ਰਾਜ ਸਭਾ ''ਚ ਬੋਲੇ ਉੱਪ ਰਾਸ਼ਟਰਪਤੀ, ਝੁੱਕੇਗਾ ਨਹੀਂ...
Friday, Dec 13, 2024 - 03:47 PM (IST)
ਨਵੀਂ ਦਿੱਲੀ- ਸੰਸਦ ਦੇ ਸਰਦ ਰੁੱਤ ਸੈਸ਼ਨ ਦੌਰਾਨ ਸ਼ੁੱਕਰਵਾਰ ਨੂੰ ਰਾਜ ਸਭਾ 'ਚ ਭਾਰੀ ਹੰਗਾਮਾ ਹੋਇਆ। ਵਿਰੋਧੀ ਧਿਰ ਦੇ ਬੇਭਰੋਸਗੀ ਮਤੇ ਨੂੰ ਲੈ ਕੇ ਸਪੀਕਰ ਜਗਦੀਪ ਧਨਖੜ ਅਤੇ ਮਲਿਕਾਰਜੁਨ ਖੜਗੇ ਵਿਚਾਲੇ ਬਹਿਸ ਹੋਈ। ਸਪੀਕਰ ਧਨਖੜ ਨੇ ਕਾਂਗਰਸ ਨੂੰ ਜਵਾਬ ਦਿੰਦੇ ਹੋਏ ਕਿਹਾ,''ਤੁਹਾਨੂੰ ਦੁੱਖ ਹੁੰਦਾ ਹੈ ਕਿ ਇਸ ਕੁਰਸੀ 'ਤੇ ਇਕ ਕਿਸਾਨ ਦਾ ਪੁੱਤ ਕਿਵੇਂ ਬੈਠਾ ਹੈ। ਮੈਂ ਦੇਸ਼ ਲਈ ਜਾਨ ਦੇ ਦੇਵਾਂਗਾ ਪਰ ਝੁਕਾਂਗਾ ਨਹੀਂ।'' ਇਸ 'ਤੇ ਕਾਂਗਰਸ ਨੇਤਾ ਖੜਗੇ ਨੇ ਕਿਹਾ ਕਿ ਤੁਸੀਂ ਕਿਸਾਨ ਦੇ ਪੁੱਤ ਹੋ ਤਾਂ ਮੈਂ ਮਜ਼ਦੂਰ ਦਾ ਪੁੱਤ ਹਾਂ। ਉਨ੍ਹਾਂ ਨੇ ਸਪੀਕਰ 'ਤੇ ਪੱਖਪਾਤ ਦਾ ਦੋਸ਼ ਲਾਉਂਦਿਆਂ ਕਿਹਾ,"ਤੁਸੀਂ ਭਾਜਪਾ ਦੇ ਸੰਸਦ ਮੈਂਬਰਾਂ ਨੂੰ ਬੋਲਣ ਦਾ ਮੌਕਾ ਦੇ ਰਹੇ ਹੋ, ਜਦਕਿ ਕਾਂਗਰਸ ਨੂੰ ਨਹੀਂ। ਅਸੀਂ ਇੱਥੇ ਤੁਹਾਡੀ ਤਾਰੀਫ਼ ਸੁਣਨ ਨਹੀਂ ਆਏ। ਜੇਕਰ ਤੁਸੀਂ ਮੇਰੀ ਇੱਜ਼ਤ ਨਹੀਂ ਕਰੋਗੇ ਤਾਂ ਮੈਂ ਤੁਹਾਡੀ ਇੱਜ਼ਤ ਕਿਵੇਂ ਕਰ ਸਕਦਾ ਹਾਂ। ਤੁਸੀਂ ਮੇਰਾ ਅਪਮਾਨ ਕਰ ਰਹੇ ਹੋ।" ਇਸ 'ਤੇ ਧਨਖੜ ਨੇ ਕਿਹਾ ਕਿ ਦੇਸ਼ ਜਾਣਦਾ ਹੈ ਕਿ ਤੁਹਾਨੂੰ ਕਿਸ ਦੀ ਤਾਰੀਫ਼ ਪਸੰਦ ਹੈ।
ਦਰਅਸਲ ਸ਼ੁੱਕਰਵਾਰ ਨੂੰ ਰਾਜ ਸਭਾ 'ਚ ਜਿਵੇਂ ਹੀ ਸਦਨ ਦੀ ਕਾਰਵਾਈ ਸ਼ੁਰੂ ਹੋਈ ਤਾਂ ਵਿਰੋਧੀ ਧਿਰ ਅਤੇ ਸਪੀਕਰ ਜਗਦੀਪ ਧਨਖੜ ਵਿਚਾਲੇ ਜ਼ੋਰਦਾਰ ਬਹਿਸ ਹੋਈ। ਜਦੋਂ ਪ੍ਰਮੋਦ ਤਿਵਾੜੀ ਨੇ ਬੇਭਰੋਸਗੀ ਮਤੇ ਦਾ ਜ਼ਿਕਰ ਕੀਤਾ ਤਾਂ ਇਸ 'ਤੇ ਜਗਦੀਪ ਧਨਖੜ ਭੜਕ ਗਏ। ਸਪੀਕਰ ਜਗਦੀਪ ਧਨਖੜ ਨੇ ਕਿਹਾ,''ਮੇਰੇ ਖ਼ਿਲਾਫ਼ ਬੇਭਰੋਸਗੀ ਮਤਾ ਲਿਆਉਣਾ ਵਿਰੋਧੀ ਧਿਰ ਦਾ ਸੰਵਿਧਾਨਕ ਅਧਿਕਾਰ ਹੈ ਪਰ ਤੁਸੀਂ ਇਸ ਨੂੰ ਇਕ ਮੁਹਿੰਮ ਬਣਾ ਦਿੱਤਾ ਹੈ। ਮੈਂ ਕਿਸਾਨ ਦਾ ਪੁੱਤ ਹਾਂ, ਕਮਜ਼ੋਰੀ ਨਹੀਂ ਦਿਖਾਵਾਂਗਾ। ਦੇਸ਼ ਲਈ ਮਰਾਂਗਾ, ਮਿਟ ਜਾਵਾਂਗਾ। ਤੁਹਾਡੇ ਕੋਲ 24 ਘੰਟੇ ਸਿਰਫ਼ ਇਕ ਹੀ ਕੰਮ ਹੈ। ਕਿਸਾਨ ਦਾ ਪੁੱਤ ਇੱਥੇ ਕਿਉਂ ਬੈਠਾ ਹੈ? ਮੈਂ ਆਪਣੀਆਂ ਅੱਖਾਂ ਨਾਲ ਦੇਖ ਰਿਹਾ ਹਾਂ। ਮੈਨੂੰ ਦਰਦ ਮਹਿਸੂਸ ਹੋ ਰਿਹਾ ਹੈ। ਕਿਰਪਾ ਕਰਕੇ ਕੁਝ ਸੋਚੋ। ਮੈਂ ਇੱਜ਼ਤ ਦੇਣ 'ਚ ਕੋਈ ਕਸਰ ਨਹੀਂ ਛੱਡੀ।'' ਉਨ੍ਹਾਂ ਅੱਗੇ ਕਿਹਾ,''ਮੈਂ ਬਹੁਤ ਕੁਝ ਬਰਦਾਸ਼ਤ ਕੀਤਾ ਹੈ। ਅੱਜ ਦਾ ਕਿਸਾਨ ਖੇਤੀ ਤੱਕ ਸੀਮਿਤ ਨਹੀਂ ਰਿਹਾ। ਅੱਜ ਦਾ ਕਿਸਾਨ ਹਰ ਪਾਸੇ ਕੰਮ ਕਰ ਰਿਹਾ ਹੈ। ਸਰਕਾਰੀ ਨੌਕਰੀ ਵੀ ਹੈ। ਤੁਸੀਂ ਪ੍ਰਸਤਾਵ ਲਿਆਓ, ਇਹ ਤੁਹਾਡਾ ਹੱਕ ਹੈ। ਪ੍ਰਸਤਾਵ 'ਤੇ ਚਰਚਾ ਕਰਨਾ ਤੁਹਾਡਾ ਅਧਿਕਾਰ ਹੈ। ਤੁਸੀਂ ਕੀ ਕੀਤਾ, ਤੁਸੀਂ ਸੰਵਿਧਾਨ ਦੀਆਂ ਧੱਜੀਆਂ ਉਡਾ ਦਿੱਤੀਆਂ। ਪ੍ਰਮੋਦ ਤਿਵਾੜੀ ਜੀ ਤੁਸੀਂ ਇਕ ਅਨੁਭਵੀ ਆਗੂ ਹੋ, ਸੋਚੋ ਤੁਸੀਂ ਚੁਣ-ਚੁਣ ਕੇ ਕੀ ਗੱਲ ਕੀਤੀ ਹੈ। ਇੱਜ਼ਤ ਕਰਦਾ ਹਾਂ ਖੜਗੇ ਜੀ ਦੀ। 100 ਫ਼ੀਸਦੀ ਕਰਦਾ ਹਾਂ। ਉਹ ਮੇਰੀ ਜ਼ੀਰੋ ਕਰਦੇ ਹਨ, ਫਿਰ ਵੀ ਅਪੀਲ ਕਰਦਾ ਹਾਂ ਕਿ ਮੇਰੇ 'ਤੇ ਕਿਰਪਾ ਕਰੋ, ਜੋ ਸਮੇਂ ਤੁਹਾਨੂੰ ਠੀਕ ਲੱਗੇ, ਮੇਰੇ ਨਾਲ ਮਿਲਣ ਦਾ ਸਮਾਂ ਕੱਢੋ। ਮੇਰੇ ਕੋਲ ਨਹੀਂ ਆ ਸਕਦੇ ਤਾਂ ਮੈਂ ਆਵਾਂਗਾ।'' ਇਸ ਤੋਂ ਬਾਅਦ ਰਾਜ ਸਭਾ ਦੀ ਕਾਰਵਾਈ ਸੋਮਵਾਰ ਤੱਕ ਮੁਲਤਵੀ ਕਰ ਦਿੱਤੀ ਗਈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8