ਰਾਮਵਿਲਾਸ ਪਾਸਵਾਨ ਨੂੰ ਅੰਤਿਮ ਵਿਦਾਈ: ਪੁੱਤਰ ਚਿਰਾਗ ਨੇ ਪਿਤਾ ਦੀ ਅਰਥੀ ਨੂੰ ਦਿੱਤਾ ਮੋਢਾ

10/10/2020 2:45:31 PM

ਨਵੀਂ ਦਿੱਲੀ— ਮਰਹੂਮ ਕੇਂਦਰੀ ਮੰਤਰੀ ਰਾਮਵਿਲਾਸ ਪਾਸਵਾਨ ਦਾ ਸਰਕਾਰੀ ਸਨਮਾਨ ਨਾਲ ਅੱਜ ਅੰਤਿਮ ਸੰਸਕਾਰ ਕੀਤਾ ਜਾਵੇਗਾ। ਉਨ੍ਹਾਂ ਦੇ ਪੁੱਤਰ ਅਤੇ ਲੋਕ ਜਨਸ਼ਕਤੀ ਪਾਰਟੀ ਦੇ ਪ੍ਰਧਾਨ ਚਿਰਾਗ ਪਾਸਵਾਨ ਉਨ੍ਹਾਂ ਨੂੰ ਮੁੱਖ ਅਗਨੀ ਦੇਣਗੇ। ਰਾਮਵਿਲਾਸ ਪਾਸਵਾਨ ਨੂੰ ਅੰਤਿਮ ਵਿਦਾਈ ਦੇਣ ਲਈ ਅੰਤਿਮ ਯਾਤਰਾ ਸ਼ੁਰੂ ਹੋ ਚੁੱਕੀ ਹੈ। ਪੁੱਤਰ ਚਿਰਾਗ ਨੇ ਉਨ੍ਹਾਂ ਦੀ ਅਰਥੀ ਨੂੰ ਮੋਢਾ ਦਿੱਤਾ ਹੈ। ਉਨ੍ਹਾਂ ਦਾ ਮਰਹੂਮ ਸਰੀਰ ਦੀਘਾ ਘਾਟ 'ਤੇ ਲਿਆਂਦਾ ਜਾਵੇਗਾ, ਜਿੱਥੇ ਅੰਤਿਮ ਸੰਸਕਾਰ ਕੀਤਾ ਜਾਵੇਗਾ। ਪਾਸਵਾਨ ਦੀ ਅੰਤਿਮ ਯਾਤਰਾ ਦੌਰਾਨ ਨੇਤਾਵਾਂ ਦੀ ਵੱਡੀ ਭੀੜ ਇਕੱਠੀ ਹੋਈ ਹੈ। ਇਸ ਦੌਰਾਨ ਮਾਹੌਲ ਕਾਫੀ ਗ਼ਮਗੀਨ ਹੋ ਗਿਆ। ਪੁੱਤਰ ਚਿਰਾਗ ਪਾਸਵਾਨ ਨੇ ਜਿਵੇਂ ਹੀ ਪਿਤਾ ਨੂੰ ਮੋਢਾ ਦਿੱਤਾ ਤਾਂ  ਲੋਕਾਂ ਦੀਆਂ ਅੱਖਾਂ ਨਮ ਹੋ ਗਈਆਂ। ਇਸ ਦੌਰਾਨ ਵਰਕਰਾਂ ਨੇ 'ਰਾਮਵਿਲਾਸ ਅਮਰ ਰਹਿਣ' ਦੇ ਨਾਅਰੇ ਲਾਏ। 

PunjabKesari

ਦੱਸਣਯੋਗ ਹੈ ਕਿ ਰਾਮਵਿਲਾਸ ਪਾਸਵਾਨ ਦਾ ਵੀਰਵਾਰ ਸ਼ਾਮ ਦਿੱਲੀ ਦੇ ਇਕ ਹਸਪਤਾਲ ਵਿਚ ਦਿਹਾਂਤ ਹੋ ਗਿਆ ਸੀ। ਉਨ੍ਹਾਂ ਦਾ ਮਰਹੂਮ ਸਰੀਰ ਸ਼ੁੱਕਰਵਾਰ ਸ਼ਾਮ ਪਟਨਾ ਲਿਆਂਦਾ ਗਿਆ, ਜਿਸ ਤੋਂ ਬਾਅਦ ਵਿਧਾਨ ਸਭਾ ਅਤੇ ਪਾਰਟੀ ਵਰਕਰਾਂ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਰਾਸ਼ਟਰਪਤੀ ਰਾਮਨਾਥ ਕੋਵਿੰਦ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਸਮੇਤ ਸੀਨੀਅਰ ਨੇਤਾਵਾਂ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਸੀ। 
ਦੱਸ ਦੇਈਏ ਕਿ ਰਾਮਵਿਲਾਸ ਪਾਸਵਾਨ ਦੇ ਨਾਂ 6 ਪ੍ਰਧਾਨ ਮੰਤਰੀਆਂ ਨਾਲ ਕੰਮ ਕਰਨ ਦਾ ਅਨੋਖਾ ਰਿਕਾਰਡ ਹੈ। ਉਹ ਵੀ. ਪੀ. ਸਿੰਘ, ਐੱਚ. ਡੀ. ਦੇਵੇਗੌੜਾ, ਇੰਦਰ ਕੁਮਾਰ ਗੁਜਰਾਲ, ਅਟਲ ਬਿਹਾਰੀ ਵਾਜਪਾਈ, ਮਨਮੋਹਨ ਸਿੰਘ ਅਤੇ ਮੌਜੂਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਕੈਬਨਿਟ ਵਿਚ ਰਹਿ ਕੇ ਕੰਮ ਕਰ ਚੁੱਕੇ ਹਨ।


Tanu

Content Editor Tanu