ਭਾਜਪਾ ਵਿਧਾਇਕ ਦਲ ਦੇ ਨੇਤਾ ਦੀ ਚੋਣ : ਰਵੀਸ਼ੰਕਰ ਪ੍ਰਸਾਦ ਤੇ ਓਮ ਪ੍ਰਕਾਸ਼ ਧਨਖੜ ਆਬਜ਼ਰਵਰ ਨਿਯੁਕਤ
Wednesday, Feb 19, 2025 - 02:14 PM (IST)

ਨਵੀਂ ਦਿੱਲੀ- ਦਿੱਲੀ ਵਿੱਚ ਭਾਰਤੀ ਜਨਤਾ ਪਾਰਟੀ (ਭਾਜਪਾ) ਵਿਧਾਇਕ ਦਲ ਦੇ ਨੇਤਾ ਦੀ ਚੋਣ ਲਈ ਸਾਬਕਾ ਬੁੱਧਵਾਰ ਨੂੰ ਸਾਬਕਾ ਕੇਂਦਰੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਅਤੇ ਰਾਸ਼ਟਰੀ ਸਕੱਤਰ ਓਮ ਪ੍ਰਕਾਸ਼ ਧਨਖੜ ਨੂੰ ਕੇਂਦਰੀ ਆਬਜ਼ਰਵਰ ਨਿਯੁਕਤ ਕੀਤਾ ਗਿਆ। ਇਹ ਜਾਣਕਾਰੀ ਪਾਰਟੀ ਵੱਲੋਂ ਜਾਰੀ ਇਕ ਅਧਿਕਾਰਤ ਬਿਆਨ 'ਚ ਦਿੱਤੀ ਗਈ। ਦਿੱਲੀ ਦੇ ਨਵੇਂ ਮੁੱਖ ਮੰਤਰੀ ਦੇ ਨਾਮ ਦਾ ਫੈਸਲਾ ਕਰਨ ਲਈ ਬੁੱਧਵਾਰ ਸ਼ਾਮ ਨੂੰ ਪਾਰਟੀ ਦੇ ਦਿੱਲੀ ਯੂਨਿਟ ਦਫ਼ਤਰ 'ਚ ਵਿਧਾਇਕ ਦਲ ਦੀ ਇਕ ਬੈਠਕ ਬੁਲਾਈ ਗਈ ਹੈ। 5 ਫਰਵਰੀ ਨੂੰ ਹੋਈਆਂ ਦਿੱਲੀ ਵਿਧਾਨ ਸਭਾ ਚੋਣਾਂ 'ਚ ਆਮ ਆਦਮੀ ਪਾਰਟੀ (ਆਪ) ਨੂੰ ਹਰਾ ਕੇ ਭਾਜਪਾ 27 ਸਾਲਾਂ ਬਾਅਦ ਸੱਤਾ 'ਚ ਆਈ ਹੈ। ਪਾਰਟੀ ਆਗੂਆਂ ਨੇ ਦੱਸਿਆ ਕਿ ਦਿੱਲੀ ਭਾਜਪਾ ਦਫ਼ਤਰ 'ਚ ਸ਼ਾਮ 7 ਵਜੇ ਦੇ ਕਰੀਬ ਸ਼ੁਰੂ ਹੋਣ ਵਾਲੀ ਵਿਧਾਇਕ ਦਲ ਦੀ ਬੈਠਕ 'ਚ ਪਾਰਟੀ ਦੇ 48 ਵਿਧਾਇਕ ਦਿੱਲੀ ਵਿਧਾਨ ਸਭਾ 'ਚ ਸਦਨ ਦੇ ਨੇਤਾ ਦੀ ਚੋਣ ਕਰਨਗੇ, ਜੋ ਮੁੱਖ ਮੰਤਰੀ ਬਣੇਗਾ। ਇਹ ਬੈਠਕ ਭਾਜਪਾ ਦੇ ਕੇਂਦਰੀ ਆਬਜ਼ਰਵਰ ਪ੍ਰਸਾਦ ਅਤੇ ਧਨਖੜ ਦੀ ਮੌਜੂਦਗੀ 'ਚ ਹੋਵੇਗੀ। ਪਾਰਟੀ ਵਿਧਾਇਕਾਂ ਵਲੋਂ ਨੇਤਾ ਚੁਣੇ ਜਾਣ ਤੋਂ ਬਾਅਦ ਭਵਿੱਖ ਦੇ ਮੁੱਖ ਮੰਤਰੀ ਦਿੱਲੀ ਦੇ ਉਪ ਰਾਜਪਾਲ ਵੀਕੇ ਸਕਸੈਨਾ ਨੂੰ ਰਾਜ ਨਿਵਾਸ ਵਿਖੇ ਮਿਲ ਕੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰਨਗੇ। ਇਸ ਦੌਰਾਨ, ਰਾਮਲੀਲਾ ਮੈਦਾਨ 'ਚ ਨਵੀਂ ਸਰਕਾਰ ਦੇ ਸ਼ਾਨਦਾਰ ਸਹੁੰ ਚੁੱਕ ਸਮਾਗਮ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ 'ਤੇ ਹਨ। ਸੂਤਰਾਂ ਦਾ ਕਹਿਣਾ ਹੈ ਕਿ ਸਹੁੰ ਚੁੱਕ ਸਮਾਗਮ ਵੀਰਵਾਰ ਦੁਪਹਿਰ ਨੂੰ ਹੋਵੇਗਾ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਉਨ੍ਹਾਂ ਦੇ ਕੈਬਨਿਟ ਸਾਥੀ ਅਤੇ ਰਾਸ਼ਟਰੀ ਜਨਤਾਂਤਰਿਕ ਗਠਜੋੜ (ਐੱਨਡੀਏ) ਸ਼ਾਸਿਤ ਰਾਜਾਂ ਦੇ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਵੀ ਸਹੁੰ ਚੁੱਕ ਸਮਾਗਮ 'ਚ ਸ਼ਾਮਲ ਹੋਣਗੇ। ਇਸ ਸਮਾਗਮ 'ਚ ਲਗਭਗ 50,000 ਲੋਕਾਂ ਦੇ ਸ਼ਾਮਲ ਹੋਣ ਦੀ ਉਮੀਦ ਹੈ, ਜਿਨ੍ਹਾਂ 'ਚ ਕੁਝ ਵਿਸ਼ੇਸ਼ ਮਹਿਮਾਨ ਵੀ ਸ਼ਾਮਲ ਹਨ। ਨਵੇਂ ਮੁੱਖ ਮੰਤਰੀ ਲਈ ਜਿਨ੍ਹਾਂ ਨਾਵਾਂ 'ਤੇ ਚਰਚਾ ਹੋ ਰਹੀ ਹੈ, ਉਨ੍ਹਾਂ 'ਚ ਪ੍ਰਵੇਸ਼ ਵਰਮਾ ਪ੍ਰਮੁੱਖ ਹਨ। ਉਨ੍ਹਾਂ ਨੇ ਇਸ ਵਿਧਾਨ ਸਭਾ ਚੋਣ 'ਚ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਨੂੰ ਹਰਾਇਆ ਹੈ। ਦਿੱਲੀ ਭਾਜਪਾ ਦੇ ਸਾਬਕਾ ਪ੍ਰਧਾਨ ਵਿਜੇਂਦਰ ਗੁਪਤਾ, ਸਤੀਸ਼ ਉਪਾਧਿਆਏ, ਪਵਨ ਸ਼ਰਮਾ, ਆਸ਼ੀਸ਼ ਸੂਦ, ਰੇਖਾ ਗੁਪਤਾ ਅਤੇ ਸ਼ਿਖਾ ਰਾਏ ਵਰਗੇ ਹੋਰ ਨੇਤਾ ਵੀ ਮੁੱਖ ਮੰਤਰੀ ਅਹੁਦੇ ਦੇ ਦਾਅਵੇਦਾਰਾਂ 'ਚ ਸ਼ਾਮਲ ਦੱਸੇ ਜਾ ਰਹੇ ਹਨ। ਪਾਰਟੀ ਆਗੂਆਂ ਦਾ ਮੰਨਣਾ ਹੈ ਕਿ ਮੁੱਖ ਮੰਤਰੀ ਦੇ ਅਹੁਦੇ ਲਈ ਜਨਤਕ ਤੌਰ 'ਤੇ ਚਰਚਾ ਕੀਤੇ ਜਾ ਰਹੇ ਨਾਵਾਂ ਤੋਂ ਇਲਾਵਾ, ਕੁਝ ਆਗੂ ਅਜਿਹੇ ਹਨ ਜੋ ਇਸ ਦੌੜ 'ਚ 'ਲੁਕਵੇਂ ਯੋਧੇ' ਸਾਬਤ ਹੋ ਸਕਦੇ ਹਨ। ਬਵਾਨਾ (ਐੱਸਸੀ) ਸੀਟ ਤੋਂ ਵਿਧਾਇਕ ਰਵਿੰਦਰ ਇੰਦਰ ਸਿੰਘ ਅਤੇ ਪਹਿਲੀ ਵਾਰ ਭਾਜਪਾ ਲਈ ਮਾਦੀਪੁਰ (ਐੱਸਸੀ) ਸੀਟ ਜਿੱਤਣ ਵਾਲੇ ਕੈਲਾਸ਼ ਗੰਗਵਾਲ ਨੂੰ ਇਸੇ ਨਜ਼ਰੀਏ ਤੋਂ ਦੇਖਿਆ ਜਾ ਰਿਹਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8