ਕੇਂਦਰ ’ਚ ਮੰਤਰੀ ਬਣਨ ਨੂੰ ਲੈ ਕੇ ਬਾਗੀ ਧੜੇ ’ਚ ਝਗੜਾ ਜਾਰੀ : ਰਾਊਤ

Friday, Jun 19, 2026 - 11:36 PM (IST)

ਕੇਂਦਰ ’ਚ ਮੰਤਰੀ ਬਣਨ ਨੂੰ ਲੈ ਕੇ ਬਾਗੀ ਧੜੇ ’ਚ ਝਗੜਾ ਜਾਰੀ : ਰਾਊਤ

ਮੁੰਬਈ- ਸ਼ਿਵ ਸੈਨਾ (ਯੂ. ਬੀ. ਟੀ.) ਦੇ ਨੇਤਾ ਸੰਜੇ ਰਾਊਤ ਨੇ ਸ਼ੁੱਕਰਵਾਰ ਨੂੰ ਦਾਅਵਾ ਕੀਤਾ ਕਿ ਪਾਰਟੀ ਦੇ ਬਾਗੀ ਸੰਸਦ ਮੈਂਬਰਾਂ ਵਿਚਾਲੇ ਮੰਤਰੀ ਅਹੁਦੇ ਨੂੰ ਲੈ ਕੇ ਅਣਬਣ ਸੀ ਅਤੇ ਜਿਨ੍ਹਾਂ ਨੂੰ ਸਰਕਾਰ ’ਚ ਮੌਕਾ ਨਹੀਂ ਮਿਲੇਗਾ, ਉਨ੍ਹਾਂ ਨੂੰ ਵਾਧੂ 25 ਕਰੋੜ ਰੁਪਏ ਦੇਣ ’ਤੇ ਸਹਿਮਤੀ ਬਣੀ ਹੈ। ਸ਼ਿਵ ਸੈਨਾ (ਯੂ. ਬੀ. ਟੀ.) ਦੇ ਸੰਸਦ ਮੈਂਬਰ ਸੰਜੇ ਦੀਨਾ ਪਾਟਿਲ, ਸੰਜੇ ਦੇਸ਼ਮੁਖ, ਸੰਜੇ ਜਾਧਵ, ਭਾਊਸਾਹਿਬ ਵਾਕਚੌਰੇ, ਨਾਗੇਸ਼ ਪਾਟਿਲ-ਆਸ਼ਟੀਕਰ ਅਤੇ ਓਮਪ੍ਰਕਾਸ਼ ਰਾਜੇ ਨਿੰਬਾਲਕਰ ਦੇ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਏਕਨਾਥ ਸ਼ਿੰਦੇ ਦੀ ਅਗਵਾਈ ਵਾਲੀ ਸੱਤਾਧਾਰੀ ਸ਼ਿਵ ਸੈਨਾ ’ਚ ਸ਼ਾਮਲ ਹੋਣ ਦੀ ਸੰਭਾਵਨਾ ਹੈ।

ਇਨ੍ਹਾਂ ਸੰਸਦ ਮੈਂਬਰਾਂ ਨੇ ਵੀਰਵਾਰ ਨੂੰ ਆਯੋਜਿਤ ਸ਼ਿਵ ਸੈਨਾ (ਯੂ. ਬੀ. ਟੀ.) ਸੰਸਦੀ ਦਲ ਦੀ ਬੈਠਕ ’ਚ ਹਿੱਸਾ ਨਹੀਂ ਲਿਆ, ਜਿਸ ਨਾਲ ਇਨ੍ਹਾਂ ਸੰਸਦ ਮੈਂਬਰਾਂ ਦੇ ਪਾਰਟੀ ਮੁਖੀ ਊਧਵ ਠਾਕਰੇ ਦਾ ਸਾਥ ਛੱਡਣ ਦੀ ਪੁਸ਼ਟੀ ਹੋ ਗਈ। ਰਾਊਤ ਨੇ ਪੱਤਰਕਾਰਾਂ ਨਾਲ ਗੱਲਬਾਤ ’ਚ ਦਾਅਵਾ ਕੀਤਾ, ‘‘ਬਾਗੀ ਧੜੇ ’ਚ ਇਸ ਗੱਲ ਨੂੰ ਲੈ ਕੇ ਝਗੜਾ ਚੱਲ ਰਿਹਾ ਹੈ ਕਿ ਕੇਂਦਰ ’ਚ ਮੰਤਰੀ ਕੌਣ ਬਣੇਗਾ।’’ ਉਨ੍ਹਾਂ ਦੋਸ਼ ਲਾਇਆ, ‘‘6 ਬਾਗੀ ਸੰਸਦ ਮੈਂਬਰਾਂ ’ਚੋਂ ਸਿਰਫ 1 ਹੀ ਮੰਤਰੀ ਬਣ ਸਕਦਾ ਹੈ, ਇਸ ਲਈ ਇਹ ਸਮਝੌਤਾ ਹੋਇਆ ਹੈ ਕਿ ਬਾਕੀ ਲੋਕਾਂ ਨੂੰ (ਦਲ ਬਦਲਣ ਲਈ) ਵਾਧੂ 25 ਕਰੋੜ ਰੁਪਏ ਦਿੱਤੇ ਜਾਣਗੇ।’’


author

Rakesh

Content Editor

Related News