ਸੁਪਰੀਮ ਕੋਰਟ ਪੁੱਜਾ ਰਾਮ ਮੰਦਰ ਚੜ੍ਹਾਵਾ ਵਿਵਾਦ, FIR ਤੇ CBI ਜਾਂਚ ਲਈ ਪਟੀਸ਼ਨ ਦਾਇਰ

Tuesday, Jun 23, 2026 - 07:40 AM (IST)

ਸੁਪਰੀਮ ਕੋਰਟ ਪੁੱਜਾ ਰਾਮ ਮੰਦਰ ਚੜ੍ਹਾਵਾ ਵਿਵਾਦ, FIR ਤੇ CBI ਜਾਂਚ ਲਈ ਪਟੀਸ਼ਨ ਦਾਇਰ

ਨਵੀਂ ਦਿੱਲੀ (ਏਜੰਸੀ) - ਸੁਪਰੀਮ ਕੋਰਟ ’ਚ ਸੋਮਵਾਰ ਨੂੰ ਇਕ ਪਟੀਸ਼ਨ ਦਾਇਰ ਕੀਤੀ ਗਈ, ਜਿਸ ’ਚ ਅਯੁੱਧਿਆ ਸਥਿਤ ਰਾਮ ਮੰਦਰ ਦੇ ਚੜ੍ਹਾਵੇ ’ਚ ਕਥਿਤ ਹੇਰਾਫੇਰੀ ਨੂੰ ਲੈ ਕੇ FIR ਦਰਜ ਕਰਨ ਅਤੇ ਨਿਰਪੱਖ ਤੇ ਸਮਾਂ-ਹੱਦ ਦੇ ਅੰਦਰ ਜਾਂਚ ਦੀ ਅਪੀਲ ਕੀਤੀ ਗਈ ਹੈ। ਇਸ ਸਬੰਧ ਵਿਚ ਵਕੀਲ ਅਜੇ ਕੁਮਾਰ ਰਾਏ ਅਤੇ ਦਿਨੇਸ਼ ਕੁਮਾਰ ਯਾਦਵ ਵੱਲੋਂ ਦਾਇਰ ਇਸ ਪਟੀਸ਼ਨ ’ਚ ਅਪੀਲ ਕੀਤੀ ਗਈ ਹੈ ਕਿ ਕੇਂਦਰੀ ਜਾਂਚ ਬਿਊਰੋ (CBI) ਦੀ ਅਗਵਾਈ ਵਾਲੀ ਵਿਸ਼ੇਸ਼ ਜਾਂਚ ਟੀਮ ਨੂੰ ‘ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ’ ਦੇ ਕੰਮਕਾਜ ਅਤੇ ਪ੍ਰਸ਼ਾਸਨ ਨਾਲ ਜੁੜੀਆਂ ਕਥਿਤ ਵਿੱਤੀ ਬੇਨਿਯਮੀਆਂ ਅਤੇ ਹੋਰ ‘ਗੈਰ-ਕਾਨੂੰਨੀ ਕੰਮਾਂ’ ਦੀ ਜਾਂਚ ਕਰਨੀ ਚਾਹੀਦੀ ਹੈ।

ਪਟੀਸ਼ਨ ’ਚ ਕੇਂਦਰ, ਉੱਤਰ ਪ੍ਰਦੇਸ਼ ਸਰਕਾਰ ਅਤੇ ਟਰੱਸਟ ਨੂੰ ਅਜਿਹੀ ਰੈਗੂਲੇਟਰੀ, ਨਿਗਰਾਨੀ ਅਤੇ ਲੇਖਾ-ਪ੍ਰੀਖਣ ਪ੍ਰਣਾਲੀ ਬਣਾਉਣ ਅਤੇ ਉਨ੍ਹਾਂ ਨੂੰ ਲਾਗੂ ਕਰਨ ਦੇ ਹੁਕਮ ਦੇਣ ਦੀ ਅਪੀਲ ਕੀਤੀ ਗਈ, ਜੋ ਜਨਹਿਤ ਦੀ ਰੱਖਿਆ ਕਰਨ ਅਤੇ ਲੱਖਾਂ ਸ਼ਰਧਾਲੂਆਂ ਤੇ ਦਾਨੀ ਸੱਜਣਾਂ ਦਾ ਭਰੋਸਾ ਬਣਾਈ ਰੱਖਣ ਲਈ ਜ਼ਰੂਰੀ ਹੋਣ। ਦੂਜੇ ਪਾਸੇ, ਇਲਾਹਾਬਾਦ ਹਾਈ ਕੋਰਟ ਦੀ ਲਖਨਊ ਬੈਂਚ ਨੇ ਰਾਮ ਮੰਦਰ ’ਚ ਸ਼ਰਧਾਲੂਆਂ ਵੱਲੋਂ ਦਿੱਤੇ ਗਏ ਦਾਨ ਦੇ ਵਿੱਤੀ ਪ੍ਰਬੰਧਨ ’ਚ ਕਥਿਤ ਬੇਨਿਯਮੀਆਂ ਦੀ ਜਾਂਚ ਦੀ ਮੰਗ ਵਾਲੀ ਪਟੀਸ਼ਨ ’ਤੇ ਤੁਰੰਤ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਜਸਟਿਸ ਪੰਕਜ ਭਾਟੀਆ ਅਤੇ ਜਸਟਿਸ ਅਮਿਤਾਭ ਕੁਮਾਰ ਰਾਏ ਦੀ ਛੁੱਟੀਆਂ ਵਾਲੀ ਬੈਂਚ ਨੇ ਕਿਹਾ ਕਿ ਮਾਮਲੇ ਨੂੰ ਵਿਸ਼ੇਸ਼ ਤਰਜੀਹ ਦੇਣ ਦਾ ਕੋਈ ਆਧਾਰ ਨਹੀਂ ਹੈ। ਅਦਾਲਤ ਨੇ ਇਹ ਵੀ ਟਿੱਪਣੀ ਕੀਤੀ ਕਿ ਸੂਬਾ ਸਰਕਾਰ ਇਸ ਮੁੱਦੇ ਦਾ ਨੋਟਿਸ ਲੈ ਚੁੱਕੀ ਹੈ, ਇਸ ਲਈ ਤੁਰੰਤ ਦਖ਼ਲਅੰਦਾਜ਼ੀ ਦੀ ਲੋੜ ਨਜ਼ਰ ਨਹੀਂ ਆਉਂਦੀ।


author

rajwinder kaur

Content Editor

Related News