ਰਾਮ ਮੰਦਿਰ ਉਦਘਾਟਨ ਦੀ ਹਰ ਜਾਣਕਾਰੀ ਸੋਸ਼ਲ ਮੀਡੀਆ ’ਤੇ ਹੋਵੇਗੀ ਸਾਂਝੀ
Monday, Nov 20, 2023 - 12:35 PM (IST)

ਨਵੀਂ ਦਿੱਲੀ– ਅਯੁੱਧਿਆ ਦੇ ਸ਼੍ਰੀਰਾਮ ਮੰਦਿਰ ਦੇ ਉਦਘਾਟਨ ਦੀ ਤਰੀਕ ਜਿਵੇਂ-ਜਿਵੇਂ ਨੇੜੇ ਆ ਰਹੀ ਹੈ, ਸ਼੍ਰੀਰਾਮ ਜਨਮ ਭੂਮੀ ਤੀਰਥ ਖੇਤਰ ਟ੍ਰਸਟ ਵੀ ਆਪਣੇ ਪੱਧਰ ’ਤੇ ਵੱਧ ਤੋਂ ਵੱਧ ਲੋਕਾਂ ਨੂੰ ਮੂਰਤੀ ਸਥਾਪਨਾ ਸਮਾਰੋਹ ’ਚ ਵੱਖ-ਵੱਖ ਤਰੀਕਿਆਂ ਨਾਲ ਸ਼ਾਮਲ ਕਰਾਉਣ ’ਚ ਲੱਗਾ ਹੈ। ਇਸ ਕੜੀ ’ਚ ਸੋਸ਼ਲ ਮੀਡੀਆ ਇਨਫਲੂਐਂਸਰਜ਼ ਅਤੇ ਸੋਸ਼ਲ ਮੀਡੀਆ ਦੀ ਜਾਣਕਾਰੀ ਰੱਖਣ ਵਾਲਿਆਂ ਨਾਲ ਬੈਠਕ ਵੀ ਕੀਤੀ ਗਈ। ਦੱਸਿਆ ਜਾਂਦਾ ਹੈ ਕਿ ਬੈਠਕ ’ਚ ਫੈਸਲਾ ਕੀਤਾ ਗਿਆ ਹੈ ਕਿ ਲਗਭਗ 400 ਕਾਰਕੁੰਨ 22 ਜਨਵਰੀ 2024 ਨੂੰ ਹੋਣ ਵਾਲੇ ਰਾਮਲੱਲਾ ਮੂਰਤੀ ਸਥਾਪਨਾ ਪ੍ਰੋਗਰਾਮ ਦੀ ਪਲ-ਪਲ ਦੀ ਜਾਣਕਾਰੀ ਨੂੰ ਲੋਕਾਂ ਵਿਚਾਲੇ ਸਾਂਝੀ ਕਰਨ ਦੀ ਭੂਮਿਕਾ ਨਿਭਾਉਣਗੇ। ਇਹ ਸਾਰੇ ਕਾਰਕੁੰਨ ਸੰਘ ਦੇ ਸਵੈਮ ਸੇਵਕ ਹਨ।
ਟ੍ਰਸਟ ਅਨੁਸਾਰ ਵਿਸ਼ਵ ਹਿੰਦੂ ਪਰਿਸ਼ਦ ਅਤੇ ਆਰ. ਐੱਸ. ਐੱਸ. ਦੇ ਸੋਸ਼ਲ ਮੀਡੀਆ ਦੀ ਸੰਭਾਲ ਕਰਨ ਵਾਲੇ ਨੌਜਵਾਨਾਂ ਨੂੰ ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟ੍ਰਸਟ ’ਚ ਨਵੀਂ ਜ਼ਿੰਮੇਵਾਰੀ ਦਿੱਤੀ ਗਈ ਹੈ। ਭਗਵਾਨ ਰਾਮਲੱਲਾ ਦੀ ਮੂਰਤੀ ਸਥਾਪਨਾ ਦੀ ਸਹੀ ਅਤੇ ਪਲ-ਪਲ ਦੀ ਜਾਣਕਾਰੀ ਤੇ ਫੋਟੋ ਸੋਸ਼ਲ ਮੀਡੀਆ ’ਤੇ ਵੀ ਮੁਹੱਈਆ ਹੋਵੇਗੀ। ਟ੍ਰਸਟ ਨੇ ਸੰਘ ਪਰਿਵਾਰ ਨਾਲ ਜੁੜੇ ਹੋਏ ਸੋਸ਼ਲ ਮੀਡੀਆ ’ਤੇ ਸਰਗਰਮ ਨੌਜਵਾਨਾਂ ਨੂੰ ਇਸ ਕੰਮ ਲਈ ਚੁਣਿਆ ਹੈ।
ਚੁਣੇ ਹੋਏ ਨੌਜਵਾਨਾਂ ਦੀ ਕਾਰਜਸ਼ਾਲਾ ਵੀ ਅਯੁੱਧਿਆ ਦੇ ਆਰ. ਐੱਸ. ਐੱਸ. ਦੇ ਮੁੱਖ ਦਫਤਰ ਸਾਕੇਤ ਨਿਲਯਮ ’ਤੇ ਹੋਈ ਹੈ। ਇਹ ਸਾਰੇ ਕਾਰਕੁੰਨ 22 ਜਨਵਰੀ ਨੂੰ ਮੂਰਤੀ ਸਥਾਪਨਾ ਪ੍ਰੋਗਰਾਮ ਦੇ ਬਾਅਦ ਮਾਰਚ 2024 ਤੱਕ ਰਾਮ ਮੰਦਿਰ ਦੀ ਪੂਰੀ ਜਾਣਕਾਰੀ, ਫੋਟੋਆਂ ਅਤੇ ਮੂਰਤੀ ਸਥਾਪਨਾ ਨਾਲ ਜੁੜੀ ਹੋਈ ਜਾਣਕਾਰੀ ਸਾਂਝੀ ਕਰਨਗੇ।