ਮੰਤਰੀਆਂ ਦੇ ਬਚਾਅ ''ਚ ਰਾਮ ਮਾਧਵ ਦੀ ਦਲੀਲ

Saturday, Apr 14, 2018 - 05:44 PM (IST)

ਜੰਮੂ— ਕਠੂਆ ਗੈਂਗਰੇਪ ਮਾਮਲੇ 'ਚ ਕਥਿਤ ਤੌਰ 'ਤੇ ਦੋਸ਼ੀਆਂ ਦਾ ਸਮਰਥਨ ਕਰਨ ਵਾਲੇ ਜੰਮੂ-ਕਸ਼ਮੀਰ ਸਰਕਾਰ ਦੇ 2 ਮੰਤਰੀਆਂ (ਚੌਧਰੀ ਲਾਲ ਸਿੰਘ ਅਤੇ ਚੰਦਰ ਪ੍ਰਕਾਸ਼ ਗੰਗਾ) ਦਾ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਨੇਤਾ ਰਾਮ ਮਾਧਵ ਨੇ ਬਚਾਅ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਦੋਵੇਂ ਨੇਤਾ ਭੀੜ ਨੂੰ ਸਮਝਾਉਣ ਗਏ ਸਨ ਪਰ ਇਸ ਗੱਲ ਨੂੰ ਗਲਤ ਤਰੀਕੇ ਨਾਲ ਸਮਝਿਆ ਗਿਆ। ਜ਼ਿਕਰਯੋਗ ਹੈ ਕਿ ਰੇਪ ਦੋਸ਼ੀਆਂ ਦਾ ਸਮਰਥਨ ਕਰਨ ਦੇ ਦੋਸ਼ ਕਾਰਨ ਇਨ੍ਹਾਂ ਦੋਹਾਂ ਮੰਤਰੀਆਂ ਨੇ ਸ਼ੁੱਕਰਵਾਰ ਨੂੰ ਆਪਣੇ ਮੰਤਰੀ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਰਾਮ ਮਾਧਵ ਨੇ ਕਿਹਾ,''ਇਕ ਮਾਰਚ ਨੂੰ ਕਠੂਆ 'ਚ ਭਾਰੀ ਭੀੜ ਇਕੱਠੀ ਸੀ ਅਤੇ ਦੋਵੇਂ ਮੰਤਰੀ ਭੀੜ ਨੂੰ ਸ਼ਾਂਤ ਕਰਵਾਉਣ ਪੁੱਜੇ ਸਨ। ਇਸ ਨੂੰ ਗਲਤ ਸਮਝ ਲਿਆ ਗਿਆ। ਉਨ੍ਹਾਂ ਨੂੰ ਹੋਰ ਸਾਵਧਾਨ ਰਹਿਣਾ ਚਾਹੀਦਾ ਸੀ। ਇਨ੍ਹਾਂ ਦਾ ਮਕਸਦ ਜਾਂਚ ਨੂੰ ਪ੍ਰਭਾਵਿਤ ਕਰਨਾ ਨਹੀਂ ਸੀ। ਉਨ੍ਹਾਂ 'ਤੇ ਪ੍ਰੋ-ਰੇਪਿਸਟ ਹੋਣ ਦਾ ਜੋ ਦੋਸ਼ ਲਗਾਇਆ ਜਾ ਰਿਹਾ ਹੈ, ਉਹ ਗਲਤ ਹੈ।'' ਉਨ੍ਹਾਂ ਨੇ ਅੱਗੇ ਕਿਹਾ,''ਕਠੂਆ ਗੈਂਗਰੇਪ ਕੇਸ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ। ਪੁਲਸ ਨੇ ਜਨਵਰੀ 'ਚ ਜਾਂਚ ਸ਼ੁਰੂ ਕੀਤੀ ਅਤੇ ਇਸ ਨੂੰ ਪੂਰਾ ਕਰਨ 'ਚ ਤਿੰਨ ਮਹੀਨੇ ਲੱਗੇ। ਚਾਰਜਸ਼ੀਟ ਫਾਈਲ ਹੋ ਗਈ ਹੈ। ਸਬੂਤ ਮਿਟਾਉਣ 'ਚ ਸ਼ਾਮਲ ਪੁਲਸ ਵਾਲੇ ਦੇ ਨਾਲ-ਨਾਲ ਕੁੱਲ 8 ਲੋਕਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਹੈ।'' ਰਾਮ ਮਾਧਵ ਨੇ ਇਹ ਵੀ ਕਿਹਾ,''ਮੰਤਰੀਆਂ ਨੇ ਸੋਚਿਆ ਕਿ ਉਹ ਆਪਣੇ ਅਹੁਦਿਆਂ ਤੋਂ ਅਸਤੀਫਾ ਦੇ ਦੇਣ। ਅਸੀਂ ਇਸ 'ਤੇ ਚਰਚਾ ਕੀਤਾ ਅਤੇ ਫੈਸਲਾ ਕੀਤਾ ਹੈ ਕਿ ਸ਼ਨੀਵਾਰ ਨੂੰ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੂੰ ਅਸਤੀਫੇ ਸੌਂਪ ਦਿੱਤੇ ਜਾਣ।''

