ਰਾਜਨਾਥ ਨੇ ਕਿਹਾ, 'ਫੌਜ 'ਤੇ ਭਰੋਸਾ ਰੱਖੋ, ਜਲਦੀ ਲਵਾਂਗੇ ਬਦਲਾ'

02/06/2018 11:58:14 AM

ਨਵੀਂ ਦਿੱਲੀ (ਭਾਸ਼ਾ)—ਜੰਮੂ-ਕਸ਼ਮੀਰ ਦੇ ਐੱਲ. ਓ. ਸੀ. 'ਤੇ ਪਾਕਿਸਤਾਨੀ ਫੌਜੀਆਂ ਦੀ ਗੋਲਾਬਾਰੀ ਵਿਚ ਭਾਰਤੀ ਫੌਜੀਆਂ ਦੀਆਂ ਜਾਨਾਂ ਜਾਣ ਦੇ ਇਕ ਦਿਨ ਮਗਰੋਂ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਅੱਜ ਐਲਾਨ ਕਰਦਿਆਂ ਕਿਹਾ ਕਿ ਦੇਸ਼ ਫੌਜ 'ਤੇ ਭਰੋਸਾ ਰੱਖੇ, ਅਸੀਂ ਪਾਕਿ ਦੀ ਇਸ ਹਰਕਤ ਦਾ ਜਲਦੀ ਬਦਲਾ ਲਵਾਂਗੇ। 
ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਸਾਨੂੰ ਆਪਣੀ ਫੌਜ 'ਤੇ ਪੂਰਾ ਭਰੋਸਾ ਹੈ ਕਿ ਉਹ ਅਜਿਹਾ ਕਰਨ ਵਿਚ ਸਮਰੱਥ ਹੈ। ਦੱਸ ਦੇਈਏ ਕਿ ਐੱਲ. ਓ. ਸੀ. 'ਤੇ ਦੋਵਾਂ ਪਾਸਿਆਂ ਵਲੋਂ ਹੋਈ ਫਾਇਰਿੰਗ ਵਿਚ ਕੈਪਟਨ ਸਮੇਤ 3 ਜਵਾਨ ਸ਼ਹੀਦ ਹੋ ਗਏ ਸਨ। ਇਸ 'ਤੇ ਰਾਜਨਾਥ ਸਿੰਘ ਨੇ ਸਖ਼ਤ ਨਿੰਦਾ ਕਰਦਿਆਂ ਆਪਣੀ ਪ੍ਰਤੀਕਿਰਿਆ ਦਿੱਤੀ ਹੈ।
ਰਾਜਨਾਥ ਸਿੰਘ ਨੇ ਕਿਹਾ ਕਿ ਫੌਜ ਦੀ ਬਹਾਦਰੀ 'ਤੇ ਪੂਰਾ ਭਰੋਸਾ ਰੱਖੋ, ਸਾਡੇ ਜਵਾਨ ਇਸਦਾ ਜਲਦੀ ਹੀ ਜਵਾਬ ਦੇਣਗੇ। ਓਧਰ ਗ੍ਰਹਿ ਰਾਜ ਮੰਤਰੀ ਹੰਸ ਰਾਜ ਅਹੀਰ ਨੇ ਵੀ ਪਾਕਿਸਤਾਨ ਵਲੋਂ ਸਰਹੱਦ 'ਤੇ ਕੀਤੀ ਗਈ ਗੋਲੀਬੰਦੀ ਦੀ ਉਲੰਘਣਾ ਦੀ ਸਖ਼ਤ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਅਸੀਂ ਪਾਕਿਸਤਾਨ ਨੂੰ ਮੁਆਫ ਨਹੀਂ ਕਰਾਂਗੇ। ਪਾਕਿਸਤਾਨ ਦੀ ਇਸ ਕਾਰਵਾਈ ਤੋਂ ਸਾਬਿਤ ਹੁੰਦਾ ਹੈ ਕਿ ਉਹ ਮੂਰਖ ਹੈ ਤੇ ਇਸਦਾ ਭੁਗਤਾਨ ਉਸਨੂੰ ਕਰਨਾ ਪਵੇਗਾ। 

