ਪ੍ਰਾਣ ਪ੍ਰਤਿਸ਼ਠਾ ਤੋਂ ਬਾਅਦ ਬੋਲੇ ਮੋਹਨ ਭਾਗਵਤ, ਕਿਹਾ- PM ਮੋਦੀ ਨੇ ਇਸ ਦਿਨ ਲਈ ਕਠੋਰ ਤਪੱਸਿਆ ਕੀਤੀ
Monday, Jan 22, 2024 - 02:44 PM (IST)
ਅਯੁੱਧਿਆ- ਆਰ.ਐੱਸ.ਐੱਸ. ਮੁਖੀ ਮੋਹਨ ਭਾਗਵਤ ਨੇ ਅਯੁੱਧਿਆ ਦੇ ਰਾਮ ਮੰਦਰ 'ਚ ਰਾਮਲਲਾ ਦੀ ਪ੍ਰਾਣ ਪ੍ਰਤਿਸ਼ਠਾ ਤੋਂ ਬਾਅਦ ਕਿਹਾ ਕਿ ਅੱਜ 500 ਸਾਲਾਂ ਬਾਅਦ ਰਾਮਲਲਾ ਇਥੇ ਪਰਤੇ ਹਨ। ਅੱਜ ਅਯੁੱਧਿਆ 'ਚ ਰਾਮਲਲਾ ਦੇ ਨਾਲ ਭਾਰਤ ਦਾ ਆਪਾ ਪਰਤਿਆ ਹੈ। ਭਾਰਤ ਪੂਰੀ ਦੁਨੀਆ ਨੂੰ ਤ੍ਰਾਸਦੀ ਤੋਂ ਰਾਹਤ ਦਿਵਾਉਣ ਲਈ ਖੜ੍ਹਾ ਹੋਵੇਗਾ। ਜੋਸ਼ ਦੀਆਂ ਗੱਲਾਂ ਵਿਚ ਹੋਸ਼ ਦੀ ਗੱਲ ਕਰਨ ਦਾ ਕੰਮ ਮੈਨੂੰ ਹੀ ਦਿੱਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਇਥੇ ਆਉਣ ਤੋਂ ਪਹਿਲਾਂ ਸਖ਼ਤ ਕਠੋਰ ਕੀਤੀ। ਤਪੱਸਿਆ ਜਿੰਨੀ ਕਠੋਰ ਹੋਣੀ ਚਾਹੀਦੀ ਸੀ, ਉਸ ਤੋਂ ਵੀ ਜ਼ਿਆਦਾ ਸੀ। ਮੇਰੀ ਉਨ੍ਹਾਂ ਨਾਲ ਪੁਰਾਣੀ ਜਾਣ-ਪਛਾਣ ਹੈ। ਮੈਂ ਜਾਣਦਾ ਹਾਂ ਕਿ ਉਹ ਤਪੱਸਵੀ ਹੀ ਹਨ ਪਰ ਉਹ ਇਕੱਲੇ ਤਪੱਸਿਆ ਕਰ ਰਹੇ ਹਨ ਅਸੀਂ ਕੀ ਕਰਾਂਗੇ? ਅਯੁੱਧਿਆ 'ਚ ਰਾਮਲਲਾ ਆਏ। ਅਯੁੱਧਿਆ ਤੋਂ ਬਾਹਰ ਕਿਉਂ ਗਏ ਸਨ? ਰਾਮਾਇਣਕਾਲ 'ਚ ਅਜਿਹਾ ਕੀ ਹੋਇਆ ਸੀ। ਅਯੁੱਧਿਆ 'ਚ ਵਿਵਾਦ ਹੋਇਆ ਸੀ। ਅਯੁੱਧਿਆ ਉਸ ਪੁਰੀ ਦਾ ਨਾਂ ਹੈ, ਜਿਸ ਵਿਚ ਕੋਈ ਝਗੜਾ, ਮਤਭੇਦ ਅਤੇ ਦੁਬਿਧਾ ਨਹੀਂ। ਫਿਰ ਵੀ ਉਹ 14 ਸਾਲ ਵਣਵਾਸ 'ਚ ਗਏ ਅਤੇ ਦੁਨੀਆ ਦੇ ਕਲੇਸ਼ ਮਿਟਾ ਕੇ ਵਾਪਸ ਆਏ।
ਮੋਹਨ ਭਾਗਵਤ ਨੇ ਕਿਹਾ ਕਿ ਅੱਜ 500 ਸਾਲਾਂ ਬਾਅਦ ਰਾਮਲਲਾ ਇਥੇ ਪਰਤੇ ਹਨ। ਅਤੇ ਜਿਨ੍ਹਾਂ ਦੀਆਂ ਕੋਸ਼ਿਸ਼ਾਂ ਨਾਲ ਅਸੀਂ ਅੱਜ ਇਹ ਇਤਿਹਾਸਿਕ ਦਿਨ ਦੇਖ ਰਹੇ ਹਾਂ ਉਨ੍ਹਾਂ ਨੂੰ ਅਸੀਂ ਕੋਟੀ-ਕੋਟੀ ਨਮਨ ਕਰਦੇ ਹਾਂ। ਉਨ੍ਹਾਂ ਕਿਹਾ ਕਿ ਇਸ ਯੁੱਗ 'ਚ ਰਾਮਲਲਾ ਦੇ ਇਥੇ ਵਾਪਸ ਆਉਣ ਦਾ ਇਤਿਹਾਸ ਜੋ ਕੋਈ ਵੀ ਸੁਣੇਗਾ, ਉਸਦੇ ਸਾਰੇ ਦੁੱਖ-ਦਰਦ ਮਿਟ ਜਾਣਗੇ।, ਇਸ ਇਤਿਹਾਸ 'ਚ ਇੰਨੀ ਤਾਕਤ ਹੈ।