ਮਹਿਲਾ ਉੱਦਮੀਆਂ ਲਈ ਕ੍ਰੈਡਿਟ ਗਾਰੰਟੀ ’ਚ ਤੇਜ਼ੀ ਨਾਲ ਵਾਧਾ

Thursday, Jan 15, 2026 - 12:00 AM (IST)

ਮਹਿਲਾ ਉੱਦਮੀਆਂ ਲਈ ਕ੍ਰੈਡਿਟ ਗਾਰੰਟੀ ’ਚ ਤੇਜ਼ੀ ਨਾਲ ਵਾਧਾ

ਨੈਸ਼ਨਲ ਡੈਸਕ- ਪਿਛਲੇ ਤਿੰਨ ਸਾਲਾਂ ’ਚ ਮਹਿਲਾ ਉੱਦਮੀਆਂ ਨੂੰ ਮਿਲਣ ਵਾਲੀ ਕ੍ਰੈਡਿਟ ਸਪੋਰਟ ਵਿਚ ਕਾਫੀ ਵਾਧਾ ਹੋਇਆ ਹੈ। ਮਾਈਕਰੋ ਅਤੇ ਸਮਾਲ ਐਂਟਰਪ੍ਰਾਈਜ਼ਿਜ਼ ਲਈ ਕ੍ਰੈਡਿਟ ਗਾਰੰਟੀ ਸਕੀਮ (ਸੀ. ਜੀ. ਐੱਸ.) ਦੇ ਤਹਿਤ ਇਹ ਗਾਰੰਟੀ ਲਗਾਤਾਰ ਵਧੀ ਹੈ, ਜੋ ਮਹਿਲਾ ਉੱਦਮੀਆਂ ਦੀ ਵਧਦੀ ਹਿੱਸੇਦਾਰੀ ਨੂੰ ਦਰਸਾਉਂਦੀ ਹੈ।

ਮਿਨਿਸਟਰੀ ਆਫ ਮਾਈਕਰੋ, ਸਮਾਲ ਐਂਡ ਮੀਡੀਅਮ ਐਂਟਰਪ੍ਰਾਈਜ਼ਿਜ਼ (ਐੱਮ. ਐੱਸ. ਐੱਮ. ਈ.) ਦੇ ਅਨੁਸਾਰ, 2022-23 ਵਿਚ ਮਹਿਲਾ ਉੱਦਮੀਆਂ ਲਈ 16,373 ਕਰੋੜ ਰੁਪਏ ਦੀ ਗਾਰੰਟੀ ਮਨਜ਼ੂਰ ਕੀਤੀ ਗਈ ਸੀ। ਇਹ 2023-24 ਵਿਚ ਵਧ ਕੇ 32,223 ਕਰੋੜ ਰੁਪਏ ਹੋ ਗਈ ਅਤੇ 2024-25 ਵਿਚ ਦੁੱਗਣੀ ਹੋ ਕੇ 47,969 ਕਰੋੜ ਰੁਪਏ ਹੋ ਗਈ। ਮੌਜੂਦਾ ਵਿੱਤੀ ਸਾਲ ਵਿਚ, 9 ਦਸੰਬਰ 2025 ਤੱਕ, ਮਨਜ਼ੂਰ ਕੀਤੀ ਗਈ ਰਕਮ 41,808 ਕਰੋੜ ਰੁਪਏ ਹੈ, ਜਿਸ ਵਿਚ ਹੁਣ ਤੱਕ 3,33,208 ਗਾਰੰਟੀ ਮਨਜ਼ੂਰ ਕੀਤੀ ਜਾ ਚੁੱਕੀ ਹੈ।

ਇਹ ਮਨਜ਼ੂਰੀਆਂ ਦੇਸ਼ ਭਰ ’ਚ ਸਭ ਨੂੰ ਨਾਲ ਲੈ ਕੇ ਚੱਲਣ ਅਤੇ ਮਹਿਲਾਵਾਂ ਦੀ ਅਗਵਾਈ ਵਾਲੇ ਐਂਟਰਪ੍ਰਾਈਜ਼ਿਜ਼ ਨੂੰ ਉਤਸ਼ਾਹਿਤ ਕਰਨ ਦੀ ਵੱਡੀ ਕੋਸ਼ਿਸ਼ ਦਾ ਹਿੱਸਾ ਹਨ। ਕ੍ਰੈਡਿਟ ਦੀ ਸਹੂਲਤ ਦੇ ਨਾਲ-ਨਾਲ, ਸਰਕਾਰ ਉੱਦਮ ਅਤੇ ਉੱਦਮ ਅਸਿਸਟ ਵਰਗੇ ਪਲੇਟਫਾਰਮਾਂ ਰਾਹੀਂ ਡਿਜੀਟਲ ਰਜਿਸਟ੍ਰੇਸ਼ਨ ’ਤੇ ਵੀ ਧਿਆਨ ਦੇ ਰਹੀ ਹੈ। ਹਾਲਾਂਕਿ, ਇਨ੍ਹਾਂ ਪੋਰਟਲਾਂ ’ਤੇ ਸਿਰਫ 39 ਫੀਸਦੀ ਮਹਿਲਾਵਾਂ ਨੇ ਹੀ ਰਜਿਸਟ੍ਰੇਸ਼ਨ ਕਰਵਾਈ ਹੈ।

