ਰਾਜ ਸਭਾ ''ਚ ਮਾਰਸ਼ਲਾਂ ਦੀ ਨਵੀਂ ਵਰਦੀ ਦਾ ਸਾਬਕਾ ਫੌਜ ਅਧਿਕਾਰੀਆਂ ਨੇ ਕੀਤਾ ਵਿਰੋਧ
Tuesday, Nov 19, 2019 - 04:56 PM (IST)

ਨਵੀਂ ਦਿੱਲੀ— ਰਾਜਸਭਾ 'ਚ ਆਸਣ ਦੀ ਮਦਦ ਲਈ ਤਾਇਨਾਤ ਰਹਿਣ ਵਾਲੇ ਮਾਰਸ਼ਲਾਂ ਦੀ ਵਰਦੀ 'ਚ ਕੀਤੀ ਗਈ ਤਬਦੀਲੀ ਦੀ ਕੁਝ ਸਾਬਕਾ ਫੌਜ ਅਧਿਕਾਰੀਆਂ ਅਤੇ ਰਾਜਨੇਤਾਵਾਂ ਨੇ ਆਲੋਚਨਾ ਕੀਤੀ। ਜਿਸ ਤੋਂ ਬਾਅਦ ਸਪੀਕਰ ਐੱਮ. ਵੈਂਕਈਆ ਨਾਇਡੂ ਨੇ ਮੰਗਲਵਾਰ ਨੂੰ ਇਨ੍ਹਾਂ ਦੀ ਵਰਦੀ 'ਚ ਤਬਦੀਲੀ ਦੀ ਸਮੀਖਿਆ ਦੇ ਆਦੇਸ਼ ਦਿੱਤੇ। ਸੰਸਦ ਦੇ ਸਰਦ ਰੁੱਤ ਸੈਸ਼ਨ ਦੀ ਸ਼ੁਰੂਆਤ 18 ਨਵੰਬਰ ਨੂੰ ਹੋਈ ਅਤੇ ਇਸ ਦਿਨ ਆਸਣ ਦੀ ਮਦਦ ਲਈ ਮੌਜੂਦ ਰਹਿਣ ਵਾਲੇ ਮਾਰਸ਼ਲ ਇਕਦਮ ਨਵੇਂ ਰੂਪ 'ਚ ਨਜ਼ਰ ਆਏ। ਇਨ੍ਹਾਂ ਮਾਰਸ਼ਲਾਂ ਨੇ ਸਿਰ 'ਤੇ ਪੱਗੜੀ ਦੀ ਬਜਾਏ 'ਪੀ-ਕੈਪ' ਅਤੇ ਆਧੁਨਿਕ ਦੌਰ ਦੇ ਸੁਰੱਖਿਆ ਅਧਿਕਾਰੀਆਂ ਵਾਲੀ ਵਰਦੀ ਪਾ ਰੱਖੀ ਸੀ। ਫਿਲਹਾਲ ਉਨ੍ਹਾਂ ਦੀ ਨਵੀਂ ਵਰਦੀ 'ਤੇ ਕੁਝ ਰਾਜ ਨੇਤਾਵਾਂ ਅਤੇ ਸਾਬਕਾ ਫੌਜ ਅਧਿਕਾਰੀਆਂ ਦੀਆਂ ਟਿੱਪਣੀਆਂ ਤੋਂ ਬਾਅਦ ਸਪੀਕਰ ਨੇ ਇਸ ਦੀ ਸਮੀਖਿਆ ਦੇ ਆਦੇਸ਼ ਦੇ ਦਿੱਤੇ। ਨਾਇਡੂ ਨੇ ਕਿਹਾ,''ਮੈਂ ਰਾਜ ਸਭਾ ਸਕੱਤਰੇਤ ਤੋਂ ਇਸ ਦੀ ਸਮੀਖਿਆ ਕਰਵਾਉਣ ਦਾ ਫੈਸਲਾ ਕੀਤਾ ਹੈ।'' ਆਮ ਤੌਰ 'ਤੇ ਇਹ ਮਾਰਸ਼ਲ ਗਰਮੀਆਂ 'ਚ ਸਫ਼ਾਰੀ ਸੂਟ ਅਤੇ ਸਰਦੀਆਂ 'ਚ ਬੰਦ ਗਲੇ ਵਾਲੇ ਰਵਾਇਤੀ ਸੂਟ ਪਾਏ ਨਜ਼ਰ ਆਉਂਦੇ ਸਨ। ਇਨ੍ਹਾਂ ਦੇ ਸਿਰ 'ਤੇ ਪੱਗੜੀ ਹੁੰਦੀ ਸੀ। ਕਾਂਗਰਸ ਦੇ ਸੀਨੀਅਰ ਮੈਂਬਰ ਜੈਰਾਮ ਰਮੇਸ਼ ਨੇ ਸੋਮਵਾਰ ਨੂੰ ਮਾਰਸ਼ਲਾਂ ਨੂੰ ਨਵੀਂ ਵਰਦੀ 'ਚ ਦੇਖ ਕੇ ਕੁਝ ਕਹਿਣਾ ਚਾਹਿਆ।
