ਰਾਜ ਸਭਾ ’ਚ ਵਿਰੋਧੀ ਧਿਰ ਦਾ ਹੰਗਾਮਾ, ਕਾਰਵਾਈ ਪੂਰੇ ਦਿਨ ਲਈ ਮੁਲਤਵੀ

Monday, Jul 19, 2021 - 04:45 PM (IST)

ਰਾਜ ਸਭਾ ’ਚ ਵਿਰੋਧੀ ਧਿਰ ਦਾ ਹੰਗਾਮਾ, ਕਾਰਵਾਈ ਪੂਰੇ ਦਿਨ ਲਈ ਮੁਲਤਵੀ

ਨਵੀਂ ਦਿੱਲੀ— ਸੰਸਦ ਦੇ ਮਾਨਸੂਨ ਸੈਸ਼ਨ ਦੇ ਪਹਿਲੇ ਦਿਨ ਸੋਮਵਾਰ ਨੂੰ ਰਾਜ ਸਭਾ ’ਚ ਵਿਰੋਧੀ ਧਿਰ ਦੇ ਮੈਂਬਰਾਂ ਨੇ ਆਂਧਰਾ ਪ੍ਰਦੇਸ਼ ਨੂੰ ਵਿਸ਼ੇਸ਼ ਦਰਜਾ ਦੇਣ, ਪੱਤਰਕਾਰਾਂ ਦੀ ਜਾਸੂਸੀ, ਨਵੇਂ ਮੰਤਰੀ ਦੀ ਨਾਗਰਿਕਤਾ ਅਤੇ ਹੋਰ ਮੁੱਦਿਆਂ ਨੂੰ ਲੈ ਕੇ ਜੰਮ ਕੇ ਹੰਗਾਮਾ ਕੀਤਾ। ਹੰਗਾਮੇ ਕਾਰਨ ਸਦਨ ਵਿਚ ਸਿਰਫ਼ ਇਕ ਬਿੱਲ ’ਤੇ ਸੰਖੇਪ ਚਰਚਾ ਹੋ ਸਕੀ। ਵਿਰੋਧੀ ਧਿਰ ਦੇ ਹੰਗਾਮੇ ਕਾਰਨ 3 ਵਾਰ ਦੇ ਸਥਗਨ ਤੋਂ ਬਾਅਦ ਉੱਪ ਸਭਾਪਤੀ ਹਰੀਵੰਸ਼ ਨੇ ਸਦਨ ਦੀ ਕਾਰਵਾਈ ਚਲਾਉਣੀ ਚਾਹੀ ਪਰ ਵਿਰੋਧੀ ਧਿਰ ਦੇ ਨੇਤਾ ਮਲਿਕਾਅਰਜੁਨ ਖੜਗੇ ਨੇ ਕਿਹਾ ਕਿ ਮੈਂਬਰਾਂ ਨੇ ਨਿਯਮ-267 ਤਹਿਤ ਨੋਟਿਸ ਦਿੱਤੇ ਹਨ। ਪਹਿਲਾਂ ਉਨ੍ਹਾਂ ’ਤੇ ਚਰਚਾ ਹੋਣੀ ਚਾਹੀਦੀ ਹੈ। ਉਨ੍ਹਾਂ ਦੀ ਹਿਮਾਇਤ ਕਾਂਗਰਸ ਦੇ ਉੱਪ ਨੇਤਾ ਆਨੰਦ ਸ਼ਰਮਾ ਅਤੇ ਹੋਰ ਵਿਰੋਧੀ ਧਿਰਾਂ ਨੇ ਵੀ ਕੀਤੀ। ਪਰ ਹਰੀਵੰਸ਼ ਨੇ ਕਿਹਾ ਕਿ ਇਸ ਮੁੱਦੇ ਦਾ ਨਿਪਟਾਰਾ ਸਭਾਪਤੀ ਸਵੇਰੇ ਕਰ ਚੁੱਕੇ ਹਨ ਅਤੇ ਇਸ ’ਤੇ ਕੋਈ ਚਰਚਾ ਨਹੀਂ ਹੋ ਸਕਦੀ। ਇਸ ਤੋਂ ਬਾਅਦ ਜਹਾਜ਼ਰਾਨੀ ਅਤੇ ਬੰਦਰਗਾਹ ਮੰਤਰੀ ਸਰਬਾਨੰਦ ਸੋਨੋਵਾਲ ਨੂੰ ਨੇਵੀਗੇਸ਼ਨ ਲਈ ਸਮੁੰਦਰੀ ਮਦਦ ਬਿੱਲ-ੲ2021 ਪੇਸ਼ ਕਰਨ ਲਈ ਬੁਲਾਇਆ।