ਸਰਕਾਰ ਨੇ ਮਹਿਲਾਵਾਂ ਦੀ ਅਗਵਾਈ ਵਾਲੇ ਉੱਦਮਾਂ ਤੋਂ ਸਰਕਾਰੀ ਖਰੀਦ ਵਿਚ ਹੋਈ ਪ੍ਰਗਤੀ ’ਤੇ ਵੀ ਜ਼ੋਰ ਦਿੱਤਾ ਹੈ। ਮਾਈਕਰੋ ਅਤੇ ਸਮਾਲ ਐਂਟਰਪ੍ਰਾਈਜ਼ ਲਈ ਸਰਕਾਰੀ ਖਰੀਦ ਪਾਲਿਸੀ ਦੇ ਤਹਿਤ, ਕੇਂਦਰੀ ਮੰਤਰਾਲਿਆਂ ਅਤੇ ਵਿਭਾਗਾਂ ਵੱਲੋਂ ਜ਼ਰੂਰੀ ਸਾਲਾਨਾ ਖਰੀਦ ਦਾ ਘੱਟੋ-ਘੱਟ 3 ਫੀਸਦੀ ਮਹਿਲਾਵਾਂ ਦੀ ਮਲਕੀਅਤ ਵਾਲੀਆਂ ਯੂਨਿਟਾਂ ਤੋਂ ਹੋਣਾ ਚਾਹੀਦਾ ਹੈ। 2024-25 ਦੌਰਾਨ, ਅਜਿਹੇ ਉੱਦਮਾਂ ਤੋਂ 6,105.71 ਕਰੋੜ ਰੁਪਏ ਦੀ ਖਰੀਦ ਦਰਜ ਕੀਤੀ ਗਈ ਹੈ।

ਇਸ ਤੋਂ ਇਲਾਵਾ, ਮਹਿਲਾ ਉੱਦਮੀਆਂ ਨੂੰ ਮਾਰਕੀਟਿੰਗ ਅਤੇ ਪ੍ਰਮੋਸ਼ਨ ਦੀ ਪਹਿਲਕਦਮੀ ਦਾ ਫਾਇਦਾ ਮਿਲਣਾ ਜਾਰੀ ਹੈ। ਹਾਲਾਂਕਿ, ਇਹ ਸੰਖਿਆਵਾਂ ਘਟ ਰਹੀਆਂ ਹਨ। ਪ੍ਰੋਕਿਊਰਮੈਂਟ ਅਤੇ ਮਾਰਕੀਟਿੰਗ ਸਪੋਰਟ ਸਕੀਮ ਦੇ ਤਹਿਤ, 2023-24 ਵਿਚ 3,818 ਮਹਿਲਾਵਾਂ ਦੇ ਮਾਈਕਰੋ ਅਤੇ ਸਮਾਲ ਐਂਟਰਪ੍ਰਾਈਜ਼ ਨੂੰ ਫਾਇਦਾ ਹੋਇਆ, ਇਸ ਤੋਂ ਬਾਅਦ 2024-25 ਵਿਚ 3,538 ਅਤੇ 2025-26 ਵਿਚ 8 ਦਸੰਬਰ, 2025 ਤੱਕ 2,870 ਨੂੰ ਫਾਇਦਾ ਹੋਇਆ।

ਮੰਤਰਾਲੇ ਨੇ ਇਹ ਵੀ ਦੱਸਿਆ ਕਿ ਮਹਿਲਾ ਕਾਰੀਗਰ ਪੀ. ਐੱਮ. ਵਿਸ਼ਵਕਰਮਾ ਸਕੀਮ ਦਾ ਇਕ ਵੱਡਾ ਹਿੱਸਾ ਹਨ। ਸਕੀਮ ਦੇ ਤਹਿਤ ਰਜਿਸਟਰਡ 30 ਲੱਖ ਕਾਰੀਗਰਾਂ ਅਤੇ ਸ਼ਿਲਪਕਾਰਾਂ ਵਿਚੋਂ ਕੁੱਲ 10.8 ਲੱਖ ਮਹਿਲਾ ਲਾਭਪਾਤਰੀ ਹਨ।


author

Rakesh

Content Editor

Related News