ਰਾਜੀਵ ਗਾਂਧੀ ਕਤਲ : ਉਮਰ ਕੈਦ ਦੀ ਸਜ਼ਾ ਕੱਟ ਰਹੀ ਨਲਿਨੀ ਨੂੰ ਮਿਲੀ ਇਕ ਮਹੀਨੇ ਦੀ ਪੈਰੋਲ

Friday, Jul 05, 2019 - 05:30 PM (IST)

ਰਾਜੀਵ ਗਾਂਧੀ ਕਤਲ : ਉਮਰ ਕੈਦ ਦੀ ਸਜ਼ਾ ਕੱਟ ਰਹੀ ਨਲਿਨੀ ਨੂੰ ਮਿਲੀ ਇਕ ਮਹੀਨੇ ਦੀ ਪੈਰੋਲ

ਚੇਨਈ— ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਕਤਲ ਦੇ ਮਾਮਲੇ 'ਚ ਉਮਰ ਕੈਦ ਦੀ ਸਜ਼ਾ ਕੱਟ ਰਹੀ ਨਲਿਨੀ ਸ਼੍ਰੀਹਰਨ ਨੂੰ 30 ਦਿਨਾਂ ਨੂੰ ਪੈਰੋਲ ਦੇ ਦਿੱਤੀ ਗਈ ਹੈ। ਨਲਿਨੀ ਨੇ ਆਪਣੀ ਬੇਟੀ ਦਾ ਵਿਆਹ ਕਰਨ ਲਈ ਹਾਈ ਕੋਰਟ 'ਚ ਪਟੀਸ਼ਨ ਦਾਇਰ ਕਰ ਕੇ 6 ਮਹੀਨੇ ਦੀ ਪੈਰੋਲ ਮੰਗੀ ਸੀ। ਸ਼ੁੱਕਰਵਾਰ ਨੂੰ ਹਾਈ ਕੋਰਟ ਨੇ ਉਸ ਦੀ ਪਟੀਸ਼ਨ 'ਤੇ ਸੁਣਵਾਈ ਕਰਦੇ ਹੋਏ ਉਸ ਨੂੰ ਸਿਰਫ਼ ਇਕ ਮਹੀਨੇ ਦੀ ਪੈਰੋਲ ਦਿੱਤੀ ਹੈ।

6 ਮਹੀਨੇ ਦੀ ਮੰਗੀ ਸੀ ਪੈਰੋਲ
ਨਲਿਨੀ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਕਤਲਕਾਂਡ 'ਚ 6 ਹੋਰ ਦੋਸ਼ੀਆਂ ਨਾਲ ਉਮਰ ਕੈਦ ਦੀ ਸਜ਼ਾ ਕੱਟ ਰਹੀ ਹੈ। ਉਸ ਨੇ ਆਪਣੀ ਬੇਟੀ ਦੇ ਵਿਆਹ ਦੀਆਂ ਤਿਆਰੀਆਂ ਲਈ 6 ਮਹੀਨੇ ਦੀ ਪੈਰੋਲ ਮੰਗੀ ਸੀ। ਉਸ ਨੇ ਇਸ ਮਾਮਲੇ 'ਚ ਮਦਰਾਸ ਹਾਈ ਕੋਰਟ 'ਚ ਇਕ ਪਟੀਸ਼ਨ ਦਾਇਰ ਕਰ ਕੇ ਆਪਣੀ ਪੈਰਵੀ ਖੁਦ ਕਰਨ ਦੀ ਮਨਜ਼ੂਰੀ ਮੰਗੀ ਸੀ। ਹਾਈ ਕੋਰਟ ਨੇ ਕਿਹਾ ਸੀ ਕਿ ਕੋਰਟ 'ਚ ਹਾਜ਼ਰ ਹੋ ਕੇ ਆਪਣੀ ਪਟੀਸ਼ਨ ਦੀ ਪੈਰਵੀ ਕਰਨ ਦੇ ਅਧਿਕਾਰ ਤੋਂ ਨਲਿਨੀ ਨੂੰ ਵਾਂਝੇ ਨਹੀਂ ਕੀਤਾ ਜਾ ਸਕਦਾ ਹੈ।

