ਕੇਰਲ ਦੇ ਲੋਕਾਂ ਨਾਲ ਰਾਜਨਾਥ ਸਿੰਘ ਦਾ ਵਾਅਦਾ-ਸਰਕਾਰ ਬਣਦਿਆਂ ਹੀ ਹਿੰਸਾ ਅਤੇ ਭ੍ਰਿਸ਼ਟਾਚਾਰ ਖਤਮ ਕਰੇਗੀ ਭਾਜਪਾ
Sunday, Mar 28, 2021 - 12:16 PM (IST)
ਨੈਸ਼ਨਲ ਡੈਸਕ : ਦੇਸ਼ ਦੇ ਪੰਜ ਸੂਬਿਆਂ ਪੱਛਮੀ ਬੰਗਾਲ, ਆਸਾਮ, ਪੁੱਡੂਚੇਰੀ, ਕੇਰਲ ਅਤੇ ਤਾਮਿਲਨਾਡੂ ’ਚ ਵਿਧਾਨ ਸਭਾ ਚੋਣਾਂ ਕਾਰਨ ਸਿਆਸੀ ਅਖਾੜਾ ਪੂਰੀ ਤਰ੍ਹਾਂ ਭਖ ਗਿਆ ਹੈ। ਇਸ ਦਰਮਿਆਨ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਐਤਵਾਰ ਕਿਹਾ ਕਿ ਕੇਰਲ ਦੇ ਲੋਕ ਮਹਿਸੂਸ ਕਰਦੇ ਹਨ ਕਿ ਸੂਬੇ ਨੂੰ ਨਵੀਂ ਸਿਆਸੀ ਪਾਰਟੀ ਦੀ ਲੋੜ ਹੈ। ਰੱਖਿਆ ਮੰਤਰੀ ਨੇ ਤਿਰੂਵਨੰਤਪੁਰਮ ’ਚ ਆਪਣੇ ਇਕ ਸੰਬੋਧਨ ’ਚ ਐੱਲ. ਡੀ. ਐੱਫ. ਅਤੇ ਯੂ. ਡੀ. ਐੱਫ. ’ਤੇ ਹਮਲਾ ਕੀਤਾ। ਉਨ੍ਹਾਂ ਕਿਹਾ ਕਿ ਮੈਂ ਇਨ੍ਹਾਂ ਦੋਵਾਂ ਪਾਰਟੀਆਂ ਤੋਂ ਪੁੱਛਣਾ ਚਾਹੁੰਦਾ ਹਾਂ ਕਿ ਕੇਰਲ ਵਿਚ 100 ਫੀਸਦੀ ਸਾਖਰਤਾ ਦਰ ਹੋਣ ਦੇ ਬਾਵਜੂਦ ਇਹ ਦੂਜੇ ਸੂਬਿਆਂ ਦੇ ਮੁਕਾਬਲੇ ਪਿੱਛੇ ਕਿਉਂ ਹਨ ?
