ਸਿੰਘੂ ਸਰਹੱਦ ਕਤਲ ਮਾਮਲੇ ’ਤੇ ਰਾਕੇਸ਼ ਟਿਕੈਤ ਦਾ ਬਿਆਨ ਆਇਆ ਸਾਹਮਣੇ, ਜਾਣੋ ਕੀ ਕਿਹਾ
Saturday, Oct 16, 2021 - 11:29 AM (IST)
ਹਰਿਆਣਾ- ਸਿੰਘੂ ਸਰਹੱਦ ’ਤੇ ਨੌਜਵਾਨ ਦੇ ਕਤਲ ਮਾਮਲੇ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ (ਬੀ.ਕੇ.ਯੂ.) ਦੇ ਬੁਲਾਰੇ ਰਾਕੇਸ਼ ਟਿਕੈਤ ਦਾ ਬਿਆਨ ਸਾਹਮਣੇ ਆਇਆ ਹੈ। ਟਿਕੈਤ ਨੇ ਕਿਹਾ,‘‘ਜੋ ਹੋਇਆ ਉਹ ਗਲਤ ਹੈ। ਕਿਸੇ ਨੇ ਉਸ ਦਾ ਕਤਲ ਕਰ ਦਿੱਤਾ ਅਤੇ ਬਾਅਦ ’ਚ ਪੁਲਸ ਨੇ ਕਾਤਲ ਨੂੰ ਗ੍ਰਿਫ਼ਤਾਰ ਕਰ ਲਿਆ। ਮਾਮਲਾ ਜਾਂਚ ਦਾ ਵਿਸ਼ਾ ਹੈ। ਇਹ ਸਾਡੇ ਵਿਰੋਧ ਨੂੰ ਪ੍ਰਭਾਵਿਤ ਨਹੀਂ ਕਰੇਗਾ।’’ ਜ਼ਿਕਰਯੋਗ ਹੈ ਕਿ ਦਿੱਲੀ-ਹਰਿਆਣਾ ਸਰਹੱਦ ’ਤੇ ਕਿਸਾਨਾਂ ਦੇ ਪ੍ਰਦਰਸ਼ਨ ਸਥਾਨ ਨੇੜੇ ਇਕ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਕਰਕੇ ਉਸ ਦੀ ਲਾਸ਼ ਨੂੰ ਧਾਤੂ ਦੀ ਤਾਰ ਨਾਲ ਬੰਨ੍ਹ ਕੇ ਬੈਰੀਕੇਡ ਨਾਲ ਟੰਗ ਦਿੱਤਾ ਗਿਆ ਸੀ। ਨਿਹੰਗ ਸਿੰਘਾਂ ਦੇ ਇਕ ਸਮੂਹ ਨੂੰ ਕਥਿਤ ਤੌਰ 'ਤੇ ਇਸ ਘਟਨਾ ਲਈ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਸੀ। ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਇਕ ਵੀਡੀਓ ਕਲਿੱਪ ’ਚ ਕੁਝ ਨਿਹੰਗਾਂ ਨੂੰ ਖੂਨ ਨਾਲ ਲੱਥ-ਪੱਥ ਪਏ ਇਕ ਨੌਜਵਾਨ ਕੋਲ ਖੜ੍ਹੇ ਵੇਖਿਆ ਗਿਆ ਅਤੇ ਉਸ ਦਾ ਖੱਬਾ ਹੱਥ ਕੱਟਿਆ ਹੋਇਆ ਪਿਆ ਹੈ।
ਪੁਲਸ ਨੇ ਮ੍ਰਿਤਕ ਦੀ ਪਛਾਣ ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਦੇ ਚੀਮਾਖੁਰਦ ਨਿਵਾਸੀ ਲਖਬੀਰ ਸਿੰਘ ਦੇ ਰੂਪ ਵਿਚ ਕੀਤੀ । ਦੱਸ ਦੇਈਏ ਕਿ ਦਿੱਲੀ-ਹਰਿਆਣਾ ਅਤੇ ਯੂ.ਪੀ. ਦੀਆਂ ਵੱਖ-ਵੱਖ ਸਰਹੱਦਾਂ ‘ਤੇ ਕਿਸਾਨ 3 ਖੇਤੀ ਕਾਨੂੰਨਾਂ ਖ਼ਿਲਾਫ਼ ਪਿਛਲੇ ਸਾਲ ਨਵੰਬਰ ਮਹੀਨੇ ਤੋਂ ਧਰਨਾ ਦੇ ਰਹੇ ਹਨ। ਕਿਸਾਨ ਸੰਗਠਨਾਂ ਅਤੇ ਸਰਕਾਰ ਵਿਚਾਲੇ ਕਈ ਬੈਠਕਾਂ ਵੀ ਹੋਈਆਂ ਪਰ ਇਸ ਦਾ ਕੋਈ ਸਿੱਟਾ ਨਹੀਂ ਨਿਕਲਿਆ ਹੈ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