ਰਾਕੇਸ਼ ਟਿਕੈਤ ਨੇ ਲਖੀਮਪੁਰ ਹਿੰਸਾ ਦੇ ਮੁੱਖ ਦੋਸ਼ੀ ਆਸ਼ੀਸ਼ ਮਿਸ਼ਰਾ ਦੀ ਗ੍ਰਿਫ਼ਤਾਰੀ ’ਤੇ ਕੱਸਿਆ ਤੰਜ (ਵੀਡੀਓ)

10/12/2021 4:50:28 PM

ਲਖਨਊ- ਲਖੀਮਪੁਰ ਖੀਰੀ ਹਿੰਸਾ ’ਚ ਜਾਨ ਗੁਆਉਣ ਵਾਲੇ ਚਾਰ ਕਿਸਾਨਾਂ ਅਤੇ ਪੱਤਰਕਾਰ ਰਮਨ ਕਸ਼ਯਪ ਨੂੰ ਸ਼ਰਧਾਂਜਲੀ ਦੇਣ ਲਈ ਤਿਕੁਨੀਆ ਪਿੰਡ ’ਚ ਕਿਸਾਨ ਸੰਗਠਨਾਂ ਨੇ ਅਰਦਾਸ ਪ੍ਰੋਗਰਾਮ ਦਾ ਆਯੋਜਨ ਕੀਤਾ। ਇਸ ਪ੍ਰੋਗਰਾਮ ’ਚ ਭਾਰਤੀ ਕਿਸਾਨ ਯੂਨੀਅਨ ਦੇ ਬੁਲਾਰੇ ਰਾਕੇਸ਼ ਟਿਕੈਤ ਵੀ ਮੌਜੂਦ ਰਹੇ। ਇਸ ਦੌਰਾਨ ਉਨ੍ਹਾਂ ਨੇ ਲਖੀਮਪੁਰ ਹਿੰਸਾ ਦੇ ਮੁੱਖ ਦੋਸ਼ੀ ਆਸ਼ੀਸ਼ ਮਿਸ਼ਰਾ ਦੀ ਗ੍ਰਿਫ਼ਤਾਰੀ ’ਤੇ ਤੰਜ ਕੱਸਿਆ। ਉਨ੍ਹਾਂ ਨੇ ਪੁਲਸ ’ਤੇ ਵੀ ਸਵਾਲ ਚੁੱਕੇ। ਰਾਕੇਸ਼ ਟਿਕੈਤ ਨੇ ਕਿਹਾ,‘‘ਫਿਲਹਾਲ ਰੈੱਡ ਕਾਰਪੇਟ ਗ੍ਰਿਫ਼ਤਾਰੀ ਹੋਈ ਹੈ। ਗੁਲਦਸਤਿਆਂ ਵਾਲਾ ਰਿਮਾਂਡ ਹੈ। ਕਿਸੇ ਪੁਲਸ ਅਧਿਕਾਰੀ ਦੀ ਹਿੰਮਤ ਨਹੀਂ ਕਿ ਪੁੱਛ-ਗਿੱਛ ਕਰੇ।’’ ਟਿਕੈਤ ਨੇ ਕਿਹਾ ਕਿ ਜਦੋਂ ਤੱਕ ਅਜੇ ਮਿਸ਼ਰਾ (ਗ੍ਰਹਿ ਰਾਜ ਮੰਤਰੀ) ਨੂੰ ਮੰਤਰੀ ਅਹੁਦੇ ਤੋਂ ਹਟਾ ਕੇ ਗ੍ਰਿਫ਼ਤਾਰ ਨਹੀਂ ਕੀਤਾ ਜਾਂਦਾ, ਸਾਡਾ ਅੰਦੋਲਨ ਜਾਰੀ ਰਹੇਗਾ। ਬਾਪ-ਬੇਟੇ ਤੋਂ ਪੁੱਛ-ਗਿੱਛ ਹੋਵੇਗੀ, ਉਦੋਂ ਲਖੀਮਪੁਰ ਦੀ ਸਾਜਿਸ਼ ਦਾ ਖੁਲਾਸਾ ਹੋਵੇਗਾ।

