ਅਗਨੀਪਥ ਯੋਜਨਾ ਦੀ ਨਿਯਮਤ ਸਮੀਖਿਆ ਕਰ ਕੇ ਖਾਮੀਆਂ ਕੀਤੀਆਂ ਜਾਣਗੀਆਂ ਦੂਰ : ਰਾਜਨਾਥ
Sunday, Jun 26, 2022 - 01:03 PM (IST)
ਨਵੀਂ ਦਿੱਲੀ– ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸ਼ਨੀਵਾਰ ਤਿੰਨਾਂ ਸੈਨਾਵਾਂ ’ਚ ਸਿਪਾਹੀਆਂ ਦੀ ਭਰਤੀ ਲਈ ਨਵੀਂ ਯੋਜਨਾ ‘ਅਗਨੀਪਥ’ ਬਾਰੇ ਖਦਸ਼ਿਆਂ ਨੂੰ ਬੇਲੋੜਾ ਕਰਾਰ ਦਿੱਤਾ ਅਤੇ ਕਿਹਾ ਕਿ ਇਸ ਯੋਜਨਾ ਦੀ ਨਿਯਮਿਤ ਤੌਰ ’ਤੇ ਸਮੀਖਿਆ ਕੀਤੀ ਜਾਵੇਗੀ ਅਤੇ ਇਸ ਵਿਚ ਜੋ ਕਮੀਆਂ ਹਨ, ਨੂੰ ਸਮੇਂ-ਸਮੇਂ ’ਤੇ ਸੁਧਾਰਿਆ ਜਾਵੇਗਾ।
ਸ਼ਨੀਵਾਰ ਇੱਕ ਟੈਲੀਵਿਜ਼ਨ ਚੈਨਲ ਦੇ ਸੰਮੇਲਨ ਨੂੰ ਸੰਬੋਧਨ ਕਰਦਿਆਂ ਰਾਜਨਾਥ ਨੇ ਕਿਹਾ ਕਿ ਸਰਕਾਰ ਨੇ ਇਸ ਯੋਜਨਾ ਨੂੰ ਬਹੁਤ ਹੀ ਚੌਕਸੀ ਨਾਲ ਤਿਆਰ ਕੀਤਾ ਹੈ । ਇਸ ਨੂੰ ਲਾਗੂ ਕਰਨ ਵਿੱਚ ਜੋ ਵੀ ਚੁਣੌਤੀਆਂ ਸਨ, ਨੂੰ ਹੱਲ ਕਰ ਲਿਆ ਗਿਆ ਹੈ। ਜਦੋਂ ਵੀ ਕੋਈ ਨਵੀਂ ਸਕੀਮ ਆਉਂਦੀ ਹੈ ਤਾਂ ਲੋਕਾਂ ਦੇ ਮਨ ਵਿੱਚ ਕੁਝ ਖਦਸ਼ੇ ਰਹਿੰਦੇ ਹਨ। ਅਗਨੀਪਥ ਯੋਜਨਾ ਨੂੰ ਉਹ ਰੱਖਿਆ ਖੇਤਰ ਵਿੱਚ ਇੱਕ ਵੱਡਾ ਸੁਧਾਰ ਮੰਨਦੇ ਹਨ । ਇਹ ਭਰਤੀ ਪ੍ਰਕਿਰਿਆ ਵਿੱਚ ਵੀ ਕ੍ਰਾਂਤੀ ਲਿਆਵੇਗੀ।
ਉਨ੍ਹਾਂ ਨੌਜਵਾਨਾਂ ਨੂੰ ਭਰੋਸਾ ਦਿਵਾਇਆ ਕਿ ਅਗਨੀਪਥ ਯੋਜਨਾ ਦੇ ਲਾਗੂ ਹੋਣ ਤੋਂ ਬਾਅਦ ਸਰਕਾਰ ਹਰ ਸਾਲ ਇਸ ਦੀ ਸਮੀਖਿਆ ਕਰੇਗੀ। ਜੇ ਕੋਈ ਕਮੀ ਰਹਿ ਗਈ ਹੈ ਤਾਂ ਉਸ ਨੂੰ ਪੂਰਾ ਕਰ ਕੇ ਕਮੀ ਨੂੰ ਦੂਰ ਕੀਤਾ ਜਾਵੇਗਾ। ਇਹ ਉਨ੍ਹਾਂ ਦੀ ਸਰਕਾਰ ਦਾ ਸੰਕਲਪ ਹੈ। ਕਿਸੇ ਨੂੰ ਵੀ ਦੇਸ਼ ਦੇ ਨੌਜਵਾਨਾਂ ਨੂੰ ਗੁੰਮਰਾਹ ਨਹੀਂ ਕਰਨਾ ਚਾਹੀਦਾ।