ਰਾਜਨਾਥ ਨੇ ਅਸੀਮ ਮੁਨੀਰ ’ਤੇ ਕੀਤੀ ਟਿੱਪਣੀ , ਕਿਹਾ- ਆਪਣੀ ਨਾਕਾਮੀ ਕਾਰਨ ‘ਡੰਪਰ’ ਹੈ ਪਾਕਿਸਤਾਨ
Friday, Aug 22, 2025 - 10:47 PM (IST)

ਨਵੀਂ ਦਿੱਲੀ- ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਪਾਕਿਸਤਾਨੀ ਫੌਜ ਦੇ ਮੁਖੀ ਜਨਰਲ ਅਸੀਮ ਮੁਨੀਰ ਦੇ ਤਾਜ਼ਾ ਬਿਆਨ ’ਤੇ ਟਿੱਪਣੀ ਕਰਦਿਆਂ ਕਿਹਾ ਹੈ ਕਿ ਜੇ ਮੁਨੀਰ ਪਾਕਿਸਤਾਨ ਦੀ ਆਰਥਿਕਤਾ ਨੂੰ ‘ਡੰਪਰ’ ਮੰਨਦੇ ਹਨ ਤਾਂ ਇਹ ਪਾਕਿਸਤਾਨ ਦੀ ਨਾਕਾਮੀ ਨੂੰ ਇਕ ਤਰ੍ਹਾਂ ਨਾਲ ਮੰਣਨਾ ਹੀ ਹੈ।
ਰਾਜਨਾਥ ਨੇ ਜਨਰਲ ਮੁਨੀਰ ਵੱਲੋਂ ਭਾਰਤੀ ਅਰਥਵਿਵਸਥਾ ਨੂੰ ਹਾਈਵੇਅ ’ਤੇ ਚੱਲਦੀ ਫੇਰਾਰੀ ਕਾਰ ਕਹੇ ਜਾਣ ’ਤੇ ਸ਼ੁੱਕਰਵਾਰ ਇੱਥੇ ਇਕ ਪ੍ਰੋਗਰਾਮ ’ਚ ਉਕਤ ਟਿੱਪਣੀ ਕੀਤੀ। ਉਨ੍ਹਾਂ ਕਿਹਾ ਕਿ ਜਨਰਲ ਮੁਨੀਰ ਅਾਪਣੇ ਬਿਆਨ ਲਈ ਪਾਕਿਸਤਾਨ ਦੇ ਨਾਲ-ਨਾਲ ਪੂਰੀ ਦੁਨੀਆ ’ਚ ਬਹੁਤ ਟ੍ਰੋਲ ਹੋਏ। ਸਾਰਿਆਂ ਨੇ ਕਿਹਾ ਕਿ ਜੇ 2 ਦੇਸ਼ਾਂ ਨੂੰ ਇਕੱਠਿਆਂ ਆਜ਼ਾਦੀ ਮਿਲੀ ਤੇ ਇਕ ਦੇਸ਼ ਨੇ ਸਖ਼ਤ ਮਿਹਨਤ ਕੀਤੀ ਤੇ ਸਹੀ ਨੀਤੀਆਂ ਤੇ ਦ੍ਰਿਸ਼ਟੀ ਨਾਲ ਫੇਰਾਰੀ ਵਰਗੀ ਅਰਥਵਿਵਸਥਾ ਬਣਾਈ ਤਾਂ ਦੂਜਾ ਜੇ ਅਜੇ ਵੀ ਡੰਪਰ ਦੀ ਹਾਲਤ ’ਚ ਹੀ ਹੈ ਤਾਂ ਇਹ ਉਸ ਦੀ ਆਪਣੀ ਨਾਕਾਮੀ ਹੀ ਹੈ।
ਆਪ੍ਰੇਸ਼ਨ ਸਿੰਧੂਰ ਦਾ ਹਵਾਲਾ ਦਿੰਦੇ ਹੋਏ ਰਾਜਨਾਥ ਨੇ ਕਿਹਾ ਕਿ ਪਾਕਿਸਤਾਨ ਦੀ ਫੌਜ ਦੇ ਭਰਮ ਨੂੰ ਤੋੜਨ ਲਈ ਸਾਨੂੰ ਆਰਥਿਕ ਖੁਸ਼ਹਾਲੀ ਦੇ ਨਾਲ-ਨਾਲ ਰਾਸ਼ਟਰੀ ਸਨਮਾਨ ਲਈ ਬਰਾਬਰ ਮਜ਼ਬੂਤ ਰੱਖਿਆ ਸਮਰੱਥਾ ਤੇ ਲੜਾਈ ਦੀ ਭਾਵਨਾ ਬਣਾਈ ਰੱਖਣੀ ਪਵੇਗੀ।
ਉਨ੍ਹਾਂ ਕਿਹਾ ਕਿ ਪਾਕਿਸਤਾਨੀ ਫੌਜ ਦੇ ਮੁਖੀ ਨੇ ਜਾਣਬੁੱਝ ਕੇ ਜਾਂ ਅਣਜਾਣੇ ’ਚ ਇਕ ਕਬਾਇਲੀ ਤੇ ਲੁੱਟਣ ਵਾਲੀ ਮਾਨਸਿਕਤਾ ਵੱਲ ਇਸ਼ਾਰਾ ਕੀਤਾ ਹੈ ਜਿਸ ਦਾ ਪਾਕਿਸਤਾਨ ਆਪਣੇ ਜਨਮ ਤੋਂ ਹੀ ਸ਼ਿਕਾਰ ਰਿਹਾ ਹੈ।
ਜਨਰਲ ਮੁਨੀਰ ਨੇ ਭਾਰਤ ਦੀ ਆਰਥਿਕਤਾ ਬਾਰੇ ਆਪਣੇ ਬਿਆਨ ’ਚ ਕਿਹਾ ਸੀ ਕਿ ਇਹ ਹਾਈਵੇਅ ’ਤੇ ਫੇਰਾਰੀ ਵਾਂਗ ਤੇਜ਼ੀ ਨਾਲ ਚੱਲ ਰਿਹਾ ਹੈ ਪਰ ਪਾਕਿਸਤਾਨ ਦੀ ਆਰਥਿਕਤਾ ਬੱਜਰੀ ਨਾਲ ਭਰੇ ਡੰਪਰ ਵਾਂਗ ਹੈ। ਜੇ ਇਹ ਡੰਪਰ ਫੇਰਾਰੀ ਕਾਰ ਨਾਲ ਟਕਰਾਅ ਜਾਂਦਾ ਹੈ ਤਾਂ ਨੁਕਸਾਨ ਕਿਸ ਦਾ ਹੋਵੇਗਾ?