''ਐਂਟੀ ਪੇਪਰ ਲੀਕ ਬਿੱਲ'' ਰਾਜ ਸਭਾ ''ਚ ਵੀ ਪਾਸ, ਰਾਜ ਸਭਾ ਦੀ ਕਾਰਵਾਈ 31 ਜੁਲਾਈ ਤੱਕ ਮੁਲਤਵੀ
Thursday, Jul 30, 2026 - 09:36 PM (IST)
ਨਵੀਂ ਦਿੱਲੀ : ਦੇਸ਼ ਵਿੱਚ ਪ੍ਰੀਖਿਆਵਾਂ ਦੌਰਾਨ ਪੇਪਰ ਲੀਕ ਹੋਣ ਦੀਆਂ ਘਟਨਾਵਾਂ ਨੂੰ ਰੋਕਣ ਲਈ ਕੇਂਦਰ ਸਰਕਾਰ ਵੱਲੋਂ ਲਿਆਂਦਾ ਗਿਆ 'ਐਂਟੀ ਪੇਪਰ ਲੀਕ ਬਿੱਲ' ਵੀਰਵਾਰ ਨੂੰ ਰਾਜ ਸਭਾ ਵਿੱਚ ਰੌਲੇ ਰੱਪੇ ਨਾਲ ਪਾਸ ਹੋ ਗਿਆ ਹੈ। ਇਸ ਬਿੱਲ ਦੇ ਪਾਸ ਹੋਣ ਨਾਲ ਹੁਣ ਪੇਪਰ ਲੀਕ ਵਰਗੇ ਅਪਰਾਧਾਂ ਵਿੱਚ ਸ਼ਾਮਲ ਦੋਸ਼ੀਆਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕਰਨ ਦਾ ਰਸਤਾ ਸਾਫ਼ ਹੋ ਗਿਆ ਹੈ।
ਬਿੱਲ ਦੀਆਂ ਕੁਝ ਧਾਰਾਵਾਂ 'ਤੇ ਵਿਰੋਧੀ ਧਿਰ ਦੇ ਮੈਂਬਰਾਂ ਜੌਨ ਬ੍ਰਿਟਾਸ, ਏਏ ਰਹੀਮ, ਹਰੀਸ਼ ਬੀਰਨ ਅਤੇ ਸੰਤੋਸ਼ ਕੁਮਾਰ ਪੀ ਨੇ ਸੋਧਾਂ ਦੇ ਨੋਟਿਸ ਦਿੱਤੇ ਸਨ, ਪਰ ਵੋਟਿੰਗ ਦੇ ਸਮੇਂ ਇਹ ਮੈਂਬਰ ਸਦਨ ਵਿੱਚ ਮੌਜੂਦ ਨਹੀਂ ਸਨ। ਇਸ ਤੋਂ ਇਲਾਵਾ, ਪੀ. ਵਿਲਸਨ ਅਤੇ ਤਿਰੂਚੀ ਸ਼ਿਵਾ ਵੱਲੋਂ ਪ੍ਰਸਤਾਵਿਤ ਕੀਤੀਆਂ ਗਈਆਂ ਸੋਧਾਂ ਨੂੰ ਵੋਟਿੰਗ ਦੌਰਾਨ ਸਦਨ ਨੇ ਰੱਦ ਕਰ ਦਿੱਤਾ।
ਬਿੱਲ ਪਾਸ ਹੋਣ ਤੋਂ ਤੁਰੰਤ ਬਾਅਦ ਸਭਾਪਤੀ ਸੀ.ਪੀ. ਰਾਧਾਕ੍ਰਿਸ਼ਨਨ ਨੇ ਰਾਜ ਸਭਾ ਦੀ ਕਾਰਵਾਈ ਸ਼ੁੱਕਰਵਾਰ, 31 ਜੁਲਾਈ ਸਵੇਰੇ 11 ਵਜੇ ਤੱਕ ਮੁਲਤਵੀ ਕਰਨ ਦਾ ਐਲਾਨ ਕਰ ਦਿੱਤਾ। ਹੁਣ ਸਦਨ ਦੀ ਅਗਲੀ ਬੈਠਕ ਸ਼ੁੱਕਰਵਾਰ ਨੂੰ ਹੋਵੇਗੀ।