ਇਹ ਵੀ ਪੜ੍ਹੋ : ਲਖੀਮਪੁਰ ਖੀਰੀ ਹਿੰਸਾ ’ਚ ਸ਼ਹੀਦ ਕਿਸਾਨਾਂ ਲਈ ਅੰਤਿਮ ਅਰਦਾਸ, ਸ਼ਰਧਾਂਜਲੀ ਦੇਣ ਪੁੱਜੇ ਕਿਸਾਨ

ਲਖੀਮਪੁਰ ਖੀਰੀ ਕਾਂਡ ’ਚ ਪ੍ਰਸ਼ਾਸਨ ਨਾਲ ਸਮਝੌਤਾ ਕਰਵਾਉਣ ਨੂੰ ਲੈ ਕੇ ਰਾਕੇਸ਼ ਟਿਕੈਤ ’ਤੇ ਸਵਾਲ ਉੱਠੇ ਸਨ। ਉਨ੍ਹਾਂ ਨੇ ਇਸ ਨੂੰ ਲੈ ਕੇ ਵੀ ਸਫ਼ਾਈ ਦਿੱਤੀ। ਟਿਕੈਤ ਨੇ ਕਿਹਾ,‘‘ਕਿਹਾ ਜਾ ਰਿਹਾ ਹੈ ਕਿ ਸਮਝੌਤਾ ਜਲਦ ਕਰਵਾ ਦਿੱਤਾ। ਸਮਝੌਤਾ ਸਾਰਿਆਂ ਨੇ ਮਿਲ ਕੇ ਕੀਤਾ। ਦੂਜੇ ਪਾਸੇ ਘਰਾਂ ’ਚ ਲਾਸ਼ਾਂ ਰੱਖੀਆਂ ਸਨ। ਅੰਦੋਲਨ ਨੂੰ ਵਿਗਾੜਨ ਵਾਲੇ ਲੋਕ ਅਜਿਹੇ ਦੋਸ਼ ਲਗਾਉਂਦੇ ਹਨ।’’ ਕੇਂਦਰੀ ਮੰਤਰੀ ਰਾਜੇਸ਼ ਮਿਸ਼ਰਾ ਟੇਨੀ ਦੇ ਅਸਤੀਫ਼ੇ ਦੀ ਮੰਗ ਕਰਦੇ ਹੋਏ ਟਿਕੈਤ ਨੇ ਕਿਹਾ,‘‘ਅਸਤੀਫ਼ਾ (ਕੇਂਦਰੀ ਮੰਤਰੀ ਦਾ) ਨਹੀਂ ਹੋਵੇਗਾ ਤਾਂ ਇੱਥੋਂ ਅੰਦੋਲਨ ਦਾ ਐਲਾਨ ਕਰਾਂਗੇ। ਲਖਨਊ ’ਚ ਵੱਡੀ ਪੰਚਾਇਤ ਹੋਵੇਗੀ। ਦੇਸ਼ ਦੇ ਹਰ ਜ਼ਿਲ੍ਹੇ ’ਚ ਅਸਥੀ ਕਲਸ਼ ਜਾਣਗੇ, ਲੋਕ ਸ਼ਰਧਾਂਜਲੀ ਦੇਣਗੇ। 24 ਅਕਤੂਬਰ ਨੂੰ ਲੋਕ ਉਨ੍ਹਾਂ ਨੂੰ ਪ੍ਰਵਾਹਿਤ ਕਰਨਗੇ, 26 ਤਾਰੀਖ਼ ਨੂੰ ਲੋਕ ਲਖਨਊ ਆਉਣਗੇ।’’

ਇਹ ਵੀ ਪੜ੍ਹੋ : ਲਖੀਮਪੁਰ ਖੀਰੀ ਮਾਮਲਾ: ਸੁਪਰੀਮ ਕੋਰਟ ਦਾ UP ਸਰਕਾਰ ਨੂੰ ਸਵਾਲ- ‘ਕਿੰਨੇ ਮੁਲਜ਼ਮ ਗਿ੍ਰਫ਼ਤਾਰ ਹੋਏ?’

ਨੋਟ- ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


DIsha

Content Editor

Related News