ਰਾਜੀਵ ਗਾਂਧੀ ਕਤਲ ਕਾਂਡ ਦੀ ਦੋਸ਼ੀ ਨਲਿਨੀ ਦੀ ਪਟੀਸ਼ਨ ਖਾਰਜ

Thursday, Aug 29, 2019 - 05:09 PM (IST)

ਰਾਜੀਵ ਗਾਂਧੀ ਕਤਲ ਕਾਂਡ ਦੀ ਦੋਸ਼ੀ ਨਲਿਨੀ ਦੀ ਪਟੀਸ਼ਨ ਖਾਰਜ

ਚੇਨਈ (ਭਾਸ਼ਾ)— ਮਦਰਾਸ ਹਾਈ ਕੋਰਟ ਨੇ ਵੀਰਵਾਰ ਨੂੰ ਰਾਜੀਵ ਗਾਂਧੀ ਕਤਲ ਕਾਂਡ ਦੀ ਦੋਸ਼ੀ ਨਲਿਨੀ ਸ਼੍ਰੀਹਰਨ ਦੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ। ਪਟੀਸ਼ਨ ’ਚ ਨਲਿਨੀ ਨੇ ਮਾਮਲੇ ਦੇ ਦੋਸ਼ੀ ਅਤੇ ਉਮਰ ਕੈਦ ਦੀ ਸਜ਼ਾ ਭੁਗਤ ਰਹੇ ਸਾਰੇ 7 ਲੋਕਾਂ ਨੂੰ ਸਮੇਂ ਤੋਂ ਪਹਿਲਾਂ ਰਿਹਾਅ ਕਰਨ ਦੀ ਸਿਫਾਰਸ਼ ’ਤੇ ਫੈਸਲਾ ਕਰਨ ਲਈ ਰਾਜਪਾਲ ’ਤੇ ਜ਼ੋਰ ਪਾਉਣ ਦੇ ਮਕਸਦ ਨਾਲ ਸਰਕਾਰ ਨੂੰ ਨਿਰਦੇਸ਼ ਦੇਣ ਦੀ ਬੇਨਤੀ ਕੀਤੀ ਸੀ। ਜਸਟਿਸ ਆਰ. ਸੁਬਬੈਯਾ ਅਤੇ ਜਸਟਿਸ ਸੀ. ਸਰਵਣਨ ਦੀ ਬੈਂਚ ਨੇ ਪਟੀਸ਼ਨ ਖਾਰਜ ਕਰਦੇ ਹੋਏ ਫੈਸਲੇ ’ਚ ਕਿਹਾ, ‘‘ਪਹਿਲਾਂ ਹੀ ਮੰਤਰੀ ਪਰੀਸ਼ਦ ਨਲਿਨੀ ਅਤੇ ਹੋਰ 6 ਨੂੰ ਸਮੇਂ ਤੋਂ ਪਹਿਲਾਂ ਰਿਹਾਅ ਕਰਨ ਦੀ ਸਿਫਾਰਸ਼ ਰਾਜਪਾਲ ਤੋਂ ਕਰ ਚੁੱਕੀ ਹੈ। ਅਜਿਹੇ ਵਿਚ ਉਸ ਦੀ ਪਟੀਸ਼ਨ ’ਤੇ ਵਿਚਾਰ ਕਰ ਕੇ ਉਨ੍ਹਾਂ ਨੂੰ ਨਿਰਦੇਸ਼ ਦੇਣ ਦੀ ਲੋੜ ਨਹੀਂ।’’ 
ਇੱਥੇ ਦੱਸ ਦੇਈਏ ਕਿ ਨਲਿਨੀ ਨੇ 9 ਸਤੰਬਰ 2018 ਨੂੰ ਪਾਸ ਤਾਮਿਲਨਾਡੂ ਸਰਕਾਰ ਦੇ ਪ੍ਰਸਤਾਵ ਦੇ ਆਧਾਰ ’ਤੇ ਪਟੀਸ਼ਨ ਦਾਇਰ ਕੀਤੀ ਸੀ। ਪ੍ਰਸਤਾਵ ’ਚ ਕੈਬਨਿਟ ਨੇ ਰਾਜਪਾਲ ਤੋਂ ਨਲਿਨੀ, ਉਸ ਦੇ ਪਤੀ ਸ਼੍ਰੀਹਰਨ ਉਰਫ ਮੁਰਗਨ, ਪੇਰਾਰੀਵਲਨ, ਰਾਬਰਟ ਪਯਾਸ, ਜੈਕੁਮਾਰ, ਰਵੀਚੰਦਰਨ ਅਤੇ ਸੰਥਨ ਨੂੰ ਰਿਹਾਅ ਕਰਨ ਦੀ ਸਿਫਾਰਸ਼ ਕੀਤੀ ਸੀ। ਜ਼ਿਕਰਯੋਗ ਹੈ ਕਿ ਐੱਲ. ਟੀ. ਟੀ. ਈ. ਦੇ ਆਤਮਘਾਤੀ ਹਮਲਾਵਰ ਨੇ 21 ਮਈ 1991 ਨੂੰ ਸ਼੍ਰੀਪੇਰੂੰਬਦੁਰ ’ਚ ਆਯੋਜਿਤ ਚੋਣ ਰੈਲੀ ਵਿਚ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦਾ ਕਤਲ ਕਰ ਦਿੱਤਾ ਸੀ। 


author

Tanu

Content Editor

Related News