ਲੌਕਡਾਊਨ ਦੀ ਤਿਆਰੀ, ਹਵਾ ਪ੍ਰਦੂਸ਼ਣ ਕਾਰਨ ਹਾਲਾਤ ਵਿਗੜੇ

Monday, Nov 11, 2024 - 04:34 PM (IST)

ਇੰਟਰਨੈਸ਼ਨਲ ਡੈਸਕ : ਉੱਤਰੀ ਭਾਰਤ ਦੇ ਜ਼ਿਆਦਾਤਰ ਸੂਬੇ ਇਸ ਵੇਲੇ ਸਮੋਗ ਦੀ ਮਾਰ ਝੱਲ ਰਹੇ ਹਨ। ਹਾਲਾਤ ਇਹ ਹਨ ਕਿ ਪੰਜਾਬ ਦੇ ਕੁਝ ਜ਼ਿਲਿਆ ਵਿੱਚ ਇਸ ਵੇਲੇ ਹਵਾ ਪ੍ਰਦੂਸ਼ਣ ਦਾ ਲੈਵਲ 200 ਤੋਂ ਪਾਰ ਚੱਲਿਆ ਗਿਆ ਹੈ। ਜੇਕਰ ਅਜਿਹੇ ਹਾਲਾਤ ਕੁਝ ਦਿਨ ਹੋਰ ਬਣੇ ਰਹੇ ਤਾਂ ਸਥਿਤੀ ਅੱਤ ਚਿੰਤਾਜਨਕ ਬਣ ਸਕਦੀ ਹੈ। ਉਧਰ ਦੂਜੇ ਪਾਸੇ ਗੱਲ ਜੇਕਰ ਲਹਿੰਦੇ ਪੰਜਾਬ ਦੀ ਕਰੀਏ ਤਾਂ ਉਥੇ ਵੀ ਹਾਲਾਤ ਕੋਈ ਬਹੁੱਤੇ ਚੰਗੇ ਨਹੀਂ ਹਨ। ਹਵਾ ਪ੍ਰਦੂਸ਼ਣ ਕਾਰਨ ਪਾਕਿਸਤਾਨੀ ਪੰਜਾਬ ਦੇ ਲਾਹੌਰ ਵਿੱਚ ਇਸ ਵੇਲੇ ਗ੍ਰੀਨ ਲਾਕਡਾਊਨ ਲੱਗਾ ਹੋਇਆ ਹੈ। ਜਿਸ ਤਹਿਤ ਅਨੇਕਾਂ ਪਾਬੰਦੀਆਂ ਤਾਂ ਲਾਗੂ ਹੀ ਹਨ ਇਸ ਦੇ ਨਾਲ ਹੀ ਪ੍ਰਾਇਮਰੀ ਸਕੂਲ ਵੀ ਬੰਦ ਕੀਤੇ ਹੋਏ ਹਨ ਪਰ ਹੁਣ ਉਥੇ ਹਾਲਾਤਾਂ ਵਿੱਚ ਸੁਧਾਰ ਨਾ ਹੋਣ ਕਾਰਨ ਮੁਕੰਮਲ ਲਾਕਡਾਊਨ ਲਗਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਪਾਕਿਸਤਾਨੀ ਮੀਡੀਆ ਮੁਤਾਬਕ ਸ਼ੁੱਕਰਵਾਰ ਸਵੇਰੇ ਮੁਲਤਾਨ ਸ਼ਹਿਰ 'ਚ ਹਵਾ ਗੁਣਵੱਤਾ ਸੂਚਕਾਂਕ 2000 ਨੂੰ ਪਾਰ ਕਰ ਗਿਆ। ਪਾਕਿਸਤਾਨ ਪੰਜਾਬ ਦੀ ਸਰਕਾਰ ਹਾਈ ਅਲਰਟ ਉਤੇ ਹੈ ਅਤੇ ਪ੍ਰਦੂਸ਼ਣ ਦੇ ਪੱਧਰ ਨੂੰ ਘਟਾਉਣ ਲਈ ਕਈ ਉਪਾਅ ਲਾਗੂ ਕਰ ਰਹੀ ਹੈ। 

