ਰਾਜਨਾਥ ਸਿੰਘ ਨੇ ਮਹਿਲਾ ਫ਼ੌਜੀਆਂ ਲਈ ਵਿਸ਼ੇਸ਼ ਸਹੂਲਤਾਂ ਦੇ ਪ੍ਰਸਤਾਵ ਨੂੰ ਦਿੱਤੀ ਮਨਜ਼ੂਰੀ
Sunday, Nov 05, 2023 - 06:53 PM (IST)
ਜੈਤੋ (ਰਘੁਨੰਦਨ ਪਰਾਸ਼ਰ)- ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਹਥਿਆਰਬੰਦ ਸੈਨਾਵਾਂ 'ਚ ਮਹਿਲਾ ਸਿਪਾਹੀਆਂ, ਮਲਾਹਾਂ ਅਤੇ ਹਵਾਈ ਫੌਜੀਆਂ ਲਈ ਜਣੇਪਾ, ਬਾਲ ਦੇਖਭਾਲ ਅਤੇ ਬਾਲ ਗੋਦ ਲੈਣ ਦੀ ਛੁੱਟੀ ਦੇ ਨਿਯਮਾਂ 'ਚ ਉਨ੍ਹਾਂ ਦੇ ਅਧਿਕਾਰੀ ਹਮਰੁਤਬਾ ਦੇ ਬਰਾਬਰ ਸੋਧ ਕੀਤੀ ਹੈ। ਕੇਂਦਰੀ ਰੱਖਿਆ ਮੰਤਰਾਲੇ ਨੇ ਐਤਵਾਰ ਨੂੰ ਇਸ ਦੇ ਵਿਸਥਾਰ ਦੇ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ। ਇਸ ਨਿਯਮ ਦੇ ਜਾਰੀ ਹੋਣ ਦੇ ਨਾਲ ਅਜਿਹੀ ਛੁੱਟੀ ਦੀ ਮਨਜ਼ੂਰੀ ਫੌਜ ਦੀਆਂ ਸਾਰੀਆਂ ਔਰਤਾਂ, ਭਾਵੇਂ ਅਧਿਕਾਰੀ ਜਾਂ ਕੋਈ ਹੋਰ ਰੈਂਕ 'ਤੇ ਬਰਾਬਰ ਲਾਗੂ ਹੋਵੇਗੀ। ਇਸ ਫੈਸਲੇ ਦਾ ਉਦੇਸ਼ ਹਥਿਆਰਬੰਦ ਬਲਾਂ ਵਿਚ ਸਾਰੀਆਂ ਔਰਤਾਂ ਦੀ ਸ਼ਮੂਲੀਅਤ ਨੂੰ ਯਕੀਨੀ ਬਣਾਉਣਾ ਹੈ, ਚਾਹੇ ਉਨ੍ਹਾਂ ਦਾ ਰੈਂਕ ਕੋਈ ਵੀ ਹੋਵੇ।
ਛੁੱਟੀ ਦੇ ਨਿਯਮਾਂ ਦਾ ਵਿਸਥਾਰ ਹਥਿਆਰਬੰਦ ਬਲਾਂ ਨਾਲ ਸਬੰਧਤ ਔਰਤਾਂ-ਵਿਸ਼ੇਸ਼ ਪਰਿਵਾਰਕ ਅਤੇ ਸਮਾਜਿਕ ਮੁੱਦਿਆਂ ਨੂੰ ਹੱਲ ਕਰਨ ਵਿਚ ਬਹੁਤ ਮਦਦ ਕਰੇਗਾ। ਇਹ ਕੰਮ ਫੌਜ 'ਚ ਔਰਤਾਂ ਦੀਆਂ ਕੰਮਕਾਜੀ ਸਥਿਤੀਆਂ 'ਚ ਸੁਧਾਰ ਕਰੇਗਾ ਅਤੇ ਉਨ੍ਹਾਂ ਨੂੰ ਪੇਸ਼ੇਵਰ ਅਤੇ ਪਰਿਵਾਰਕ ਜੀਵਨ 'ਚ ਬਿਹਤਰ ਸੰਤੁਲਨ ਬਣਾਉਣ 'ਚ ਮਦਦ ਕਰੇਗਾ।ਮਹਿਲਾ ਸਸ਼ਕਤੀਕਰਨ ਪ੍ਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਦੀ ਵਚਨਬੱਧਤਾ ਨੂੰ ਅੱਗੇ ਵਧਾਉਂਦੇ ਹੋਏ, ਤਿੰਨੋਂ ਸੈਨਾਵਾਂ ਨੂੰ ਸ਼ਾਮਲ ਕਰਕੇ ਇਕ ਸ਼ੁਰੂਆਤ ਕੀਤੀ ਹੈ।
ਦੱਸ ਦੇਈਏ ਕਿ ਫ਼ੌਜ ਵਿਚ ਤਾਇਨਾਤ ਹੋਣ ਤੋਂ ਲੈ ਕੇ ਅਸਮਾਨ 'ਚ ਝੰਡਾ ਲਹਿਰਾਉਣ ਤੱਕ, ਭਾਰਤੀ ਔਰਤਾਂ ਹੁਣ ਹਥਿਆਰਬੰਦ ਸੈਨਾਵਾਂ 'ਚ ਲਗਭਗ ਹਰ ਖੇਤਰ 'ਚ ਰੁਕਾਵਟਾਂ ਨੂੰ ਤੋੜ ਰਹੀਆਂ ਹਨ। ਸਾਲ 2019 'ਚ ਭਾਰਤੀ ਫੌਜ ਵਿਚ ਮਿਲਟਰੀ ਪੁਲਸ ਕੋਰ 'ਚ ਮਹਿਲਾ ਸਿਪਾਹੀਆਂ ਦੀ ਭਰਤੀ ਰਾਹੀਂ ਇਕ ਮਹੱਤਵਪੂਰਨ ਪ੍ਰਾਪਤੀ ਵੀ ਹਾਸਲ ਕੀਤੀ ਗਈ। ਰੱਖਿਆ ਮੰਤਰੀ ਰਾਜਨਾਥ ਸਿੰਘ ਦਾ ਹਮੇਸ਼ਾ ਇਹ ਵਿਚਾਰ ਰਿਹਾ ਹੈ ਕਿ ਔਰਤਾਂ ਨੂੰ ਹਰ ਖੇਤਰ ਵਿਚ ਆਪਣੇ ਪੁਰਸ਼ ਹਮਰੁਤਬਾ ਦੇ ਬਰਾਬਰ ਹੋਣਾ ਚਾਹੀਦਾ ਹੈ।