ਰਾਮਪੁਰ ਜ਼ਿਮਨੀ ਚੋਣਾਂ : ਆਜ਼ਮ ਖਾਨ ਦੇ ਘਰ ਕੋਲੋਂ ਫੜੇ ਗਏ ਫਰਜ਼ੀ ਬੂਥ ਏਜੰਟ

10/21/2019 2:08:42 PM

ਰਾਮਪੁਰ— ਉੱਤਰ ਪ੍ਰਦੇਸ਼ 'ਚ ਵਿਧਾਨ ਸਭਾ ਦੀਆਂ 11 ਸੀਟਾਂ ਲਈ ਜ਼ਿਮਨੀ ਚੋਣਾਂ 'ਚ ਵੋਟਿੰਗ ਜਾਰੀ ਹੈ। ਰਾਮਪੁਰ ਸਦਰ ਸੀਟ 'ਤੇ ਜ਼ਿਮਨੀ ਚੋਣਾਂ ਦੀ ਵੋਟਿੰਗ ਦੌਰਾਨ ਸਮਾਜਵਾਦੀ ਪਾਰਟੀ (ਸਪਾ) ਦੇ ਸੰਸਦ ਮੈਂਬਰ ਆਜ਼ਮ ਖਾਨ ਦੇ ਘਰ ਕੋਲ ਫਰਜ਼ੀ ਬੂਥ ਏਜੰਟ ਫੜੇ ਗਏ ਹਨ। ਪੁਲਸ ਸਾਰਿਆਂ ਨੂੰ ਹਿਰਾਸਤ 'ਚ ਲੈ ਕੇ ਪੁੱਛ-ਗਿੱਛ ਕਰ ਰਹੀ ਹੈ। ਦੱਸਣਯੋਗ ਹੈ ਕਿ ਰਾਮਪੁਰ ਸੀਟ ਤੋਂ ਆਜ਼ਮ ਦੀ ਪਤਨੀ ਤੰਜੀਨ ਫਾਤਿਮਾ ਬਤੌਰ ਸਪਾ ਉਮੀਦਵਾਰ ਮੈਦਾਨ 'ਚ ਹੈ।

ਰਾਮਪੁਰ ਦੇ ਜ਼ਿਲਾ ਅਧਿਕਾਰੀ (ਡੀ.ਐੱਮ.) ਆਨਜਨੇਯ ਕੁਮਾਰ ਸਿੰਘ ਨੇ ਦੱਸਿਆ,''ਹੁਣ ਤੱਕ ਜੋ ਜਾਣਕਾਰੀ ਮਿਲੀ ਹੈ, ਉਸ ਅਨੁਸਾਰ ਇਕ ਆਜ਼ਾਦ ਉਮੀਦਵਾਰ ਜਾਵੇਦ ਦੇ ਸਾਰੇ ਵੋਟਿੰਗ ਏਜੰਟ ਫਰਜ਼ੀ ਹਨ। ਇਨ੍ਹਾਂ 'ਚੋਂ 20 ਏਜੰਟਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜੋ ਆਜ਼ਾਦ ਉਮੀਦਵਾਦ ਜਾਵੇਦ ਲਈ ਬਣਾਏ ਗਏ ਸਨ। ਇਨ੍ਹਾਂ ਦਾ ਜਾਵੇਦ ਤੋਂ ਕੋਈ ਲੈਣਾ-ਦੇਣਾ ਨਹੀਂ ਹੈ। ਇਹ ਸਮਾਜਵਾਦੀ ਪਾਰਟੀ ਦੇ ਹੀ ਵਰਕਰ ਹਵ। ਅਜਿਹਾ ਹੀ ਇਕ ਕਾਂਗਰਸ ਉਮੀਦਵਾਰ ਦਾ ਏਜੰਟ ਫੜਿਆ ਗਿਆ ਹੈ, ਜੋ ਆਜ਼ਾਦ ਉਮੀਦਵਾਰ ਦੇ ਨਾਂ ਤੋਂ ਏਜੰਟ ਬਣਾਇਆ ਗਿਆ ਸੀ।''

