ਰਾਮਪਾਲ ਨੂੰ ਦੰਦਾਂ ਦੇ ਇਲਾਜ ਦੀ ਜ਼ਰੂਰਤ ਨਹੀਂ, ਰੱਦ ਹੋਵੇ ਪਟੀਸ਼ਨ

Saturday, Mar 24, 2018 - 02:27 PM (IST)

ਚੰਡੀਗੜ੍ਹ — ਦੇਸ਼ਧ੍ਰੋਹ, ਹੱਤਿਆ ਦੀ ਕੋਸ਼ਿਸ਼, ਐਕਸਪਲੋਸਿਵ ਐਕਟ, ਆਰਮਜ਼ ਐਕਟ ਸਮੇਤ ਕਈ ਅਪਰਾਧਕ ਧਾਰਾਵਾਂ 'ਚ ਦਰਜ ਕੇਸਾਂ ਦੇ ਦੋਸ਼ੀ ਸੰਤ ਰਾਮਪਾਲ ਦੇ ਦੰਦਾਂ ਦੇ ਇਲਾਜ ਦੀ ਮੰਗ 'ਤੇ ਹਰਿਆਣਾ ਪੁਲਸ ਨੇ ਆਪਣਾ ਜਵਾਬ ਪੇਸ਼ ਕੀਤਾ ਹੈ। ਜੇਲ ਸੁਪਰਡੈਂਟ ਸੰਜੀਵ ਪੱਤਰ ਦੇ ਹਲਫਨਾਮੇ ਦੇ ਰੂਪ ਵਿਚ ਪੇਸ਼ ਹਲਫੀਆ ਬਿਆਨ ਵਿਚ ਕਿਹਾ ਹੈ ਕਿ ਰਾਮਪਾਲ ਨੂੰ ਹੁਣ ਦੰਦਾਂ ਦੇ ਇਲਾਜ ਦੀ ਕੋਈ ਜ਼ਰੂਰਤ ਨਹੀਂ ਹੈ। ਅਜਿਹੇ 'ਚ ਰਾਮਪਾਲ ਦੇ ਦੰਦਾਂ ਦੇ ਇਲਾਜ ਸਬੰਧੀ ਮੰਗ ਨੂੰ ਖਾਰਜ ਕਰ ਦਿੱਤਾ ਜਾਣਾ ਚਾਹੀਦਾ ਹੈ।
ਦੱਸਿਆ ਗਿਆ ਹੈ ਕਿ ਦਿੱਲੀ ਦੇ ਇਕ ਡੈਂਟਲ ਕਲੀਨਿਕ ਦੇ ਡੈਂਟਿਸਟ ਡਾ. ਸੰਦੀਪ ਕੁਮਾਰ ਨੇ ਪ੍ਰਾਪਤ ਮਨਜ਼ੂਰੀ ਤੋਂ ਬਾਅਦ ਰਾਮਪਾਲ ਦੇ ਇਲਾਜ ਲਈ ਆਪਣੇ ਸੇਵਾਦਾਰ ਨਾਲ ਸਾਲ ਭਰ 'ਚ 24 ਵਾਰ ਕਈ ਘੰਟੇ ਦਾ ਵਿਜ਼ਿਟ ਕੀਤਾ ਸੀ। ਇਸ ਦੇ ਨਾਲ ਹੀ ਇਲਾਜ ਦੇ ਸਬੰਧ ਵਿਚ ਹਿਸਾਰ ਦੇ ਸਿਵਿਲ ਹਸਪਤਾਲ ਦੇ ਡਾ. ਵਿਕਰਮ ਪੰਘਲ ਦੀ ਰਿਪੋਰਟ ਨੂੰ ਅਧਾਰ ਬਣਾਇਆ ਗਿਆ ਜਿਸਦੇ ਮੁਤਾਬਕ ਰਾਮਪਾਲ ਦੀ ਸਮੱਸਿਆ ਠੀਕ ਹੈ ਅਤੇ ਉਨ੍ਹਾਂ ਨੂੰ ਅੱਗੇ ਹੋਰ ਇਲਾਜ ਦੀ ਜ਼ਰੂਰਤ ਨਹੀਂ ਹੈ।
ਹਾਈਕੋਰਟ 'ਚ ਦਿੱਤੇ ਜਵਾਬ 'ਚ ਪੰਜਾਬ ਜੇਲ ਨਿਯਮਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਗਿਆ ਹੈ ਕਿ ਸਿਰਫ ਵਿਸ਼ੇਸ਼ ਕੇਸਾਂ ਵਿਚ ਕੈਦੀਆਂ ਨੂੰ ਉਸ ਸਮੇਂ ਹੀ ਬਾਹਰੀ ਮਾਹਰਾਂ ਦੇ ਇਲਾਜ ਦੀ ਮਨਜ਼ੂਰੀ ਦਿੱਤੀ ਜਾਂਦੀ ਹੈ ਜੇਕਰ ਜੇਲ ਦਾ ਮੈਡੀਕਲ ਅਫਸਰ ਨੂੰ ਲੱਗੇ ਕਿ ਸਬੰਧਿਤ ਬਿਮਾਰੀ ਵਿਚ ਬਾਹਰੀ ਇਲਾਜ ਦੀ ਜ਼ਰੂਰਤ ਹੈ। ਅਜਿਹੇ 'ਚ ਸਿਵਸ ਹਸਪਤਾਲ ਹਿਸਾਰ ਦੀ ਰਿਪੋਰਟ ਦੇ ਮੁਤਾਬਕ ਰਾਮਪਾਲ ਨੂੰ ਅੱਗੋਂ ਦੰਦਾਂ ਦੇ ਇਲਾਜ ਦੀ ਜ਼ਰੂਰਤ ਨਹੀਂ ਹੈ। ਇਸ ਮਾਮਲੇ 'ਚ ਰਾਮਪਾਲ ਦੇ ਵਕੀਲ ਗਗਨ ਪ੍ਰਦੀਪ ਸਿੰਘ ਬਲ 2 ਅਪ੍ਰੈਲ ਨੂੰ ਬਹਿਸ ਕਰਨਗੇ।

 


Related News