ਮੋਦੀ ਦੀ 3.0 ਸਰਕਾਰ ’ਚ ਰਾਜਨਾਥ ਸਿੰਘ ਦਾ ਸਿਆਸੀ ਕੱਦ ਵਧਿਆ

Saturday, Jun 08, 2024 - 06:43 PM (IST)

ਮੋਦੀ ਦੀ 3.0 ਸਰਕਾਰ ’ਚ ਰਾਜਨਾਥ ਸਿੰਘ ਦਾ ਸਿਆਸੀ ਕੱਦ ਵਧਿਆ

ਨਵੀਂ ਦਿੱਲੀ- ਲੋਕ ਸਭਾ ਦੀਆਂ ਤਾਜ਼ਾ ਚੋਣਾਂ ’ਚ ਭਾਜਪਾ ਆਪਣੇ ਦਮ ’ਤੇ 272 ਸੀਟਾਂ ਹਾਸਲ ਕਰਨ ਤੋਂ ਖੁੰਝ ਗਈ ਪਰ ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਬਦਲਦੀ ਕਿਸਮਤ ’ਤੇ ਪ੍ਰਮਾਤਮਾ ਮੁਸਕਰਾ ਰਿਹਾ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐੱਨ. ਡੀ. ਏ. ’ਚ ਭਾਜਪਾ ਦੇ ਸਹਿਯੋਗੀਆਂ ਨਾਲ ਗੱਲਬਾਤ ਕਰਨ ਲਈ ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਪ੍ਰਧਾਨਗੀ ਹੇਠ ਇਕ ਗਰੁੱਪ ਦਾ ਗਠਨ ਕੀਤਾ ਹੈ ਜਿਸ ’ਚ ਭਾਜਪਾ ਦੇ ਪ੍ਰਧਾਨ ਜੇ.ਪੀ. ਨੱਡਾ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਸ਼ਾਮਲ ਹਨ।

ਇਹ 3 ਮੈਂਬਰੀ ਗਰੁੱਪ ਭਾਜਪਾ ਦੇ ਸੂਬਾਈ ਆਗੂਆਂ ਨਾਲ ਵੀ ਗੱਲਬਾਤ ਕਰ ਰਿਹਾ ਹੈ। ਹਾਲਾਂਕਿ ਬੈਠਕਾਂ ਨੱਡਾ ਦੀ ਰਿਹਾਇਸ਼ ਵਿਖੇ ਹੋ ਰਹੀਆਂ ਹਨ। ਇਹ ਗਰੁੱਪ ਨਾ ਸਿਰਫ਼ ਸਹਿਯੋਗੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਮੰਤਰੀ ਮੰਡਲ ’ਚ ਸ਼ਾਮਲ ਕਰਨ ਬਾਰੇ ਵਿਚਾਰ ਵਟਾਂਦਰਾ ਕਰੇਗਾ ਸਗੋਂ ਉਨ੍ਹਾਂ ਦੀਆਂ ਹੋਰ ਮੰਗਾਂ ’ਤੇ ਵੀ ਚਰਚਾ ਕਰੇਗਾ। ਇਹ ਸਪੱਸ਼ਟ ਹੈ ਕਿ ਸਹਿਯੋਗੀਆਂ ਨੂੰ ਸਪੀਕਰ ਦਾ ਅਹੁਦਾ, ਗ੍ਰਹਿ, ਰੱਖਿਆ, ਵਿੱਤ ਤੇ ਵਿਦੇਸ਼ ਵਰਗੇ ਪ੍ਰਮੁੱਖ ਵਿਭਾਗ ਨਹੀਂ ਦਿੱਤੇ ਜਾਣਗੇ। ਕਿਸੇ ਵੀ ਸਹਿਯੋਗੀ ਪਾਰਟੀ ਨੇ ਅਜਿਹੇ ਵਿਭਾਗਾਂ ਦੀ ਮੰਗ ਨਹੀਂ ਕੀਤੀ ਹੈ। ਟੀ. ਡੀ. ਪੀ. ਅਤੇ ਜਨਤਾ ਦਲ (ਯੂ) ਰੇਲਵੇ, ਸੜਕੀ ਆਵਾਜਾਈ, ਪੇਂਡੂ ਵਿਕਾਸ ਵਰਗੇ ਬੁਨਿਆਦੀ ਢਾਂਚੇ ਦੇ ਮੰਤਰਾਲਿਆਂ ਨੂੰ ਪ੍ਰਾਪਤ ਕਰਨ ਲਈ ਵਧੇਰੇ ਉਤਸੁਕ ਹੈ।

ਸਹਿਯੋਗੀਆਂ ਦੀਆਂ ਹੋਰ ਮੰਗਾਂ ਜਿਵੇਂ ਅਗਨੀਵੀਰ ਤੇ ਸਮਾਜਿਕ ਨਿਆਂ ਦੇ ਮੁੱਦੇ ਵੀ ਵਿਚਾਰੇ ਜਾਣਗੇ। ਦੋਵੇਂ ਪ੍ਰਮੁੱਖ ਸਹਿਯੋਗੀ ਜਾਣਦੇ ਹਨ ਕਿ ਅਟਲ ਬਿਹਾਰੀ ਵਾਜਪਾਈ ਤੇ ਮੋਦੀ ਦੇ ਯੁੱਗ ’ਚ ਫਰਕ ਹੈ। ਵਾਜਪਾਈ ਨੂੰ ਉਦੋਂ ਲੋਕ ਸਭਾ ’ਚ 182 ਸੀਟਾਂ ਮਿਲੀਆਂ ਸਨ ਜਦੋਂਕਿ ਮੋਦੀ ਨੂੰ 240 ਸੀਟਾਂ ਮਿਲੀਆਂ ਹਨ। ਇਸ ਘਟਨਾਚੱਕਰ ਨੂੰ ਰਾਜਨਾਥ ਸਿੰਘ ਦੇ ਉਭਾਰ ਵਜੋਂ ਵੇਖਿਆ ਜਾ ਰਿਹਾ ਹੈ ਜੋ ਸਹਿਯੋਗੀਆਂ ਦੇ ਨਾਲ-ਨਾਲ ਵਿਰੋਧੀ ਪਾਰਟੀਆਂ ਨਾਲ ਵੀ ਤਾਲਮੇਲ ਕਰਨਗੇ ਕਿਉਂਕਿ ਵਿਰੋਧੀ ਪਾਰਟੀਆਂ ਉਨ੍ਹਾਂ ਨਾਲ ਵਧੇਰੇ ਸਹਿਜ ਹਨ।

ਜੇ ਭਾਜਪਾ 300 ਸੀਟਾਂ ਦਾ ਅੰਕੜਾ ਪਾਰ ਕਰ ਲੈਂਦੀ ਤਾਂ ਸਥਿਤੀ ਹੋਰ ਹੀ ਹੋਣੀ ਸੀ ਕਿਉਂਕਿ ਬਹੁਤ ਸਾਰੇ ਲੋਕ ਕਹਿ ਰਹੇ ਸਨ ਕਿ ਰਾਜਨਾਥ ਸਿੰਘ ਨੂੰ ਸਪੀਕਰ ਜਾਂ ਕਿਸੇ ਵੀ ਸੂਬੇ ਦਾ ਰਾਜਪਾਲ ਬਣਾਇਆ ਜਾ ਸਕਦਾ ਸੀ ਪਰ ਹੁਣ ਉਹ ਮੋਦੀ ਸਰਕਾਰ 3.0 ਦੇ ਮੁੱਖ ਸੰਕਟਮੋਚਕ ਹਨ।


author

Rakesh

Content Editor

Related News