ਡੀ.ਐੱਮ. ਦਾ ਕਹਿਣਾ ਹੈ, ਇਨ੍ਹਾਂ ਸਾਰਿਆਂ ਤੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ। ਵੋਟਰਾਂ ਨੂੰ ਵਰਗਲਾਉਣ ਕਾਰਨ ਜਾਵੇਦ ਨੂੰ ਵੀ ਹਿਰਾਸਤ 'ਚ ਲੈ ਕੇ ਪੁੱਛ-ਗਿੱਛ ਕੀਤੀ ਜਾ ਰਹੀ ਹੈ। ਡੀ.ਐੱਮ. ਨੇ ਦੱਸਿਆ,''ਇਸ ਤੋਂ ਇਲਾਵਾ ਤਿੰਨ ਡੀ.ਐੱਲ.ਓ. ਵੀ ਗ੍ਰਿਫਤਾਰ ਕੀਤੇ ਗਏ ਹਨ। ਉਨ੍ਹਾਂ ਦੇ ਨਾਂ ਸੀਮਾ ਰਾਠੌੜ, ਤਾਜੀਆ ਅਤੇ ਮੁਮਤਾਜ ਹਨ। ਇਹ ਹਾਦੀ ਜੂਨੀਅਰ ਹਾਈ ਸਕੂਲ ਦੇ ਵੋਟਿੰਗ ਕੇਂਦਰ 'ਚ ਡਿਊਟੀ ਕਰ ਰਹੇ ਸਨ, ਜਿੱਥੇ ਇਹ ਸਰਕਾਰੀ ਪਰਚੀ ਵੰਡਣ ਦੀ ਬਜਾਏ ਕੱਚੀ ਪਰਚੀ ਵੰਡ ਰਹੇ ਸਨ, ਜਿਨ੍ਹਾਂ ਤੋਂ ਡੀ.ਐੱਮ. ਪੁੱਛ-ਗਿੱਛ ਕਰ ਰਹੇ ਹਨ।

ਦੱਸਣਯੋਗ ਹੈ ਕਿ 2019 ਦੀਆਂ ਲੋਕ ਸਭਾ ਚੋਣਾਂ 'ਚ ਰਾਮਪੁਰ ਸੀਟ ਤੋਂ ਆਜ਼ਮ ਖਾਨ ਨੇ ਚੋਣਾਂ ਜਿੱਤੀਆਂ ਸਨ। ਇਸ ਤੋਂ ਬਾਅਦ ਰਾਮਪੁਰ ਵਿਧਾਨ ਸਭਾ ਸੀਟ ਖਾਲੀ ਹੋਈ ਸੀ। ਆਜ਼ਮ ਦੀ ਪਤਨੀ ਤੰਜੀਨ ਵਿਰੁੱਧ ਭਾਜਪਾ ਨੇ ਇਸ ਸੀਟ ਤੋਂ ਭਾਰਤ ਭੂਸ਼ਣ ਨੂੰ ਉਮੀਦਵਾਰ ਬਣਾਇਆ ਹੈ। ਉੱਥੇ ਹੀ ਬਸਪਾ ਨੇ ਜੁਬੈਰ ਮਸੂਦ ਖਾਨ ਨੂੰ ਟਿਕਟ ਦਿੱਤਾ ਹੈ, ਜਦੋਂ ਕਿ ਕਾਂਗਰਸ ਨੇ ਅਰਸ਼ਦ ਅਲੀ ਖਾਨ 'ਤੇ ਦਾਅ ਖੇਡਿਆ ਹੈ। ਰਾਮਪੁਰ ਸੀਟ 'ਤੇ ਲਗਭਗ 3 ਲੱਖ 81 ਹਜ਼ਾਰ ਵੋਟਰ ਹਨ, ਇਨ੍ਹਾਂ 'ਚੋਂ ਲਗਭਗ 57 ਫੀਸਦੀ ਮੁਸਲਿਮ ਵੋਟਰ ਹਨ। ਹਾਲ ਦੇ ਦਿਨਾਂ 'ਚ ਆਜ਼ਮ ਖਾਨ 'ਤੇ ਕਰੀਬ 80 ਅਪਰਾਧਕ ਮਾਮਲੇ ਦਰਜ ਕੀਤੇ ਗਏ ਸਨ। ਇਨ੍ਹਾਂ 'ਚੋਂ ਬਕਰੀ ਚੋਰੀ ਕਰਨ ਤੋਂ ਲੈ ਕੇ, ਮੁਰਗੀਆਂ ਚੋਰੀ ਕਰਨ ਤੱਕ ਦੇ ਦੋਸ਼ ਹਨ। ਇਸ ਨੂੰ ਲੈ ਕੇ ਆਜ਼ਮ ਖਾਨ ਆਪਣੀ ਪਤਨੀ ਦਾ ਚੋਣ ਪ੍ਰਚਾਰ ਕਰਦੇ ਹੋਏ ਭਾਵੁਕ ਅਪੀਲ ਕਰ ਚੁਕੇ ਹਨ।


DIsha

Content Editor

Related News