ਕਾਂਗਰਸ 'ਤੇ ਨਿਸ਼ਾਨਾ ਸਾਧਦੇ ਹੋਏ ਰਾਮ ਮਾਧਵ ਨੇ ਕਿਹਾ,''ਕਾਂਗਰਸ ਨੇ ਇਸ ਮੁੱਦੇ ਨੂੰ ਸਿਆਸੀ ਬਣਾਉਣ ਦੀ ਕੋਸ਼ਿਸ਼ ਕੀਤੀ, ਉਸ ਨਾਲ ਮਾਹੌਲ ਖਰਾਬ ਹੋਇਆ। ਬਹੁਤ ਵੱਡੀ ਘਟਨਾ ਹੋਈ ਹੈ, ਇਸ ਮਾਮਲੇ 'ਤੇ ਰਾਜਨੀਤੀ ਨਾ ਹੋਵੇ। ਲੜਕੀ ਦੀ ਜਾਨ ਗਈ ਹੈ, ਉਹ ਤਾਂ ਨਹੀਂ ਆਏਗੀ। ਸਾਰਿਆਂ ਨੂੰ ਪੂਰਾ ਨਿਆਂ ਮਿਲੇਗਾ। ਧਾਰਨਾ ਬਣਾਉਣ ਦੀ ਕੋਸ਼ਿਸ਼ ਹੋਈ ਕਿ ਜਾਂਚ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਹੋਈ, ਉਹ ਬਿਲਕੁੱਲ ਗਲਤ ਹੈ।'' ਉੱਥੇ ਹੀ ਅਸਤੀਫਾ ਦੇਣ ਵਾਲੀ ਮੰਤਰੀ ਚੌਧਰੀ ਲਾਲ ਸਿੰਘ ਨੇ ਆਪਣੇ ਬਚਾਅ 'ਚ ਕਿਹਾ,''ਕਰੀਬ 15 ਦਿਨ ਪਹਿਲਾਂ ਯਾਤਰਾ ਕਾਰਨ ਪੈਦਾ ਹੋਈ ਸਥਿਤੀ ਨੂੰ ਸ਼ਾਂਤ ਕਰਨ ਲਈ ਇਹ ਕਦਮ ਚੁੱਕਿਆ ਗਿਆ। ਅਸੀਂ ਉਨ੍ਹਾਂ ਨੂੰ ਕਿਹਾ ਕਿ ਉਨ੍ਹਾਂ ਨੂੰ ਵਾਪਸ ਜਾਣਾ ਚਾਹੀਦਾ। ਅਬਦੁੱਲ ਗਨੀ ਕੋਹਲੀ (ਮੰਤਰੀ) ਨੂੰ ਪੀੜਤਾ ਦੇ ਘਰ ਭੇਜਿਆ ਗਿਆ ਸੀ ਤਾਂ ਕਿ ਉੱਥੇ ਅਣਸੁਖਾਵੀਂ ਸਥਿਤੀ ਪੈਦਾ ਨਾ ਹੋਵੇ।'' ਉਨ੍ਹਾਂ ਨੇ ਕਿਹਾ,''ਮੈਂ ਉੱਥੇ ਗਿਆ, ਬਾਲੀ ਅਤੇ ਕੋਹਲੀ (ਮੰਤਰੀ) ਲੋਕਾਂ ਦੀ ਗੱਲ ਸੁਣਨ ਨੌਸ਼ਹਿਰਾ ਅਤੇ ਸੁੰਦਰਬਨੀ ਗਏ। ਕੀ ਅਸੀਂ ਉਨ੍ਹਾਂ ਦੀ ਗੱਲ ਨਾ ਸੁਣਨ? ਅਸੀਂ ਲੋਕਾਂ ਦੇ ਪ੍ਰਤੀਨਿਧੀ ਕਿਉਂ ਹਾਂ? ਕੀ ਅਸੀਂ ਲੋਕਾਂ ਨੂੰ ਰਾਜ 'ਚ ਅੱਗ ਲਗਾਉਣ ਅਤੇ ਮਰਨ ਦੇਈਏ?'' ਜ਼ਿਕਰਯੋਗ ਹੈ ਕਿ ਬਕਰਵਾਲ ਭਾਈਚਾਰੇ ਦੀ 8 ਸਾਲਾ ਇਕ ਬੱਚੀ ਨਾਲ ਬਲਾਤਕਾਰ ਅਤੇ ਕਤਲ ਦੇ ਮਾਮਲੇ 'ਚ ਦੋਸ਼ੀਆਂ ਦੇ ਸਮਰਥਨ 'ਚ ਹਿੰਦੂ ਏਕਤਾ ਮੰਚ ਨੇ ਇਕ ਰੈਲੀ ਆਯੋਜਿਤ ਕੀਤੀ ਸੀ।

 


Related News