PunjabKesari
ਉਪ-ਫੌਜ ਮੁਖੀ ਨੇ ਕਿਹਾ- ਅਸੀਂ ਨਹੀਂ ਸਾਡੀ ਕਾਰਵਾਈ ਬੋਲੇਗੀ
ਉਪ-ਫੌਜ ਮੁਖੀ ਨੇ ਕਿਹਾ ਕਿ ਅਸੀਂ ਮੂੰਹ-ਤੋੜ ਜਵਾਬ ਦੇਵਾਂਗੇ। ਅਸੀਂ ਨਹੀਂ, ਸਾਡੀ ਕਾਰਵਾਈ ਖੁਦ ਬੋਲੇਗੀ। ਉਪ-ਫੌਜ ਮੁਖੀ ਸ਼ਰਤ ਚੰਦਰ ਨੇ ਅੱਜ ਕਿਹਾ ਕਿ ਪਾਕਿਸਤਾਨੀ ਫੌਜ ਸਰਹੱਦ 'ਤੇ ਅੱਤਵਾਦੀਆਂ ਦੀ ਘੁਸਪੈਠ ਦਾ ਸਮਰਥਨ ਕਰ ਰਹੀ ਹੈ। ਉਨ੍ਹਾਂ ਪੱਤਰਕਾਰਾਂ ਨੂੰ ਕਿਹਾ ਕਿ ਅਸੀਂ ਮੂੰਹ-ਤੋੜ ਜਵਾਬ ਦੇਣ ਦੀ ਆਪਣੀ ਕਾਰਵਾਈ ਜਾਰੀ ਰੱਖਾਂਗੇ।

PunjabKesari
ਸ਼ਿਵ ਸੈਨਾ ਨੇ ਕਿਹਾ- ਕੀ ਮਿਜ਼ਾਈਲਾਂ ਦਿਖਾਉਣ ਲਈ ਹਨ?
ਸ਼ਿਵ ਸੈਨਾ ਆਗੂ ਸੰਜੇ ਰਾਊਤ ਨੇ ਕਿਹਾ ਕਿ ਪਾਕਿਸਤਾਨ ਸਾਡੇ ਜਵਾਨਾਂ 'ਤੇ ਹਮਲਾ ਕਰਨ ਲਈ ਮਿਜ਼ਾਈਲ ਦੀ ਵਰਤੋਂ ਕਰ ਰਿਹਾ ਹੈ। ਕੀ ਸਾਡੀਆਂ ਮਿਜ਼ਾਈਲਾਂ ਕੇਵਲ ਰਾਜਪਥ 'ਤੇ ਪ੍ਰਦਰਸ਼ਨ ਲਈ ਹਨ? ਇਹ ਜੰਗ ਹੈ ਅਤੇ ਉਨ੍ਹਾਂ ਦੇ ਹਮਲੇ ਦਾ ਜਵਾਬ ਸਾਨੂੰ ਉਸੇ ਤਰ੍ਹਾਂ ਦੇਣਾ ਚਾਹੀਦਾ ਹੈ। ਜੇਕਰ ਜਵਾਬ ਨਹੀਂ ਦੇਵਾਂਗੇ ਤਾਂ ਪੂਰੀ ਦੁਨੀਆ  'ਚ ਸਾਡੇ ਦੇਸ਼ ਨੂੰ ਨਾਮਰਦ ਕਿਹਾ ਜਾਵੇਗਾ। 

PunjabKesari
ਸੁਬਰਾਮਨੀਅਮ ਸਵਾਮੀ ਨੇ ਕਿਹਾ- ਪਾਕਿ ਦੇ ਕਰ ਦਿਓ 4 ਟੁਕੜੇ
ਭਾਜਪਾ ਆਗੂ ਸੁਬਰਾਮਨੀਅਮ ਨੇ ਕਿਹਾ ਕਿ ਜੰਗ ਦੀ ਤਿਆਰੀ ਕਰੋ ਅਤੇ ਪਾਕਿਸਤਾਨ ਦੇ 4 ਟੁਕੜੇ ਕਰ ਦਿਓ। ਪਾਕਿਸਤਾਨ ਨੇ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ। ਉਸਦੇ ਅੱਤਵਾਦੀਆਂ ਤੋਂ ਚੀਨ ਵੀ ਪ੍ਰੇਸ਼ਾਨ ਹੈ। ਚੀਨ ਵੀ ਪਾਕਿਸਤਾਨ ਨੂੰ ਚਿਤਾਵਨੀ ਦੇ ਚੁੱਕਾ ਹੈ।


Related News