ਪੰਜਾਬ ਦੇ ਸਾਰੇ ਵੱਡੇ ਸ਼ਹਿਰਾਂ ਵਿੱਚ ਹਵਾ ਦੀ ਗੁਣਵੱਤਾ ਰਿਕਾਰਡ ਪੱਧਰ ਤੱਕ ਵਿਗੜ ਜਾਣ ਕਾਰਨ ਸੂਬੇ ਦੇ ਪਾਰਕਾਂ ਅਤੇ ਅਜਾਇਬ ਘਰ 17 ਨਵੰਬਰ ਤੱਕ ਬੰਦ ਕਰ ਦਿੱਤੇ ਹਨ। ਮੀਡੀਆ ਮੁਤਾਬਕ, ਪਾਕਿਸਤਾਨ ਦੇ ਦੱਖਣੀ ਪੰਜਾਬ ਸੂਬੇ ਦੇ ਸਭ ਤੋਂ ਵੱਡੇ ਸ਼ਹਿਰ ਮੁਲਤਾਨ ਨੇ ਏਅਰ ਕੁਆਲਿਟੀ ਮਾਨੀਟਰ ਦੇ ਅਨੁਸਾਰ, ਸਵੇਰੇ 8 ਵਜੇ ਤੋਂ ਸਵੇਰੇ 9 ਵਜੇ ਦੇ ਵਿਚਕਾਰ 2,135 ਦੀ ਹਵਾ ਗੁਣਵੱਤਾ ਸੂਚਕਾਂਕ (AQI) ਰਿਕਾਰਡ ਕੀਤਾ ਗਿਆ। ਹਵਾ ਦੇ ਜ਼ਹਿਰੀਲੇ ਪੱਧਰ ਤੱਕ ਪਹੁੰਚਣ ਕਾਰਨ ਉੱਥੇ ਤਾਲਾਬੰਦੀ (ਲਾਕਡਾਊਨ) ਦੀ ਨੌਬਤ ਆ ਗਈ ਹੈ। ਸੂਬੇ ਦੇ ਕਈ ਸ਼ਹਿਰਾਂ ’ਚ ਅੱਜ ਵੀ ਸਮੋਗ (ਧੁੰਦ ਤੇ ਧੂੰਏ ਦਾ ਸੁਮੇਲ) ਛਾਈ ਰਹੀ ਜਿਸ ਕਾਰਨ ਆਵਾਜਾਈ ਵਿਚ ਬੁਰੀ ਤਰ੍ਹਾਂ ਵਿਘਨ ਪਿਆ ਹੈ। ਇਕ ਖਬਰ ਮੁਤਾਬਕ ਲਾਹੌਰ ਹਾਲੇ ਵੀ ਦੁਨੀਆਂ ਦਾ ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰ ਬਣਿਆ ਹੋਇਆ ਹੈ ਅਤੇ ਸੰਘਣੀ ਸਮੋਗ  ਤੋਂ ਰਾਹਤ ਦਾ ਫਿਲਹਾਲ ਕੋਈ ਸੰਕੇਤ ਨਹੀਂ ਹੈ। ਵਿਜ਼ੀਬਿਲਟੀ ਘੱਟ ਹੋਣ ਕਾਰਨ ਇਹਤਿਆਤ ਵਜੋਂ ਅਧਿਕਾਰੀਆਂ ਨੂੰ ਰੇਲ ਗੱਡੀਆਂ ਰੋਕਣ ਤੋਂ ਆਰਜ਼ੀ ਤੌਰ ਉਤੇ ਸੜਕੀ ਮਾਰਗ ਬੰਦ ਕਰਨ ਤੋਂ ਇਲਾਵਾ ਤਾਲਾਬੰਦੀ ਵਰਗੇ ਕਦਮ ਚੁੱਕਣ ਲਈ ਮਜਬੂਰ ਹੋਣਾ ਪੈ ਰਿਹਾ ਹੈ।

ਲਾਹੌਰ ਤੋਂ ਬਾਅਦ ਮੁਲਤਾਨ ਦਾ ਏਆਈਕਿਊ (ਹਵਾ ਗੁਣਵੱਤਾ ਇੰਡੈਕਸ) 2135 ਰਿਹਾ। ਪਿਸ਼ਾਵਰ, ਇਸਲਾਮਾਬਾਦ ਅਤੇ ਹੋਰ ਸ਼ਹਿਰਾਂ ’ਚ ਬਹੁਤ ਜ਼ਿਆਦਾ ਪ੍ਰਦੂਸ਼ਣ ਦਰਜ ਹੋਇਆ ਹੈ। ਪੰਜਾਬ ਸਰਕਾਰ ਵੱਲੋਂ ਧੁਆਂਖੀ ਧੁੰਦ ਤੋਂ ਰਾਹਤ ਦਿਵਾਉਣ ਲਈ ਪ੍ਰਦੂਸ਼ਕ ਤੱਤ ਛੱਡਣ ਵਾਲੀਆਂ ਫੈਕਟਰੀਆਂ ਸੀਲ ਕਰਨ ਤੋਂ ਇਲਾਵਾ ਇੱਟਾਂ ਵਾਲੇ ਗ਼ੈਰਕਾਨੂੰਨੀ ਭੱਠੇ ਬੰਦ ਕੀਤੇ ਜਾ ਰਹੇ ਹਨ। ਮੁੱਖ ਮੰਤਰੀ ਮਰੀਅਮ ਔਰੰਗਜ਼ੇਬ ਨੇ ਲੋਕਾਂ ਨੂੰ ਆਪਣੀ ਤੇ ਹੋਰਨਾਂ ਦੀ ਸੁਰੱਖਿਆ ਲਈ ਇਹਤਿਆਤ ਵਰਤਣ ਦੀ ਅਪੀਲ ਕੀਤੀ ਹੈ। ਮੁਲਤਾਨ ਦੇ ਆਸ-ਪਾਸ ਬਹਾਵਲਪੁਰ, ਮੁਜ਼ੱਫਰਗੜ੍ਹ ਅਤੇ ਖਾਨੇਵਾਲ ਜ਼ਿਲ੍ਹਿਆਂ ਵਿੱਚ ਵੀ ਧੁੰਦ ਦੇ ਹਾਲਾਤ ਹਨ। ਇਸ ਸਥਿਤੀ ਕਾਰਨ ਮੁਲਤਾਨ ਦੀ ਸਭ ਤੋਂ ਵੱਡੀ ਮੈਡੀਕਲ ਸੰਸਥਾ ਨਿਸ਼ਤਾਰ ਹਸਪਤਾਲ ਨੇ ਖਤਰਨਾਕ ਹਵਾ ਦੀ ਗੁਣਵੱਤਾ ਕਾਰਨ ਓਪੀਡੀ ਅਤੇ ਐਮਰਜੈਂਸੀ ਵਾਰਡ ਵਿੱਚ ਦੋ ਸਮੋਗ ਕਾਊਂਟਰ ਲਗਾਏ ਹਨ। 


DILSHER

Content Editor

Related News