ਮੁੜ ਜੇਲ੍ਹ ਤੋਂ ਬਾਹਰ ਆ ਸਕਦਾ ਹੈ ਰਾਮ ਰਹੀਮ, ਹਰਿਆਣਾ ਸਰਕਾਰ ਕੋਲ ਲਗਾਈ ਪੈਰੋਲ ਦੀ ਅਰਜ਼ੀ

Tuesday, Jan 17, 2023 - 11:04 AM (IST)

ਸਿਰਸਾ- ਕਤਲ ਅਤੇ ਜਬਰ ਜ਼ਿਨਾਹ ਦੇ ਦੋਸ਼ 'ਚ ਸਜ਼ਾ ਕੱਟ ਰਹੇ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਇਕ ਵਾਰ ਮੁੜ ਜੇਲ੍ਹ ਤੋਂ ਬਾਹਰ ਆ ਸਕਦੇ ਹਨ। ਉਨ੍ਹਾਂ ਨੇ ਹਰਿਆਣਾ ਸਰਕਾਰ ਕੋਲ ਪੈਰੋਲ ਦੀ ਅਰਜ਼ੀ ਲਗਾਈ ਹੈ। ਦੱਸ ਦੇਈਏ ਕਿ ਰਾਮ ਰਹੀਮ ਰੋਹਤਕ ਦੀ ਸੁਨਾਰੀਆ ਜੇਲ੍ਹ 'ਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ। ਰਾਮ ਰਹੀਮ ਕੁਝ ਮਹੀਨੇ ਪਹਿਲਾਂ ਹੀ ਪੈਰੋਲ ਪੂਰੀ ਕਰ ਕੇ ਵਾਪਸ ਜੇਲ੍ਹ ਗਿਆ ਸੀ। 

25 ਜਨਵਰੀ ਨੂੰ ਡੇਰਾ ਸੱਚਾ ਸੌਦਾ ਦੇ ਦੂਜੇ ਸੰਤ ਸ਼ਾਹ ਸਤਨਾਮ ਮਹਾਰਾਜ ਦਾ ਜਨਮ ਦਿਨ

ਦਰਅਸਲ 25 ਜਨਵਰੀ ਨੂੰ ਡੇਰਾ ਸੱਚਾ ਸੌਦਾ ਦੇ ਦੂਜੇ ਸੰਤ ਸ਼ਾਹ ਸਤਨਾਮ ਮਹਾਰਾਜ ਦਾ ਜਨਮ ਦਿਨ ਹੈ। ਸਿਰਸਾ ਡੇਰੇ ਵਲੋਂ ਹਰ ਸਾਲ ਇਸ ਦਿਨ ਵੱਡਾ ਆਯੋਜਨ ਕੀਤਾ ਜਾਂਦਾ ਹੈ, ਜਿਸ 'ਚ ਸਤਿਸੰਗ ਅਤੇ ਭੰਡਾਰਾ ਹੁੰਦਾ ਹੈ। ਇਸ ਵਾਰ ਵੀ ਵੱਡੇ ਆਯੋਜਨ ਦੀ ਤਿਆਰੀ ਹੈ, ਜਿਸ 'ਚ ਰਾਮ ਰਹੀਮ ਵੀ ਸ਼ਾਮਲ ਹੋਣਾ ਚਾਹੁੰਦਾ ਹੈ। ਜ਼ਿਕਰਯੋਗ ਹੈ ਕਿ ਡੇਰਾਮੁਖੀ ਨੇ 25 ਜਨਵਰੀ ਨੂੰ ਹੋਣ ਵਾਲੀ ਸਤਿਸੰਗ ਲਈ ਜੇਲ੍ਹ ਪ੍ਰਸ਼ਾਸਨ ਨੂੰ ਅਰਜ਼ੀ ਭੇਜ ਕੇ ਸਿਰਸਾ ਆਉਣ ਦੀ ਮਨਜ਼ੂਰੀ ਮੰਗੀ ਹੈ। ਪੈਰੋਲ ਦੀ ਅਰਜ਼ੀ ਲਗਾਉਣ ਤੋਂ ਬਾਅਦ ਹਰਿਆਣਾ ਸਰਕਾਰ ਅਤੇ ਪ੍ਰਸ਼ਾਸਨ ਸੁਰੱਖਿਆ ਦੀ ਦ੍ਰਿਸ਼ਟੀ 'ਤੇ ਵਿਚਾਰ ਕਰ ਰਹੇ ਹਨ। 

ਕਈ ਵਾਰ ਮਿਲ ਚੁੱਕੀ ਹੈ ਪੈਰੋਲ

ਰਾਮ ਰਹੀਮ ਨੂੰ ਜੁਲਾਈ 2017 'ਚ ਜਬਰ ਜ਼ਿਨਾਹ ਮਾਮਲੇ 'ਚ ਸਜ਼ਾ ਹੋਈ ਸੀ। ਇਸ ਤੋਂ ਬਾਅਦ ਪੰਚਕੂਲਾ 'ਚ ਕਾਫ਼ੀ ਦੰਗੇ ਵੀ ਹੋਏ ਸਨ। ਉਸ ਤੋਂ ਬਾਅਦ ਰਾਮ ਰਹੀਮ ਨੂੰ ਰੋਹਤਕ ਦੀ ਸੁਨਾਰੀਆ ਜੇਲ੍ਹ ਭੇਜ ਦਿੱਤਾ ਗਿਆ। ਇਸ ਤੋਂ ਬਾਅਦ ਉਸ ਨੂੰ ਇਕ ਪੱਤਰਕਾਰ ਅਤੇ ਡੇਰਾ ਕਰਮੀ ਦੇ ਕਤਲ ਦੇ ਮਾਮਲੇ 'ਚ ਵੀ ਦੋਸ਼ੀ ਠਹਿਰਾਇਆ ਗਿਆ ਅਤੇ ਉਸ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ। ਕਾਫ਼ੀ ਸਾਲ ਜੇਲ੍ਹ 'ਚ ਰਹਿਣ ਤੋਂ ਬਾਅਦ ਪਿਛਲੇ ਸਾਲ ਤੋਂ ਰਾਮ ਰਹੀਮ ਕਈ ਵਾਰ ਪੈਰੋਲ 'ਤੇ ਜੇਲ੍ਹ ਤੋਂ ਬਾਹਰ ਆ ਚੁੱਕਿਆ ਹੈ।


DIsha

Content Editor

Related News