ਕਦੇ ਟਾਟਾ ਸਟੀਲ ਦੀ ਭੱਠੀ ''ਚ ਚੂਨਾ ਪੱਥਰ ਪਾਉਣ ਦਾ ਕੰਮ ਕੀਤਾ, ਫੋਰਡ ਚੇਅਰਮੈਨ ਤੋਂ ਅਪਮਾਨ ਦਾ ਇੰਝ ਲਿਆ ਬਦਲਾ
Thursday, Oct 10, 2024 - 12:53 AM (IST)
ਨੈਸ਼ਨਲ ਡੈਸਕ- ਦੇਸ਼ ਦੇ ਮਸ਼ਹੂਰ ਉਦਯੋਗਪਤੀ ਰਤਨ ਟਾਟਾ ਇਸ ਦੁਨੀਆ 'ਚ ਨਹੀਂ ਰਹੇ। ਟਾਟਾ ਸੰਨਜ਼ ਦੇ ਚੇਅਰਮੈਨ ਰਤਨ ਟਾਟਾ ਦੀ ਹਾਲਤ ਨਾਜ਼ੁਕ ਸੀ ਅਤੇ ਉਨ੍ਹਾਂ ਨੂੰ ਮੁੰਬਈ ਦੇ ਇੱਕ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਉੱਘੇ ਉਦਯੋਗਪਤੀ ਦੀ ਮੁੰਬਈ ਦੇ ਇੱਕ ਹਸਪਤਾਲ ਵਿੱਚ ਮੌਤ ਹੋ ਗਈ। ਟਾਟਾ ਸਮੂਹ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ, 'ਇਹ ਸਾਡੇ ਲਈ ਬਹੁਤ ਵੱਡਾ ਨੁਕਸਾਨ ਹੈ'।
2008 ਵਿੱਚ ਰਤਨ ਟਾਟਾ ਨੂੰ ਭਾਰਤ ਸਰਕਾਰ ਦੁਆਰਾ ਪਦਮ ਵਿਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ ਸੀ, ਜੋ ਦੇਸ਼ ਦਾ ਦੂਜਾ ਸਭ ਤੋਂ ਵੱਡਾ ਨਾਗਰਿਕ ਪੁਰਸਕਾਰ ਹੈ। ਦਸੰਬਰ 2012 ਵਿੱਚ ਉਨ੍ਹਾਂ ਨੇ ਟਾਟਾ ਸਮੂਹ ਵਿੱਚ 50 ਸਾਲਾਂ ਬਾਅਦ ਟਾਟਾ ਸੰਨਜ਼ ਦੇ ਚੇਅਰਮੈਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਇਸ ਤੋਂ ਬਾਅਦ ਰਤਨ 'ਟਾਟਾ ਸੰਨਜ਼' ਦੇ ਆਨਰੇਰੀ ਪ੍ਰਧਾਨ ਬਣੇ।