ਉਨ੍ਹਾਂ ਨੇ ਕਿਹਾ,''ਸਰ, ਇਹ ਮਾਰਸ਼ਲ...''। ਪਰ ਸਪੀਕਰ ਨੇ ਉਨ੍ਹਾਂ ਨੂੰ ਰੋਕਿਆ ਅਤੇ ਰਮੇਸ਼ ਆਪਣੀ ਗੱਲ ਪੂਰੀ ਨਹੀਂ ਕਰ ਸਕੇ। ਹਾਲਾਂਕਿ ਰਮੇਸ਼ ਨੇ ਕਿਹਾ ਕਿ ਵਰਦੀ 'ਚ ਬਹੁਤ ਹੀ ਮਹੱਤਵਪੂਰਨ ਤਬਦੀਲੀ ਹੋਈ ਹੈ। ਇਸ 'ਤੇ ਸਪੀਕਰ ਨੇ ਕਿਹਾ,''ਠੀਕ ਹੈ, ਤੁਸੀਂ ਮਹੱਤਵਪੂਰਨ ਸਮੇਂ 'ਚ ਹਮੇਸ਼ਾ ਮਹੱਤਵਪੂਰਨ ਗੱਲ ਕਹਿੰਦੇ ਹੋ।'' ਮਾਰਸ਼ਲਾਂ ਦੀ ਵਰਦੀ ਦੇ ਸੰਬੰਧ 'ਚ ਰਾਜ ਸਭਾ ਸਕੱਤਰੇਤ ਦੇ ਸੂਤਰਾਂ ਨੇ ਦੱਸਿਆ ਕਿ ਪਿਛਲੇ ਕਈ ਦਹਾਕਿਆਂ ਤੋਂ ਚੱਲੇ ਆ ਰਹੇ ਡਰੈੱਸ ਕੋਡ 'ਚ ਤਬਦੀਲੀ ਦੀ ਮੰਗ ਮਾਰਸ਼ਲਾਂ ਨੇ ਹੀ ਕੀਤੀ ਸੀ।
ਦੱਸਣਯੋਗ ਹੈ ਕਿ ਸਪੀਕਰ ਸਮੇਤ ਹੋਰ ਅਧਿਕਾਰੀਆਂ ਦੀ ਮਦਦ ਲਈ ਲਗਭਗ ਅੱਧਾ ਦਰਜਨ ਮਾਰਸ਼ਲ ਤਾਇਨਾਤ ਰਹਿੰਦੇ ਹਨ। ਇਕ ਅਧਿਕਾਰੀ ਨੇ ਦੱਸਿਆ ਕਿ ਮਾਰਸ਼ਲਾਂ ਨੇ ਉਨ੍ਹਾਂ ਦੇ ਡਰੈੱਸ ਕੋਡ 'ਚ ਤਬਦੀਲੀ ਕਰ ਕੇ ਅਜਿਹੇ ਕੱਪੜੇ ਸ਼ਾਮਲ ਕਰਨ ਦੀ ਮੰਗ ਕੀਤੀ ਸੀ, ਜੋ ਪਾਉਣ 'ਚ ਆਧੁਨਿਕ 'ਲੁੱਕ' ਵਾਲੇ ਹੋਣ। ਇਨ੍ਹਾਂ ਦੀ ਮੰਗ ਨੂੰ ਸਵੀਕਾਰ ਕਰ ਕੇ ਰਾਜ ਸਕੱਤਰੇਤ ਅਤੇ ਸੁਰੱਖਿਆ ਅਧਿਕਾਰੀਆਂ ਨੇ ਨਵੀਂ ਡਰੈੱਸ ਨੂੰ ਡਿਜ਼ਾਈਨ ਕਰਨ ਲਈ ਕਈ ਦੌਰ ਦੀਆਂ ਬੈਠਕਾਂ ਕਰ ਕੇ ਨਵੇਂ ਕੱਪੜਿਆਂ ਨੂੰ ਅੰਤਿਮ ਰੂਪ ਦਿੱਤਾ। ਸਾਬਕਾ ਫੌਜ ਮੁਖੀ ਜਨਰਲ (ਰਿਟਾਇਰਡ) ਵੇਦ ਮਲਿਕ ਨੇ ਮਾਰਸ਼ਲ ਦੀ ਵਰਦੀ ਬਦਲਵਾਉਣ ਦੇ ਫੈਸਲੇ 'ਤੇ ਟਵੀਟ ਕਰ ਕੇ ਕਿਹਾ,''ਗੈਰ-ਫੌਜੀ ਕਰਮਚਾਰੀਆਂ ਵਲੋਂ ਫੌਜ ਵਰਦੀ ਪਾਉਣਾ ਗੈਰ-ਕਾਨੂੰਨੀ ਅਤੇ ਸੁਰੱਖਿਆ ਲਈ ਖਤਰਾ ਹੈ। ਮੈਨੂੰ ਉਮੀਦ ਹੈ ਕਿ ਉੱਪ ਰਾਸ਼ਟਰਪਤੀ ਸਕੱਤਰੇਤ, ਰਾਜ ਸਭਾ ਅਤੇ ਰਾਜਨਾਥ ਸਿੰਘ ਜੀ ਇਸ 'ਤੇ ਜਲਦ ਕਾਰਵਾਈ ਕਰਨਗੇ।'' ਫੌਜ ਦੇ ਇਕ ਹੋਰ ਸਾਬਕਾ ਸੀਨੀਅਰ ਅਧਿਕਾਰੀ ਲੈਫਟੀਨੈਂਟ ਜਨਰਲ (ਰਿਟਾਇਰਡ) ਐੱਚ.ਐੱਸ. ਪਨਾਗ ਨੇ ਵੀ ਟਵੀਟ ਕਰ ਕੇ ਰਾਜ ਸਭਾ ਦੇ ਮਾਰਸ਼ਲ ਦੀ ਵਰਦੀ ਬਦਲੇ ਜਾਣ ਦੇ ਫੈਸਲੇ 'ਤੇ ਆਪਣੀ ਅਸਹਿਮਤੀ ਜ਼ਾਹਰ ਕੀਤੀ।