ਹਸਪਤਾਲ ਤੋਂ ਛੁੱਟੀ ਮਿਲਣ ਦੇ 7 ਦਿਨਾਂ ਬਾਅਦ ਹੀ ਅਧਿਆਪਕ ਮੁੜ ਕੋਰੋਨਾ ਪਾਜ਼ੇਟਿਵ, ਡਾਕਟਰਾਂ ਦੇ ਉੱਡੇ ਹੋਸ਼

08/01/2020 5:58:27 PM

ਭਰਤਪੁਰ- ਰਾਜਸਥਾਨ ਦੇ ਭਰਤਪੁਰ 'ਚ ਕੋਵਿਡ-19 ਇਨਫੈਕਸ਼ਨ ਨੂੰ ਮਾਤ ਦੇ ਕੇ ਘਰ ਪਹੁੰਚੇ ਇਕ ਅਧਿਆਪਕ ਦੇ 7 ਦਿਨਾਂ ਬਾਅਦ ਹੀ ਇਕ ਵਾਰ ਫਿਰ ਕੋਰੋਨਾ ਇਨਫੈਕਸ਼ਨ ਦਾ ਸ਼ਿਕਾਰ ਹੋਣ ਨਾਲ ਇੱਥੇ ਮੈਡੀਕਲ ਵਿਭਾਗ ਦੇ ਹੋਸ਼ ਉੱਡ ਗਏ ਹਨ। ਅਧਿਆਪਕ ਦੇ ਸਰੀਰ 'ਚ ਐਂਟੀਬਾਡੀ ਬਣਨ ਦੇ ਬਾਵਜੂਦ ਉਸ ਦੇ ਮੁੜ ਕੋਰੋਨਾ ਪਾਜ਼ੇਟਿਵ ਹੋਣ ਨਾਲ ਇਸ ਮਾਮਲੇ ਤੋਂ ਬਾਅਦ ਉਸ ਨੂੰ ਆਰ.ਬੀ.ਐੱਮ. ਹਸਪਤਾਲ ਦੇ ਕੋਵਿਡ ਵਾਰਡ 'ਚ ਦਾਖ਼ਲ ਕਰਵਾਇਆ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਰੂਪਵਾਸ ਦੇ ਨਗਲਾ ਧੌਰ ਦਾ ਵਾਸੀ ਸ਼ੁਭਮ ਚੌਧਰੀ ਮੌਜੂਦਾ ਸਮੇਂ ਸਰਕਾਰੀ ਹਾਈ ਪ੍ਰਾਇਮਰੀ ਸਕੂਲ ਲਾਲਪੁਰ ਕਾਮਾਂ 'ਚ ਅਧਿਆਪਕ ਦੇ ਅਹੁਦੇ 'ਤੇ ਤਾਇਨਾਤ ਹੈ।

ਸ਼੍ਰੀ ਚੌਧਰੀ ਨੇ ਦੱਸਿਆ ਕਿ ਛਾਤੀ 'ਚ ਦਰਦ, ਬੁਖਾਰ, ਖੰਘ ਅਤੇ ਅਕੜਨ ਹੋਣ 'ਤੇ ਹੋਈ ਕੋਰੋਨਾ ਜਾਂਚ 'ਚ ਉਹ ਪਹਿਲੀ ਵਾਰ 13 ਜੁਲਾਈ ਨੂੰ ਪਾਜ਼ੇਟਿਵ ਆਇਆ ਸੀ। ਉਸ ਨੇ 10 ਦਿਨ ਤੱਕ ਆਰ.ਬੀ.ਐੱਮ. ਹਸਪਤਾਲ 'ਚ ਦਾਖ਼ਲ ਰਹਿ ਕੇ ਆਪਣਾ ਇਲਾਜ ਕਰਵਾਇਆ ਅਤੇ ਜਦੋਂ ਉਹ ਸਿਹਤਮੰਦ ਹੋ ਗਿਆ ਤਾਂ 23 ਜੁਲਾਈ ਨੂੰ ਰਿਪੋਰਟ ਨੈਗੇਟਿਵ ਆਉਣ 'ਤੇ ਉਸ ਨੂੰ ਘਰ ਭੇਜ ਦਿੱਤਾ ਗਿਆ ਪਰ 30 ਜੁਲਾਈ ਨੂੰ ਉਹ ਫਿਰ ਪਾਜ਼ੇਟਿਵ ਹੋ ਗਿਆ। ਅਧਿਆਪਕ ਆਰ.ਬੀ.ਐੱਮ. ਹਸਪਤਾਲ ਦੇ ਕੋਵਿਡ ਵਾਰਡ 'ਚ ਦਾਖ਼ਲ ਹੋ ਕੇ ਆਪਣਾ ਇਲਾਜ ਕਰਵਾ ਰਿਹਾ ਹੈ।


DIsha

Content Editor

Related News