ਰਾਮ ਮੰਦਰ ਮਾਮਲਾ: ਮੁਲਜ਼ਮਾਂ ਤੋਂ ਰਿਮਾਂਡ ’ਤੇ ਪੁੱਛਗਿੱਛ ਪੂਰੀ, 24 ਘੰਟਿਆਂ ’ਚ ਅੰਤਿਮ ਰਿਪੋਰਟ ਸੌਂਪ ਸਕਦੀ ਹੈ SIT

Friday, Jul 17, 2026 - 11:40 AM (IST)

ਰਾਮ ਮੰਦਰ ਮਾਮਲਾ: ਮੁਲਜ਼ਮਾਂ ਤੋਂ ਰਿਮਾਂਡ ’ਤੇ ਪੁੱਛਗਿੱਛ ਪੂਰੀ, 24 ਘੰਟਿਆਂ ’ਚ ਅੰਤਿਮ ਰਿਪੋਰਟ ਸੌਂਪ ਸਕਦੀ ਹੈ SIT

ਲਖਨਊ/ਅਯੁੱਧਿਆ (ਏਜੰਸੀ) - ਅਯੁੱਧਿਆ ਦੇ ਰਾਮ ਮੰਦਰ ’ਚ ਚੜ੍ਹ੍ਹਾਵੇ ਦੀ ਕਥਿਤ ਚੋਰੀ ਦੀ ਜਾਂਚ ਕਰ ਰਿਹਾ ਵਿਸ਼ੇਸ਼ ਜਾਂਚ ਦਲ (ਐੱਸ. ਆਈ. ਟੀ.) ਅਗਲੇ 24 ਘੰਟਿਆਂ ’ਚ ਆਪਣੀ ਅੰਤਿਮ ਰਿਪੋਰਟ ਉੱਤਰ ਪ੍ਰਦੇਸ਼ ਸਰਕਾਰ ਨੂੰ ਸੌਂਪ ਸਕਦਾ ਹੈ। ਸੂਤਰਾਂ ਅਨੁਸਾਰ, ਰਿਪੋਰਟ ਦੇ ਆਧਾਰ ’ਤੇ ਮੰਦਰ ਪ੍ਰਸ਼ਾਸਨ, ਚੜ੍ਹ੍ਹਾਵੇ ਦੀ ਗਣਨਾ ਅਤੇ ਪ੍ਰਬੰਧਨ ਵਿਵਸਥਾ ’ਚ ਵਿਆਪਕ ਬਦਲਾਅ ਕੀਤੇ ਜਾ ਸਕਦੇ ਹਨ। ਮੰਨਿਆ ਜਾ ਰਿਹਾ ਹੈ ਕਿ ਐੱਸ. ਆਈ. ਟੀ. ਦਾ ਕਾਰਜਕਾਲ ਹੁਣ ਦੁਬਾਰਾ ਨਹੀਂ ਵਧਾਇਆ ਜਾਵੇਗਾ। ਸ਼੍ਰੀ ਰਾਮ ਜਨਮਭੂਮੀ ਤੀਰਥ ਖੇਤਰ ਟਰੱਸਟ ਦੀ ਅਪੀਲ ’ਤੇ ਗਠਿਤ 3 ਮੈਂਬਰੀ ਐੱਸ. ਆਈ. ਟੀ. ਨੇ 23 ਜੂਨ ਨੂੰ 9 ਪੰਨਿਆਂ ਦੀ ਮੁੱਢਲੀ ਰਿਪੋਰਟ ਸੌਂਪੀ ਸੀ। ਇਸ ਤੋਂ ਬਾਅਦ ਐੱਫ. ਆਈ. ਆਰ. ਦਰਜ ਹੋਈ, 8 ਮੁਲਜ਼ਮਾਂ ਦੀ ਗ੍ਰਿਫ਼ਤਾਰੀ ਹੋਈ ਅਤੇ ਟਰੱਸਟ ਦੇ 2 ਸੀਨੀਅਰ ਅਹੁਦੇਦਾਰਾਂ ਨੇ ਅਸਤੀਫ਼ਾ ਦਿੱਤਾ। ਅੰਤਿਮ ਰਿਪੋਰਟ ’ਤੇ 22 ਜੁਲਾਈ ਨੂੰ ਪ੍ਰਸਤਾਵਿਤ ਟਰੱਸਟ ਦੀ ਬੈਠਕ ’ਚ ਚਰਚਾ ਹੋਣ ਦੀ ਸੰਭਾਵਨਾ ਹੈ।

ਸਾਬਕਾ ਜਨਰਲ ਸਕੱਤਰ ਚੰਪਤ ਰਾਏ ਨੇ ਕਿਹਾ ਹੈ ਕਿ ਉਹ ਐੱਸ. ਆਈ. ਟੀ. ਦੀ ਅੰਤਿਮ ਰਿਪੋਰਟ ਆਉਣ ਤੋਂ ਬਾਅਦ ਹੀ ਇਸ ਮਾਮਲੇ ’ਤੇ ਪ੍ਰਤੀਕਿਰਿਆ ਦੇਣਗੇ। ਉੱਥੇ ਹੀ ਟਰੱਸਟ ਦੇ ਖਜ਼ਾਨਚੀ ਗੋਵਿੰਦ ਦੇਵ ਗਿਰੀ ਮਹਾਰਾਜ ਨੇ ਜਾਂਚ ਅਤੇ ਸੁਪਰੀਮ ਕੋਰਟ ਦੀ ਨਿਗਰਾਨੀ ’ਤੇ ਭਰੋਸਾ ਪ੍ਰਗਟਾਉਂਦੇ ਹੋਏ ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਦੀ ਵਕਾਲਤ ਕੀਤੀ ਹੈ। ਸੁਪਰੀਮ ਕੋਰਟ ਵੀ ਮਾਮਲੇ ਦੀ ਨਿਰਪੱਖ ਅਤੇ ਸਮਾਂਬੱਧ ਜਾਂਚ ਦੀ ਨਿਗਰਾਨੀ ਕਰ ਰਿਹਾ ਹੈ।

ਮਾਮਲੇ ’ਚ ਗ੍ਰਿਫ਼ਤਾਰ ਮੁਲਜ਼ਮ ਰਮਾਸ਼ੰਕਰ ਮਿਸ਼ਰਾ ਅਤੇ ਸੇਵਾਮੁਕਤ ਬੈਂਕ ਮੁਲਾਜ਼ਮ ਸੁਭਾਸ਼ ਸ਼੍ਰੀਵਾਸਤਵ ਤੋਂ ਬੁੱਧਵਾਰ ਨੂੰ 14 ਘੰਟੇ ਦੇ ਪੁਲਸ ਰਿਮਾਂਡ ਦੌਰਾਨ ਪੁੱਛਗਿੱਛ ਕੀਤੀ ਗਈ। ਪੁੱਛਗਿੱਛ ਪੂਰੀ ਹੋਣ ਤੋਂ ਬਾਅਦ ਦੋਵਾਂ ਨੂੰ ਦੇਰ ਰਾਤ ਫੈਜ਼ਾਬਾਦ ਜ਼ਿਲਾ ਜੇਲ ਭੇਜ ਦਿੱਤਾ ਗਿਆ। ਜਾਂਚ ਦੌਰਾਨ ਪੁਲਸ ਨੇ ਮੁਲਜ਼ਮ ਰਮਾਸ਼ੰਕਰ ਦੇ ਘਰ ਦੀ ਤਲਾਸ਼ੀ ’ਚ ਜਾਇਦਾਦ ਨਾਲ ਜੁੜੇ ਦਸਤਾਵੇਜ਼ ਬਰਾਮਦ ਕੀਤੇ, ਜਿਸ ਤੋਂ ਬਾਅਦ ਉਸ ਦੇ ਕਮਰੇ ਨੂੰ ਸੀਲ ਕਰ ਦਿੱਤਾ ਗਿਆ।


author

rajwinder kaur

Content Editor

Related News