ਇਹ ਵੀ ਪੜ੍ਹੋ- ਚੰਗੀ ਖ਼ਬਰ : ਸਤੰਬਰ ਤੱਕ ਇਕ ਹੋਰ ਕੋਰੋਨਾ ਵੈਕਸੀਨ ਲਾਂਚ ਕਰ ਸਕਦੀ ਹੈ ਸੀਰਮ ਇੰਸਟੀਚਿਊਟ
ਕੇਰਲ ਨੂੰ ਨਵੀਂ ਸਿਆਸੀ ਪਾਰਟੀ ਦੀ ਲੋੜ
ਰਾਜਨਾਥ ਸਿੰਘ ਨੇ ਕਿਹਾ ਕਿ ਮੈਂ ਮੰਨਦਾ ਹਾਂ ਕਿ ਆਜ਼ਾਦੀ ਦੇ 7 ਦਹਾਕਿਆਂ ਬਾਅਦ ਵੀ ਇਹ ਸੂਬਾ ਐੱਲ. ਡੀ. ਐੱਫ. ਅਤੇ ਯੂ. ਡੀ. ਐੱਫ. ਦੇ ਚੁੰਗਲ ਤੋਂ ਬਾਹਰ ਨਹੀਂ ਆ ਸਕਿਆ ਹੈ। ਇਥੇ ਜਿੱਤ ਕਿਸੇ ਦੀ ਵੀ ਹੋਵੇ, ਆਖਿਰ ’ਚ ਹਾਰ ਕੇਰਲ ਦੀ ਜਨਤਾ ਦੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਲੋਕ ਮਹਿਸੂਸ ਕਰਦੇ ਹਨ ਕਿ ਸੂਬੇ ਨੂੰ ਨਵੀਂ ਸਿਆਸੀ ਪਾਰਟੀ ਦੀ ਲੋੜ ਹੈ। ਜੇ ਨਵਾਂ ਸਿਆਸੀ ਬਦਲ ਕੋਈ ਇਥੇ ਦੇ ਸਕਦਾ ਹੈ ਤਾਂ ਉਹ ਭਾਜਪਾ ਹੈ।
ਇਹ ਵੀ ਪੜ੍ਹੋ- ਵਿਧਾਨਸਭਾ ਚੋਣਾਂ: ਅਸਾਮ 'ਚ 72 ਅਤੇ ਪੱ. ਬੰਗਾਲ 'ਚ ਕਰੀਬ 80 ਫੀਸਦੀ ਵੋਟਿੰਗ
ਧਰਮ ਅਤੇ ਜਾਤੀ ਦੇ ਨਾਂ ’ਤੇ ਸਿਆਸਤ ਨਹੀਂ ਕਰਦੀ ਭਾਜਪਾ
ਰੱਖਿਆ ਮੰਤਰੀ ਨੇ ਕਿਹਾ ਕਿ ਅਸੀਂ ਕੇਂਦਰ ਦੀਆਂ ਨੀਤੀਆਂ ਨੂੰ ਕੇਰਲ ’ਚ ਪ੍ਰਭਾਵੀ ਤੌਰ ’ਤੇ ਲਾਗੂ ਕਰਾਂਗੇ। ਗਰੀਬੀ ਰੇਖਾ ਤੋਂ ਹੇਠਾਂ ਰਹਿਣ ਵਾਲੇ ਲੋਕਾਂ ਨੂੰ ਹਰ ਸਾਲ 6 ਗੈਸ ਸਿਲੰਡਰ ਦੇਵਾਂਗੇ। ਭਾਜਪਾ ਕੇਰਲ ’ਚ ਹਿੰਸਾ ਅਤੇ ਭ੍ਰਿਸ਼ਟਾਚਾਰ ਖਤਮ ਕਰੇਗੀ ਅਤੇ ਧਰਮ ਅਤੇ ਜਾਤੀ ਦੇ ਨਾਂ ’ਤੇ ਸਿਆਸਤ ਨਹੀਂ ਕਰਦੀ।
ਉਥੇ ਹੀ ਇਸ ਤੋਂ ਇਕ ਦਿਨ ਪਹਿਲਾਂ ਰਾਜਨਾਥ ਸਿੰਘ ਨੇ ਕਿਹਾ ਸੀ ਕਿ ਭਾਜਪਾ ਦਾ ਕੇਰਲ ’ਚ ਵੋਟ ਪ੍ਰਤੀਸ਼ਤ ਇਸ ਵਾਰ ਯਕੀਨੀ ਤੌਰ ’ਤੇ ਵਧ ਰਿਹਾ ਹੈ ਅਤੇ ਇਸ ਦੀਆਂ ਸੀਟਾਂ ਵਧਣਗੀਆਂ। ਇਸ ਵਾਰ ਲੋਕਾਂ ’ਚ ਭਾਜਪਾ ਪ੍ਰਤੀ ਵਿਸ਼ਵਾਸ ਵਧਿਆ ਹੈ ਅਤੇ ਇਹ ਚੋਣਾਂ ’ਚ ਅਹਿਮ ਭੂਮਿਕਾ ਅਦਾ ਕਰੇਗੀ।