27 ਸਾਲਾਂ ਤੋਂ ਹੈ ਜੇਲ 'ਚ ਬੰਦ
ਦੱਸਣਯੋਗ ਹੈ ਕਿ ਨਲਿਨੀ ਪਿਛਲੇ 27 ਸਾਲਾਂ ਤੋਂ ਜੇਲ 'ਚ ਬੰਦ ਹੈ। ਉਸ ਨੇ ਕਿਹਾ ਕਿ ਉਮਰ ਕੈਦ ਦੀ ਸਜ਼ਾ ਪਾਉਣ ਵਾਲੇ ਕਿਸੇ ਵੀ ਕੈਦੀ ਨੂੰ 2 ਸਾਲ 'ਚ ਇਕ ਮਹੀਨੇ ਦੀ ਛੁੱਟੀ ਲੈਣ ਦਾ ਅਧਿਕਾਰ ਹੈ ਪਰ ਉਸ ਨੇ 27 ਸਾਲਾਂ ਤੱਕ ਜੇਲ 'ਚ ਬੰਦ ਰਹਿਣ ਦੇ ਬਾਵਜੂਦ ਇਸ ਸਹੂਲਤ ਦਾ ਕਦੇ ਲਾਭ ਨਹੀਂ ਲਿਆ। ਉਸ ਨੇ ਕਿਹਾ ਕਿ ਉਸ ਨੂੰ ਆਪਣੀ ਬੇਟੀ ਦੇ ਵਿਆਹ ਦੀਆਂ ਤਿਆਰੀਆਂ ਲਈ 6 ਮਹੀਨੇ ਦੀ ਛੁੱਟੀ ਦਿੱਤੀ ਜਾਵੇ। ਜਿਸ 'ਤੇ ਜਸਟਿਸ ਐੱਮ.ਐੱਮ. ਸੁੰਦਰੇਸ਼ ਅਤੇ ਜੱਜ ਐੱਮ. ਨਿਰਮਲ ਕੁਮਾਰ ਨੇ ਉਸ ਨੂੰ ਪੈਰੋਲ ਦੇ ਦਿੱਤੀ।

2000 'ਚ ਮੌਤ ਦੀ ਸਜ਼ਾ ਉਮਰ ਕੈਦ 'ਚ ਬਦਲੀ
ਨਲਿਨੀ ਨੂੰ ਰਾਜੀਵ ਗਾਂਧੀ ਦੇ ਕਤਲਕਾਂਡ 'ਚ ਮੌਤ ਦੀ ਸਜ਼ਾ ਸੁਣਾਈ ਗਈ ਸੀ ਪਰ ਬਾਅਦ 'ਚ ਤਾਮਿਲਨਾਡੂ ਸਰਕਾਰ ਨੇ 24 ਅਪ੍ਰੈਲ 2000 ਨੂੰ ਇਸ ਨੂੰ ਉਮਰ ਕੈਦ 'ਚ ਬਦਲ ਦਿੱਤਾ। ਉਸ ਦਾ ਦਾਅਵਾ ਹੈ ਕਿ ਮੌਤ ਦੀ ਸਜ਼ਾ ਉਮਰ ਕੈਦ 'ਚ ਬਦਲਣ ਦੇ ਬਾਅਦ ਤੋਂ 10 ਸਾਲ ਜਾਂ ਉਸ ਤੋਂ ਘੱਟ ਸਮੇਂ ਦੀ ਸਜ਼ਾ ਕੱਟ ਚੁਕੇ ਕਰੀਬ 3700 ਕੈਦੀਆਂ ਨੂੰ ਰਾਜ ਸਰਕਾਰ ਰਿਹਾਅ ਕਰ ਚੁਕੀ ਹੈ।


author

DIsha

Content Editor

Related News