ਝਾਰਖੰਡ ਦੇ ਲਾਤੇਹਰ ''ਚ 9 ਘੰਟੇ ਤੋਂ ਫਸੀ ਰਾਜਧਾਨੀ ਐਕਸਪ੍ਰੈਸ, ਬੱਸਾਂ ਰਾਹੀਂ ਭੇਜੇ ਗਏ ਯਾਤਰੀ
Thursday, Sep 03, 2020 - 08:14 PM (IST)
ਰਾਂਚੀ - ਧਨਬਾਦ ਰੇਲ ਮੰਡਲ ਦੇ ਸੀ.ਆਈ.ਸੀ. ਸੈਕਸ਼ਨ ਦੇ ਟੋਰੀ 'ਚ ਟਾਨਾ ਭਗਤ ਭਾਈਚਾਰੇ ਦੇ ਰੇਲ ਰੋਕੋ ਅੰਦੋਲਨ ਦੀ ਵਜ੍ਹਾ ਨਾਲ 24 ਘੰਟੇ 'ਚ 28 ਮਾਲਗੱਡੀਆਂ ਪ੍ਰਭਾਵਿਤ ਹੋਈਆਂ ਹਨ। ਵੀਰਵਾਰ ਸਵੇਰੇ ਰਾਂਚੀ ਰਾਜਧਾਨੀ ਐਕਸਪ੍ਰੈਸ ਨੂੰ ਡਾਲਟਨਗੰਜ 'ਚ ਰੋਕਣਾ ਪਿਆ। ਅਜੇ ਵੀ ਅੰਦੋਲਨ ਖ਼ਤਮ ਨਹੀਂ ਹੋਇਆ ਹੈ। ਰੇਲ ਮੰਤਰਾਲਾ ਦੇ ਪੀ.ਆਰ. ਡੀ.ਜੀ. ਨਰਾਇਣ ਨੇ ਦੱਸਿਆ ਕਿ ਲਾਤੇਹਾਰ ਦੇ ਡਾਲਟਨਗੰਜ 'ਚ ਇੱਕ ਰਾਜਧਾਨੀ ਟ੍ਰੇਨ 9 ਘੰਟੇ ਤੋਂ ਫਸੀ ਹੈ। ਕਈ ਜ਼ਰੂਰੀ ਸਾਮਾਨ ਲਿਆ ਰਹੀਆਂ ਟਰੇਨਾਂ ਵੀ ਫਸੀਆਂ ਹਨ। ਅਸੀਂ ਝਾਰਖੰਡ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਟ੍ਰੈਕ ਖਾਲੀ ਕਰਵਾਉਣ, ਪ੍ਰਦਰਸ਼ਨਕਾਰੀਆਂ ਨੂੰ ਟ੍ਰੇਨ ਰੋਕਣ ਦਾ ਅਧਿਕਾਰ ਨਹੀਂ ਹੈ।
ਪਲਾਮੂ ਦੇ ਡਿਪਟੀ ਕਮਿਸ਼ਨਰ ਸ਼ਸ਼ੀ ਰੰਜਨ ਨੇ ਦੱਸਿਆ ਕਿ ਰਾਂਚੀ ਰਾਜਧਾਨੀ ਦੇ 714 ਮੁਸਾਫਰਾਂ ਨੂੰ ਡਾਲਟਨਗੰਜ ਤੋਂ ਦੁਪਹਿਰ ਲੱਗਭੱਗ ਇੱਕ ਵਜੇ ਰਾਂਚੀ ਅਤੇ ਉਨ੍ਹਾਂ ਦੇ ਹੋਰ ਮੰਜ਼ਿਲ ਸਥਾਨਾਂ ਲਈ ਰਵਾਨਾ ਕੀਤਾ ਗਿਆ। ਰੇਲਵੇ ਨੇ ਮੁਸਾਫਰਾਂ ਲਈ ਕੁਲ 32 ਬੱਸਾਂ ਦੀ ਵਿਵਸਥਾ ਸੂਬਾ ਸਰਕਾਰ ਦੇ ਸਹਿਯੋਗ ਨਾਲ ਕੀਤੀ ਹੈ।
ਦੱਸ ਦਈਏ ਕਿ ਝਾਰਖੰਡ ਦੇ ਟਾਨਾ ਭਗਤ ਆਪਣੇ ਹੱਕ ਲਈ ਅੰਦੋਲਨ ਕਰ ਰਹੇ ਹਨ, ਜਿਸ ਕਾਰਨ ਵੀਰਵਾਰ ਨੂੰ ਧਨਬਾਦ ਰੇਲਖੰਡ 'ਤੇ ਰੇਲ ਆਵਾਜਾਈ ਰੁਕੀ ਹੋਈ ਹੈ। ਰਾਂਚੀ ਰਾਜਧਾਨੀ ਐਕਸਪ੍ਰੈਸ ਡਾਲਟਨਗੰਜ ਰੇਲਵੇ ਸਟੇਸ਼ਨ 'ਤੇ ਖੜੀ ਹੈ। ਆਲ ਇੰਡੀਆ ਨੈਸ਼ਨਲ ਫ੍ਰੀਡਮ ਫਾਈਟਰ ਟਾਨਾ ਭਗਤ ਭਾਈਚਾਰੇ ਛੋਟਾਨਾਗਪੁਰ ਕਾਸ਼ਤਕਾਰੀ ਐਕਟ ਦੇ ਤਹਿਤ ਆਪਣੀ ਜ਼ਮੀਨ ਵਾਪਸ ਕਰਨ ਦੀ ਮੰਗ ਕਰ ਰਹੇ ਹਨ। ਉਹ ਆਪਣੀ ਜ਼ਮੀਨ ਨੂੰ ਲਗਾਨ ਮੁਕਤ ਕਰਨ ਦੀ ਵੀ ਮੰਗ ਕਰ ਰਹੇ ਹੈ।