਆ ਹੈ। ਅਲਵਰ 'ਚ ਘੱਟੋ-ਘੱਟ ਤਾਪਮਾਨ ਜਮਾਅ ਬਿੰਦੂ ਦੇ ਨੇੜੇ ਪਹੁੰਚਣ ਕਾਰਨ ਜਨ ਜੀਵਨ ਕਾਫੀ ਪ੍ਰਭਾਵਿਤ ਹੋਇਆ ਹੈ। ਅਲਵਰ 'ਚ ਅੱਜ ਭਾਵ ਸ਼ਨੀਵਾਰ ਨੂੰ ਘੱਟੋ-ਘੱਟ ਤਾਪਮਾਨ 0.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸ ਕਾਰਨ ਖੇਤਾਂ 'ਚ ਫਸਲਾਂ 'ਤੇ ਬਰਫ ਜੰਮੀ ਨਜ਼ਰ ਆ ਰਹੀ ਹੈ। ਕੜਾਕੇ ਦੀ ਠੰਡ ਕਾਰਨ ਕਿਸਾਨਾਂ ਨੂੰ ਖੇਤਾਂ 'ਚ ਸਿੰਚਾਈ ਕਰਨ 'ਚ ਭਾਰੀ ਪਰੇਸ਼ਾਨੀ ਹੋ ਰਹੀ ਹੈ। ਇਸ ਤੋਂ ਇਲਾਵਾ ਸ਼ੁੱਕਰਵਾਰ ਸ਼ਾਮ ਨੂੰ ਕੋਹਰਾ ਛਾ ਗਿਆ ਹੈ ਅਤੇ ਸ਼ਨੀਵਾਰ ਦੁਪਹਿਰ ਤੱਕ ਰਹਿਣ ਕਾਰਨ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਸ ਤੋਂ ਇਲਾਵਾ ਫਤਿਰਪੁਰ ਸ਼ੇਖਾਰਟੀ 'ਚ ਤਾਪਮਾਨ ਮਾਈਨਸ 4 (-4) ਡਿਗਰੀ, ਜੋਬਨੇਰ 'ਚ ਮਾਈਨਸ 2(-2) ਡਿਗਰੀ, ਮਾਊਂਟ ਆਬੂ 'ਚ (-1) ਡਿਗਰੀ ਅਤੇ ਚੁਰੂ 'ਚ ਮਾਈਨਸ 0.8 ਦਰਜ ਕੀਤਾ ਗਿਆ ਹੈ।
ਮੌਸਮ ਵਿਭਾਗ ਅਨੁਸਾਰ ਆਉਣ ਵਾਲੇ 48 ਘੰਟਿਆਂ 'ਚ ਸ਼ੀਤਲਹਿਰ ਹੋਰ ਤੇਜ਼ ਹੋ ਸਕਦੀ ਹੈ। ਹੁਣ ਤੱਕ ਸੂਬੇ 'ਚ ਸ਼ੀਤਲਹਿਰ ਨਾਲ 3 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਿਨ੍ਹਾਂ ਜਿਲਿਆਂ 'ਚ ਤਾਪਮਾਨ ਮਾਈਨਸ ਤੱਕ ਪਹੁੰਚ ਗਿਆ ਹੈ, ਉੱਥੇ ਰੁੱਖਾਂ ਅਤੇ ਖੇਤਾਂ 'ਚ ਤਰੇਲ ਬਰਫ ਦੇ ਰੂਪ 'ਚ ਤਬਦੀਲ ਹੋ ਗਈ ਹੈ। ਚੁਰੂ 'ਚ ਤਾਂ ਕਈ ਥਾਵਾਂ 'ਤੇ ਰੇਤ 'ਤੇ ਤਰੇਲ ਜੰਮ ਜਾਣ ਨਾਲ ਬਰਫ ਦੀ ਚਾਦਰ ਵਿਛ ਗਈ ਹੈ। ਕਿਸਾਨਾਂ ਲਈ ਜ਼ਿਆਦਾ ਠੰਡ ਪਰੇਸ਼ਾਨੀ ਦਾ ਸਬੱਬ ਬਣਿਆ ਹੋਇਆ ਹੈ। ਜੇਕਰ ਇਸ ਤਰ੍ਹਾ ਨਾਲ ਸੀਤਲਹਿਰ ਦਾ ਪ੍ਰਕੋਪ ਜਾਰੀ ਰਿਹਾ ਤਾਂ ਟਮਾਟਰ ਅਤੇ ਸਰੋਂ ਦੀਆਂ ਫਸਲਾਂ ਕਾਲੀਆਂ ਪੈ ਸਕਦੀਆਂ ਹਨ। ਦੱਸਿਆ ਜਾਂਦਾ ਹੈ ਕਿ ਜੈਪੁਰ 'ਚ ਪਿਛਲੇ 5 ਸਾਲਾਂ ਦਾ ਰਿਕਾਰਡ ਟੁੱਟ ਗਿਆ ਹੈ ਅਤੇ ਸ਼ੁੱਕਰਵਾਰ ਨੂੰ ਘੱਟੋ ਘੱਟ ਤਾਪਮਾਨ 4 ਡਿਗਰੀ ਤੱਕ ਪਹੁੰਚ ਗਿਆ ਹੈ।