ਇਸ ਤੋਂ ਨਾਰਾਜ਼ ਵਿਰੋਧੀ ਧਿਰ ਦੇ ਮੈਂਬਰ ਨਾਅਰੇ ਲਾਉਂਦੇ ਹੋਏ ਸਭਾਪਤੀ ਦੇ ਆਸਨ ਦੇ ਸਾਹਮਣੇ ਆ ਗਏ। ਉੱਪ ਸਭਾਪਤੀ ਨੇ ਮੈਂਬਰਾਂ ਨੂੰ ਸ਼ਾਂਤ ਹੋਣ ਅਤੇ ਆਪਣੀਆਂ ਸੀਟਾਂ ’ਤੇ ਪਰਤ ਜਾਣ ਦੀ ਅਪੀਲ ਕੀਤੀ। ਇਸ ਦੌਰਾਨ ਸੋਨੋਵਾਲ ਨੇ ਵਿਰੋਧੀ ਧਿਰ ਦੇ ਰੌਲੇ-ਰੱਪੇ ਅਤੇ ਹੰਗਾਮੇ ਦਰਮਿਆਨ ਬਿੱਲ ਪੇਸ਼ ਕੀਤਾ ਅਤੇ ਇਸ ’ਤੇ ਚਰਚਾ ਸ਼ੁਰੂ ਹੋ ਗਈ। ਚਰਚਾ ਵਿਚ ਬੀਜੂ ਜਨਤਾ ਦਲ ਦੇ ਸੁਭਾਸ਼ ਚੰਦਰ ਸਿੰਘ, ਤੇਲੰਗਾਨਾ ਰਾਸ਼ਟਰ ਕਮੇਟੀ ਦੇ ਬਾਂਦਾ ਪ੍ਰਕਾਸ਼ ਅਤੇ ਹੋਰ ਵਿਧਾਇਕਾਂ ਨੇ ਬਿੱਲ ਦਾ ਸਮਰਥਨ ਕੀਤਾ। ਹਾਲਾਂਕਿ ਵਿਰੋਧੀ ਧਿਰ ਨੇ ਚਰਚਾ ਵਿਚ ਹਿੱਸਾ ਨਹੀਂ ਲਿਆ। ਸਦਨ ਵਿਚ ਲਗਾਤਾਰ ਹੰਗਾਮੇ ਨੂੰ ਵੇਖਦਿਆਂ ਹੋਏ ਹਰੀਵੰਸ਼ ਨੇ ਮੈਂਬਰਾਂ ਨੂੰ ਸ਼ਾਂਤ ਹੋਣ ਅਤੇ ਸਦਨ ਦੀ ਕਾਰਵਾਈ ਚੱਲਣ ਦੇਣ ਦੀ ਵਾਰ-ਵਾਰ ਅਪੀਲ ਕੀਤੀ ਪਰ ਇਸ ਦਾ ਕੋਈ ਅਸਰ ਨਹੀਂ ਹੋਇਆ। ਸਥਿਤੀ ਨੂੰ ਵੇਖਦੇ ਹੋਏ ਉਨ੍ਹਾਂ ਨੇ ਸਦਨ ਦੀ ਕਾਰਵਾਈ ਮੰਗਲਵਾਰ ਸਵੇਰੇ 11 ਵਜੇ ਤੱਕ ਲਈ ਮੁਲਤਵੀ ਕਰਨ ਦਾ ਐਲਾਨ ਕਰ ਦਿੱਤਾ। ਬਿੱਲ ’ਤੇ ਚਰਚਾ ਅਧੂਰੀ ਰਹਿ ਗਈ। 


author

Tanu

Content Editor

Related News