ਰਾਜਸਥਾਨ ਦੀ ਇਕ ਕੁੜੀ ਇਕੱਲਿਆਂ ਹੀ ਸਕੂਟਰ ’ਤੇ ਜਾਏਗੀ ਕੰਨਿਆਕੁਮਾਰੀ
Tuesday, Dec 03, 2019 - 01:45 AM (IST)

ਜੈਪੁਰ – ਰਾਜਸਥਾਨ ਦੀ ਇਕ ਕੁੜੀ ਲਗਭਗ 3200 ਕਿਲੋਮੀਟਰ ਦਾ ਸਫਰ ਆਪਣੇ ਸਕੂਟਰ ’ਤੇ ਇਕੱਲਿਆਂ ਹੀ ਤੈਅ ਕਰ ਕੇ ਇਹ ਸੰਦੇਸ਼ ਦੇਣ ਲਈ ਕੰਨਿਆਕੁਮਾਰੀ ਜਾਏਗੀ ਕਿ ਹੈਦਰਾਬਾਦ ਵਿਖੇ ਇਕ ਪਸ਼ੂ ਡਾਕਟਰ ਨਾਲ ਹੋਏ ਜਬਰ-ਜ਼ਨਾਹ ਅਤੇ ਹੱਤਿਆ ਵਰਗੇ ਅਪਰਾਧ ਦੇ ਬਾਵਜੂਦ ਕੁੜੀਆਂ ਅਤੇ ਔਰਤਾਂ ਨੂੰ ਆਪਣੇ ਘਰਾਂ ਵਿਚ ਕੈਦ ਨਹੀਂ ਰਹਿਣਾ ਚਾਹੀਦਾ। ਉਨ੍ਹਾਂ ਨੂੰ ਆਪਣੇ ਇਰਾਦੇ ਬੁਲੰਦ ਰੱਖਣੇ ਚਾਹੀਦੇ ਹਨ।
ਉਦੇਪੁਰ ਦੀ ਰਹਿਣ ਵਾਲੀ 28 ਸਾਲਾ ਨੀਤੂ ਚੋਪੜਾ ਨੇ ਸੋਮਵਾਰ ਕਿਹਾ ਕਿ ਉਹ ਰਾਜਸਥਾਨ ਦੇ ਬਾਲੋਤਰਾ ਤੋਂ ਵੀਰਵਾਰ ਕੰਨਿਆਕੁਮਾਰੀ ਦਾ ਸਫਰ ਆਪਣੇ ਸਕੂਟਰ ’ਤੇ ਸ਼ੁਰੂ ਕਰੇਗੀ। ਇਸ ਸ਼ਹਿਰ ਤੋਂ ਕੰਨਿਆਕੁਮਾਰੀ ਦੀ ਦੂਰੀ ਲਗਭਗ 3200 ਕਿਲੋਮੀਟਰ ਹੈ। ਉਸ ਨੇ ਕਿਹਾ ਕਿ ਉਹ ਆਪਣਾ ਸਫਰ ਸ਼ੁਰੂ ਕਰਨ ਤੋਂ ਪਹਿਲਾਂ ਮੁੱਖ ਮੰਤਰੀ ਅਸ਼ੋਕ ਚਵਾਨ ਨਾਲ ਉਨ੍ਹਾਂ ਦੇ ਦਫਤਰ ਵਿਚ ਮੁਲਾਕਾਤ ਕਰੇਗੀ। ਉਸ ਨੇ ਐਤਵਾਰ ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨਾਲ ਜੋਧਪੁਰ ਵਿਚ ਮੁਲਾਕਾਤ ਕੀਤੀ ਸੀ। ਉਸ ਨੇ ਕਿਹਾ ਕਿ ਹੈਦਰਾਬਾਦ ਵਿਚ ਸਕੂਟਰ ਸਵਾਰ ਔਰਤ ਦੀ ਜਬਰ-ਜ਼ਨਾਹ ਪਿੱਛੋਂ ਹੱਤਿਆ ਕਰਨ ਵਾਲੇ ਅੱਤਵਾਦੀ ਹਨ। ਮੇਰਾ ਮਿਸ਼ਨ ਅਜਿਹੇ ਅੱਤਵਾਦੀਆਂ ਵਿਰੁੱਧ ਲੜਨਾ ਹੈ। ਮੈਂ ਖੁਦ ਨੂੰ ਇਕ ਫੌਜੀ ਮੰਨਦੀ ਹਾਂ। ਇਕੱਲੀ ਸਫਰ ਕਰਨ ਤੋਂ ਡਰਦੀ ਨਹੀਂ।
ਐੱਨ. ਸੀ. ਸੀ. ਦੀ ਕੈਡਿਟ ਰਹਿ ਚੁੱਕੀ ਨੀਤੂ ਨੇ ਕਿਹਾ ਕਿ ਕੁੜੀਆਂ ਨੂੰ ਆਜ਼ਾਦੀ ਲਈ ਪ੍ਰੇਰਿਤ ਕਰਨਾ ਅਤੇ ਅਜਿਹੀਆਂ ਘਟਨਾਵਾਂ ਤੋਂ ਡਰੇ ਬਿਨਾਂ ਅੱਗੇ ਵਧਣ ਲਈ ਤਿਆਰ ਕਰਨਾ ਮੇਰਾ ਮਿਸ਼ਨ ਹੈ। ਮੇਰੇ ਪਰਿਵਾਰਕ ਮੈਂਬਰ, ਦੋਸਤ ਅਤੇ ਸ਼ੁਭਚਿੰਤਕ ਮੇਰੇ ਇਕੱਲੇ ਸਫਰ ਕਰਨ ਦੇ ਫੈਸਲੇ ਕਾਰਣ ਡਰੇ ਹੋਏ ਹਨ ਪਰ ਮੈਂ ਇਕੱਲਿਆਂ ਹੀ 3200 ਕਿਲੋਮੀਟਰ ਦਾ ਸਫਰ ਕਰਨ ਦਾ ਪੱਕਾ ਫੈਸਲਾ ਕਰ ਲਿਆ ਹੈ।