ਰਾਜਨਾਥ ਨੇ ਵਿਰੋਧੀ ਧਿਰ ਨੂੰ ਭਰਮਾਇਆ ਤੇ ਉੱਥੇ ਮਾਰਿਆ ਜਿੱਥੇ ਸਭ ਤੋਂ ਵੱਧ ਦਰਦ ਹੋਵੇ
Tuesday, Jul 29, 2025 - 11:14 PM (IST)

ਨੈਸ਼ਨਲ ਡੈਸਕ- ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸੰਸਦ ਦੇ ਦੋਵਾਂ ਸਦਨਾਂ (ਸੋਮਵਾਰ ਲੋਕ ਸਭਾ ਅਤੇ ਮੰਗਲਵਾਰ ਰਾਜ ਸਭਾ) ’ਚ ਇਕ ਸਿਆਸੀ ਆਗੂ ਵਾਂਗ ਭਾਸ਼ਣ ਦਿੱਤਾ, ਜੋ ਉਨ੍ਹਾਂ ਦੇ ਹੋਰ ਕੈਬਨਿਟ ਸਹਿਯੋਗੀਆਂ ਜਿਵੇਂ ਕਿ ਅਮਿਤ ਸ਼ਾਹ, ਐੱਸ. ਜੈਸ਼ੰਕਰ ਅਤੇ ਹੋਰਨਾਂ ਨਾਲੋਂ ਬਿਲਕੁਲ ਵੱਖਰਾ ਸੀ। ਰਾਜਨਾਥ ਸਿੰਘ ਨੇ ਇਕ ਤੋਂ ਵੱਧ ਮੌਕਿਆਂ ’ਤੇ ਕਿਹਾ ਕਿ ਉਹ ਗੁਆਂਢੀ ਦੇਸ਼ਾਂ ਦੇ ਨਾਲ ਟਕਰਾਅ ਦੇ ਦੌਰਾਨ ਕੇਂਦਰ ਦੀਆਂ ਵਿਰੋਧੀ ਸਰਕਾਰਾਂ ਨੂੰ ਦੋਸ਼ ਨਹੀਂ ਦੇਣਾ ਚਾਹੁੰਦੇ ਕਿਉਂਕਿ ਉਨ੍ਹਾਂ ਨੇ ਉਹੀ ਕੀਤਾ ਜੋ ਉਨ੍ਹਾਂ ਨੂੰ ਆਪਣੀ ਸਮਝ ਵਿਚ ਆਇਆ।
ਪਰ ਉਨ੍ਹਾਂ ਨੇ ਸਵਰਗੀ ਪ੍ਰਣਬ ਮੁਖਰਜੀ ਦੀ ਇਕ ਖਾਸ ਉਦਾਹਰਣ ਦੋਹਰਾਈ। ਉਨ੍ਹਾਂ ਕਿਹਾ ਕਿ ਭਾਰਤ ਦੇ ਕੋਲ 26/11 ਦੇ ਮੁੰਬਈ ਅੱਤਵਾਦੀ ਹਮਲਿਆਂ ’ਚ ਸਰਹੱਦ ਪਾਰ ਦੀ ਸ਼ਮੂਲੀਅਤ ਦੇ ਸਬੂਤ ਸਨ ਪਰ ਤਤਕਾਲੀ ਵਿਦੇਸ਼ ਮੰਤਰੀ ਪ੍ਰਣਬ ਮੁਖਰਜੀ ਨੇ ਫੌਜੀ ਜਵਾਬੀ ਕਾਰਵਾਈ ਦੀ ਮੰਗ ਨੂੰ ਖਾਰਿਜ ਕਰ ਦਿੱਤਾ ਸੀ। ਮੁਖਰਜੀ ਦੀ ਯਾਦ ‘ਦ ਕੋਲੀਸ਼ਨ ਈਅਰਜ਼’ ਦਾ ਹਵਾਲਾ ਦਿੰਦੇ ਹੋਏ, ਸਿੰਘ ਨੇ ਕਿਹਾ ਕਿ ਕਾਂਗਰਸ ਦੀ ਅਗਵਾਈ ਵਾਲੀ ਯੂ. ਪੀ. ਏ. ਸਰਕਾਰ ਨੇ ਕੈਬਨਿਟ ਦੇ ਅੰਦਰ ਵਧਦੇ ਦਬਾਅ ਦੇ ਬਾਵਜੂਦ ਤਾਕਤ ਨਾਲ ਜਵਾਬ ਨਾ ਦੇਣ ਦਾ ਫੈਸਲਾ ਕੀਤਾ।
ਪ੍ਰਣਬ ਮੁਖਰਜੀ ਨੇ ਆਪਣੀ ਕਿਤਾਬ ‘ਦ ਕੋਲੀਸ਼ਨ ਈਅਰਜ਼’ ’ਚ ਲਿਖਿਆ ਹੈ ਕਿ ਜਦੋਂ ਮੁੰਬਈ ਹਮਲੇ ਹੋਏ, ਤਾਂ ਭਾਰਤ ਦੇ ਕੋਲ ਇਸ ਗੱਲ ਦੇ ਸਬੂਤ ਸਨ ਕਿ ਅੱਤਵਾਦੀ ਕਰਾਚੀ ਬੰਦਰਗਾਹ ਤੋਂ ਆਏ ਸਨ। ਦੁਨੀਆ ਵਿਚ ਕਿਸੇ ਨੇ ਵੀ ਪਾਕਿਸਤਾਨ ਦੇ ‘ਗੈਰ-ਸਰਕਾਰੀ ਤੱਤਾਂ’ ਦੇ ਬਹਾਨੇ ’ਤੇ ਵਿਸ਼ਵਾਸ ਨਹੀਂ ਕੀਤਾ।
ਉਨ੍ਹਾਂ ਲਿਖਿਆ ਹੈ, ਅਤੇ ਮੈਂ ਹਵਾਲਾ ਦਿੰਦਾ ਹਾਂ-‘ਮੰਤਰੀ ਮੰਡਲ ਦੇ ਅੰਦਰ ਗਰਮਾਗਰਮ ਬਹਿਸਾਂ ਦੇ ਦਰਮਿਆਨ, ਫੌਜੀ ਦਖਲ ਦੀ ਮੰਗ ਉੱਠੀ ਜਿਸਨੂੰ ਮੈਂ ਨਾਮਨਜ਼ੂਰ ਕਰ ਦਿੱਤਾ।’ ਉਨ੍ਹਾਂ ਇਕ ਅਣਜਾਣ ਸੀਨੀਅਰ ਆਈ. ਐੱਫ. ਐੱਸ. ਅਧਿਕਾਰੀ ਦੀ ਕਿਤਾਬ ਦਾ ਹਵਾਲਾ ਦਿੱਤਾ, ਜਿਸ ਵਿਚ ਹਮਲਿਆਂ ਤੋਂ ਬਾਅਦ ਹੋਈ ਇਕ ਮੀਟਿੰਗ ਦਾ ਜ਼ਿਕਰ ਹੈ। ਕਿਤਾਬ ’ਚ ਲਿਖਿਆ ਹੈ ਕਿ ਵਿਦੇਸ਼ ਸਕੱਤਰ ਸ਼ਿਵਸ਼ੰਕਰ ਮੈਨਨ ਨੇ ਸੁਝਾਅ ਦਿੱਤਾ ਸੀ ਕਿ ਭਾਰਤ ਮੁਰੀਦਕੇ ਸਥਿਤ ਲਸ਼ਕਰ-ਏ-ਤੌਇਬਾ ਦੇ ਮੁੱਖ ਦਫਤਰ ’ਤੇ ਕਰੂਜ਼ ਮਿਜ਼ਾਈਲ ਨਾਲ ਹਮਲਾ ਕਰ ਸਕਦਾ ਹੈ। ਇਹ ਸੁਣ ਕੇ ਮੁਖਰਜੀ ਨੇ ਆਪਣੀ ਐਨਕ ਉਤਾਰੀ, ਉਸ ਨੂੰ ਸਾਫ਼ ਕੀਤਾ ਅਤੇ ਮੀਟਿੰਗ ਖਤਮ ਕਰਨ ਤੋਂ ਪਹਿਲਾਂ ਸਾਰੇ ਅਧਿਕਾਰੀਆਂ ਦਾ ਧੰਨਵਾਦ ਕੀਤਾ।
ਰਾਜਨਾਥ ਸਿੰਘ ਨੇ ਸੋਮਵਾਰ ਨੂੰ ਲੋਕ ਸਭਾ ਅਤੇ ਅੱਜ ਰਾਜ ਸਭਾ ਵਿਚ ਇਹ ਗੱਲ ਕਹੀ। ਰਾਜਨਾਥ ਸਿੰਘ ਨੇ ਮਰਹੂਮ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਪਾਕਿਸਤਾਨ ਨਾਲ 1971 ਦੀ ਜੰਗ ਵਿਚ ਜਿੱਤ ਦੇ ਲਈ ਵਧਾਈ ਦਿੱਤੀ ਅਤੇ ਆਪਣੇ ਦੂਜੇ ਮੰਤਰੀਮੰਡਲ ੀ ਸਹਿਯੋਗੀਆਂ ਅਮਿਤ ਸ਼ਾਹ ਦੇ ਵਾਂਗ ਇਸ ਪਹਿਲ ਨੂੰ ਬਰਬਾਦ ਕਰਨ ਦੇ ਲਈ ਉਨ੍ਹਾਂ ਨੂੰ ਦੋਸ਼ੀ ਨਹੀਂ ਠਹਿਰਾਇਆ। ਇਕ ਸਮੇਂ, ਰਾਜਨਾਥ ਸਿੰਘ ਨੇ ਮਨਮੋਹਨ ਸਿੰਘ ਸਰਕਾਰ ਦੀ ਪ੍ਰਸ਼ੰਸਾ ਵੀ ਕੀਤੀ, ਹਾਲਾਂਕਿ ਉਨ੍ਹਾਂ ਨੇ 2006 ਅਤੇ 2009 ’ਚ ਆਪਣੀਆਂ ਪ੍ਰਾਪਤੀਆਂ ਨਾ ਦੱਸਣ ਦੇ ਲਈ ਇਸਦੀ ਆਲੋਚਨਾ ਵੀ ਕੀਤੀ ਸੀ।