ਰਤਨ ਟਾਟਾ ਦਾ ਜਨਮ 28 ਦਸੰਬਰ 1937 ਨੂੰ ਮੁੰਬਈ ਵਿੱਚ ਨਵਲ ਟਾਟਾ ਅਤੇ ਸੁਨੀ ਟਾਟਾ ਦੇ ਘਰ ਹੋਇਆ ਸੀ। ਉਹ ਦੇਸ਼ ਦੇ ਵੱਕਾਰੀ ਟਾਟਾ ਪਰਿਵਾਰ ਦਾ ਹਿੱਸਾ ਸੀ। ਉਨਾਂ ਨੇ 25 ਸਾਲ ਦੀ ਉਮਰ ਵਿੱਚ ਟਾਟਾ ਗਰੁੱਪ ਵਿੱਚ ਆਪਣਾ ਕਰੀਅਰ ਸ਼ੁਰੂ ਕੀਤਾ ਸੀ। ਰਤਨ ਟਾਟਾ ਦਾ ਪਾਲਣ ਪੋਸ਼ਣ ਉਨ੍ਹਾਂ ਦੀ ਦਾਦੀ ਲੇਡੀ ਨਵਾਜ਼ਬਾਈ ਨੇ 10 ਸਾਲ ਦੀ ਉਮਰ ਤੱਕ ਟਾਟਾ ਪੈਲੇਸ ਵਿੱਚ ਕੀਤਾ ਸੀ।
ਟਾਟਾ ਸਟੀਲ ਦੀ ਭੱਠੀ 'ਚ ਚੂਨਾ ਪੱਥਰ ਪਾਉਣ ਦਾ ਕੰਮ ਕੀਤਾ
ਅਮਰੀਕੀ ਤਕਨੀਕੀ ਕੰਪਨੀ IBM ਨਾਲ ਨੌਕਰੀ ਦੀ ਪੇਸ਼ਕਸ਼ ਦੇ ਬਾਵਜੂਦ, ਟਾਟਾ ਨੇ ਭਾਰਤ ਵਾਪਸ ਆਉਣ ਦਾ ਫੈਸਲਾ ਕੀਤਾ ਅਤੇ ਟਾਟਾ ਸਟੀਲ ਨਾਲ ਆਪਣਾ ਕਰੀਅਰ ਸ਼ੁਰੂ ਕੀਤਾ। ਉਨ੍ਹਾਂ ਦੇ ਪਰਿਵਾਰਕ ਮੈਂਬਰ ਕੰਪਨੀ ਦੇ ਮਾਲਕ ਸਨ ਪਰ ਉਹ ਇਕ ਆਮ ਮੁਲਾਜ਼ਮ ਵਾਂਗ ਕੰਪਨੀ ਵਿਚ ਕੰਮ ਕਰਨ ਲੱਗੇ। ਉਨ੍ਹਾਂ ਨੇ ਟਾਟਾ ਸਟੀਲ ਪਲਾਂਟ ਵਿੱਚ ਭੱਠੀਆਂ ਵਿੱਚ ਚੂਨਾ ਪਾਉਣ ਦਾ ਕੰਮ ਵੀ ਕੀਤਾ।
ਫੋਰਡ ਕੰਪਨੀ ਦੇ ਚੇਅਰਮੈਨ ਨੇ ਰਤਨ ਟਾਟਾ ਦਾ ਕੀਤਾ ਅਪਮਾਨ
90 ਦੇ ਦਹਾਕੇ 'ਚ ਜਦੋਂ ਟਾਟਾ ਗਰੁੱਪ ਨੇ ਆਪਣੀ ਕਾਰ ਲਾਂਚ ਕੀਤੀ ਸੀ ਤਾਂ ਕੰਪਨੀ ਦੀ ਵਿਕਰੀ ਉਮੀਦਾਂ 'ਤੇ ਖਰੀ ਨਹੀਂ ਉਤਰੀ ਸੀ। ਉਸ ਸਮੇਂ ਟਾਟਾ ਗਰੁੱਪ ਨੇ ਟਾਟਾ ਮੋਟਰਜ਼ ਦੀ ਪੈਸੰਜਰ ਕਾਰ ਡਿਵੀਜ਼ਨ ਨੂੰ ਵੇਚਣ ਦਾ ਫੈਸਲਾ ਕੀਤਾ ਜੋ ਚੁਣੌਤੀਆਂ ਦਾ ਸਾਹਮਣਾ ਕਰ ਰਹੀ ਸੀ। ਇਸ ਦੇ ਲਈ ਰਤਨ ਟਾਟਾ ਨੇ ਅਮਰੀਕੀ ਕਾਰ ਨਿਰਮਾਤਾ ਕੰਪਨੀ ਫੋਰਡ ਮੋਟਰਜ਼ ਦੇ ਚੇਅਰਮੈਨ ਬਿਲ ਫੋਰਡ ਨਾਲ ਗੱਲ ਕੀਤੀ। ਗੱਲਬਾਤ ਦੌਰਾਨ ਬਿੱਲ ਫੋਰਡ ਨੇ ਉਨ੍ਹਾਂ ਦਾ ਮਜ਼ਾਕ ਉਡਾਉਂਦੇ ਹੋਏ ਕਿਹਾ ਕਿ ਤੁਹਾਨੂੰ ਕੁਝ ਨਹੀਂ ਪਤਾ, ਤੁਸੀਂ ਪੈਸੰਜਰ ਕਾਰ ਡਿਵੀਜ਼ਨ ਕਿਉਂ ਸ਼ੁਰੂ ਕੀਤੀ? ਜੇ ਮੈਂ ਇਹ ਸੌਦਾ ਕਰਦਾ ਹਾਂ ਤਾਂ ਇਹ ਤੁਹਾਡੇ ਲਈ ਬਹੁਤ ਵੱਡਾ ਅਹਿਸਾਨ ਹੋਵੇਗਾ। ਫੋਰਡ ਚੇਅਰਮੈਨ ਦੇ ਇਨ੍ਹਾਂ ਸ਼ਬਦਾਂ ਤੋਂ ਰਤਨ ਟਾਟਾ ਨੂੰ ਬਹੁਤ ਦੁੱਖ ਹੋਇਆ ਪਰ ਉਨ੍ਹਾਂ ਨੇ ਇਸ ਦਾ ਪ੍ਰਗਟਾਵਾ ਨਹੀਂ ਕੀਤਾ। ਇਸ ਤੋਂ ਬਾਅਦ ਉਨਾਂ ਨੇ ਪੈਸੰਜਰ ਕਾਰ ਡਿਵੀਜ਼ਨ ਨੂੰ ਵੇਚਣ ਦੇ ਆਪਣੇ ਫੈਸਲੇ ਨੂੰ ਮੁਲਤਵੀ ਕਰ ਦਿੱਤਾ ਅਤੇ ਉਨ੍ਹਾਂ ਤੋਂ ਆਪਣੇ ਅੰਦਾਜ਼ ਵਿੱਚ ਬਦਲਾ ਲਿਆ।
9 ਸਾਲਾਂ ਬਾਅਦ ਰਤਨ ਟਾਟਾ ਨੇ ਅਪਮਾਨ ਦਾ ਇੰਝ ਲਿਆ ਬਦਲਾ
ਫੋਰਡ ਦੇ ਨਾਲ ਸੌਦੇ ਨੂੰ ਮੁਲਤਵੀ ਕਰਨ ਤੋਂ ਬਾਅਦ ਰਤਨ ਟਾਟਾ ਘਰ ਪਰਤ ਆਏ ਅਤੇ ਟਾਟਾ ਮੋਟਰਜ਼ ਦੇ ਕਾਰ ਡਿਵੀਜ਼ਨ 'ਤੇ ਧਿਆਨ ਕੇਂਦਰਿਤ ਕੀਤਾ ਅਤੇ ਇਸ ਨੂੰ ਬਹੁਤ ਉਚਾਈਆਂ 'ਤੇ ਲੈ ਗਏ। ਫੋਰਡ ਦੇ ਮੁਖੀ ਨਾਲ ਹੋਈ ਗੱਲਬਾਤ ਤੋਂ ਕਰੀਬ 9 ਸਾਲ ਬਾਅਦ ਟਾਟਾ ਮੋਟਰਜ਼ ਦੀਆਂ ਕਾਰਾਂ ਨੇ ਪੂਰੀ ਦੁਨੀਆ 'ਚ ਆਪਣੀ ਪਛਾਣ ਬਣਾ ਲਈ ਸੀ। ਕੰਪਨੀ ਦੀਆਂ ਕਾਰਾਂ ਦੁਨੀਆ ਦੀ ਸਭ ਤੋਂ ਵੱਧ ਵਿਕਣ ਵਾਲੀ ਸ਼੍ਰੇਣੀ ਵਿੱਚ ਸ਼ਾਮਲ ਸਨ। ਦੂਜੇ ਪਾਸੇ ਫੋਰਡ ਕੰਪਨੀ ਦੀ ਹਾਲਤ ਵਿਗੜ ਰਹੀ ਸੀ। ਟਾਟਾ ਨੇ ਡੁੱਬ ਰਹੀ ਫੋਰਡ ਕੰਪਨੀ ਨੂੰ ਬਾਹਰ ਕੱਢਣ ਦੀ ਜ਼ਿੰਮੇਵਾਰੀ ਲਈ ਅਤੇ ਨਾਲ ਹੀ ਉਨ੍ਹਾਂ ਨੇ 9 ਸਾਲ ਪਹਿਲਾਂ ਕੀਤੇ ਅਪਮਾਨ ਦਾ ਬਦਲਾ ਵੀ ਲਿਆ।
ਦਰਅਸਲ, ਚੁਣੌਤੀਆਂ ਦਾ ਸਾਹਮਣਾ ਕਰ ਰਹੇ ਫੋਰਡ ਨੂੰ ਬਚਾਉਣ ਲਈ ਰਤਨ ਟਾਟਾ ਨੇ ਆਪਣੇ ਪ੍ਰਸਿੱਧ ਬ੍ਰਾਂਡ ਜੈਗੁਆਰ ਅਤੇ ਲੈਂਡ ਰੋਵਰ ਨੂੰ ਖਰੀਦਣ ਦੀ ਪੇਸ਼ਕਸ਼ ਕੀਤੀ ਪਰ ਉਨ੍ਹਾਂ ਨੇ ਅਮਰੀਕਾ ਜਾਣ ਦੀ ਬਜਾਏ ਫੋਰਡ ਦੇ ਚੇਅਰਮੈਨ ਨੂੰ ਡੀਲ ਲਈ ਭਾਰਤ ਬੁਲਾਇਆ।
ਫੋਰਡ ਚੇਅਰਮੈਨ ਦੇ ਬਦਲੇ ਸੁਰ, ਕੀਤੀ ਟਾਟਾ ਦੀ ਤਾਰੀਫ
ਆਪਣੀ ਬੇਇੱਜ਼ਤੀ ਦਾ ਬਦਲਾ ਲੈਣ ਲਈ ਰਤਨ ਟਾਟਾ ਨੇ ਬਿਨਾਂ ਕੁਝ ਕਹੇ ਅਜਿਹੀ ਸਥਿਤੀ ਪੈਦਾ ਕਰ ਦਿੱਤੀ ਕਿ ਫੋਰਡ ਚੇਅਰਮੈਨ ਨੂੰ ਆਪਣੇ ਸੁਰ ਬਦਲਣੇ ਪੇ। ਮੁੰਬਈ ਵਿੱਚ ਰਤਨ ਟਾਟਾ ਦੀ ਪੇਸ਼ਕਸ਼ ਨੂੰ ਸਵੀਕਾਰ ਕਰਦੇ ਹੋਏ ਫੋਰਡ ਦੇ ਚੇਅਰਮੈਨ ਬਿਲ ਫੋਰਡ ਨੇ ਆਪਣੇ ਬਾਰੇ ਉਹੀ ਗੱਲਾਂ ਕਹੀਆਂ ਜੋ ਉਸਨੇ ਇੱਕ ਵਾਰ ਰਤਨ ਟਾਟਾ ਦਾ ਅਪਮਾਨ ਕਰਦੇ ਹੋਏ ਕਹੀਆਂ ਸਨ। ਇਸ ਦੌਰਾਨ ਉਨ੍ਹਾਂ ਰਤਨ ਟਾਟਾ ਦਾ ਧੰਨਵਾਦ ਕੀਤਾ ਅਤੇ ਕਿਹਾ, "ਤੁਸੀਂ ਜੈਗੁਆਰ ਅਤੇ ਲੈਂਡ ਰੋਵਰ ਸੀਰੀਜ਼ ਖਰੀਦ ਕੇ ਸਾਡੇ 'ਤੇ ਵੱਡਾ ਉਪਕਾਰ ਕਰ ਰਹੇ ਹੋ।"